ਦਿੱਲੀ ਗਈਆਂ ਪੰਜਾਬ ਰੋਡਵੇਜ਼ ਦੀਆਂ 2 ਬੱਸਾਂ ਦੇ ਹੋਏ ਚਲਾਨ

11/29/2019 9:48:03 AM

ਚੰਡੀਗੜ੍ਹ (ਭੁੱਲਰ) : ਪੰਜਾਬ ਤੋਂ ਦਿੱਲੀ ਗਈਆਂ ਪੰਜਾਬ ਰੋਡਵੇਜ਼ ਦੀਆਂ 2 ਬੱਸਾਂ ਦਾ ਪ੍ਰਦੂਸ਼ਣ ਨਿਯਮਾਂ ਦੇ ਉਲੰਘਣ 'ਚ ਚਲਾਨ ਹੋਣ ਦੀ ਜਾਣਕਾਰੀ ਮਿਲੀ ਹੈ। ਭਾਵੇਂ ਰਾਜ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਚਲਾਨ ਹੋਣ ਦੀ ਗੱਲ ਦੀ ਪੁਸ਼ਟੀ ਤਾਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਖੁਦ ਵੀ ਇਹ ਸਪੱਸ਼ਟ ਨਹੀਂ ਕਿ ਕਿਸ ਆਧਾਰ 'ਤੇ ਇਹ ਚਲਾਨ ਕੱਟੇ ਗਏ ਹਨ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਲਾਨ ਬਾਰੇ ਸਬੰਧਤ ਵਿਭਾਗ ਤੋਂ ਪੂਰੀ ਜਾਣਕਾਰੀ ਲੈ ਕੇ ਹੀ ਅਗਲਾ ਕਦਮ ਚੁੱਕਿਆ ਜਾਵੇਗਾ।

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਦਿੱਲੀ ਜਾ ਰਹੀਆਂ ਪੰਜਾਬ ਰੋਡਵੇਜ਼ ਬੱਸਾਂ ਦੀ ਚੈਕਿੰਗ ਦੌਰਾਨ ਦਿੱਲੀ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ 'ਤੇ ਹੀ ਇਹ ਕਾਰਵਾਈ ਕੀਤੀ ਗਈ ਹੈ। ਚੈਕਿੰਗ ਦੌਰਾਨ ਪੰਜਾਬ ਰੋਡਵੇਜ਼ ਦੇ ਸਟਾਫ਼ ਮੈਂਬਰ ਪ੍ਰਦੂਸ਼ਣ ਸਬੰਧੀ ਕੋਈ ਸਰਟੀਫਿਕੇਟ ਜਾਂ ਦਸਤਾਵੇਜ਼ ਮੌਕੇ 'ਤੇ ਨਹੀਂ ਪੇਸ਼ ਕਰ ਸਕੇ, ਜਿਸ ਕਰ ਕੇ 1-1 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਇਸ ਦੇ ਰੀਵਿਊ ਲਈ ਟ੍ਰਿਬਿਊਨਲ ਕੋਲ ਰੀਵਿਊ ਪਟੀਸ਼ਨ ਪਾਈ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹਿਲਾਂ ਹੀ ਦਿੱਲੀ ਸਰਕਾਰ ਵਲੋਂ ਦਸਤਾਵੇਜ਼ਾਂ ਦੀ ਕਮੀ ਦੀ ਗੱਲ ਕਹਿ ਕੇ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਤੇ ਰੋਕ ਲਾਈ ਹੋਈ ਹੈ। ਇਸ ਸਬੰਧੀ ਰਾਜ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਾ ਵੀ ਐਲਾਨ ਕੀਤਾ ਗਿਆ ਹੈ। ਹੁਣ ਦਿੱਲੀ 'ਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਚਲਾਨ ਹੋਣ ਤੋਂ ਬਾਅਦ ਇਹ ਮਾਮਲਾ ਵੀ ਰਾਜ ਦੀ ਟਰਾਂਸਪੋਰਟ ਮੰਤਰੀ ਵਲੋਂ ਕੇਜਰੀਵਾਲ ਨੂੰ ਮਿਲਣ ਸਮੇਂ ਉਨ੍ਹਾਂ ਕੋਲ ਉਠਾਇਆ ਜਾ ਸਕਦਾ ਹੈ।


cherry

Content Editor

Related News