ਹੁਣ ਪੰਜਾਬ ''ਚ ਸੇਵਾਮੁਕਤੀ ਤੋਂ ਬਾਅਦ ਨਹੀਂ ਮਿਲੇਗਾ ਸੇਵਾਕਾਲ ''ਚ ਵਾਧਾ

Friday, Sep 13, 2019 - 10:31 AM (IST)

ਚੰਡੀਗੜ੍ਹ (ਸ਼ਰਮਾ) : ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਸੇਵਾਕਾਲ 'ਚ ਸੇਵਾਮੁਕਤੀ ਤੋਂ ਬਾਅਦ 2 ਸਾਲ ਦੇ ਵਾਧੇ 'ਤੇ ਪੰਜਾਬ ਸਰਕਾਰ ਹੌਲੀ-ਹੌਲੀ ਬਰੇਕ ਲਾਉਣ ਜਾ ਰਹੀ ਹੈ। ਇਸ ਦੀ ਸ਼ੁਰੂਆਤ ਇਸ ਦੇ ਅਦਾਰਿਆਂ ਤੋਂ ਕੀਤੀ ਗਈ ਹੈ। ਕੇਂਦਰੀ ਫੂਡ ਸਪਲਾਈ ਭੰਡਾਰ ਲਈ ਰਾਜ ਵੱਲੋਂ ਫੂਡ ਸਪਲਾਈ ਦੀ ਖਰੀਦ ਦਾ ਕੰਮ ਵਾਪਸ ਲੈਣ ਤੋਂ ਬਾਅਦ ਪੰਜਾਬ ਐਗਰੋ ਫੂਡ ਗਰੇਨ ਦੇ ਡਾਇਰੈਕਟਰ ਮੰਡਲ ਨੇ ਆਪਣੇ ਵਿਭਾਗ 'ਚ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਸੇਵਾਕਾਲ 'ਚ ਸੇਵਾਮੁਕਤੀ ਤੋਂ ਬਾਅਦ ਵਾਧਾ ਕਰਨ ਤੋਂ ਮਨ੍ਹਾ ਕਰਦੇ ਹੋਏ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨਿਸ਼ਚਿਤ ਤਾਰੀਖ 'ਤੇ ਸੇਵਾਮੁਕਤ ਕਰ ਦਿੱਤਾ ਸੀ।
ਹੁਣ ਪਿਛਲੇ ਦਿਨੀਂ ਸਹਿਕਾਰਤਾ ਵਿਭਾਗ ਦੇ ਰਜਿਸਟਰਾਰ ਨੇ ਇਕ ਹੁਕਮ ਜਾਰੀ ਕਰ ਕੇ ਰਾਜ ਦੀਆਂ ਸਾਰੀਆਂ ਸਹਿਕਾਰਤਾ ਸੰਸਥਾਵਾਂ ਦੇ ਮੁਖੀਆਂ ਨੂੰ ਕਿਹਾ ਹੈ ਕਿ ਭਵਿੱਖ 'ਚ ਉਨ੍ਹਾਂ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੇ ਕਾਰਜਕਾਲ 'ਚ ਵਾਧਾ ਨਾ ਕੀਤਾ ਜਾਵੇ। ਹੁਕਮ 'ਚ ਕਿਹਾ ਗਿਆ ਹੈ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ 'ਚ ਪਿਛਲੇ 3 ਸਤੰਬਰ ਨੂੰ ਆਯੋਜਿਤ ਬੈਠਕ 'ਚ ਚਰਚਾ ਤੋਂ ਬਾਅਦ ਮੰਤਰੀ ਵੱਲੋਂ ਹੁਕਮ ਦਿੱਤੇ ਗਏ ਕਿ ਰਾਜ ਦੀਆਂ ਸਾਰੀਆਂ ਸਹਿਕਾਰਤਾ ਸੰਸਥਾਵਾਂ/ਸਭਾਵਾਂ ਦੇ ਕਰਮਚਾਰੀਆਂ ਦੇ ਸੇਵਾਕਾਲ 'ਚ ਸੇਵਾਮੁਕਤੀ ਤੋਂ ਬਾਅਦ ਕੋਈ ਵਾਧਾ ਨਾ ਕੀਤਾ ਜਾਵੇ।
ਹੁਕਮ 'ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪਹਿਲਾਂ ਤੋਂ ਸੇਵਾਮੁਕਤੀ ਤੋਂ ਬਾਅਦ ਸੇਵਾਕਾਲ 'ਚ ਵਾਧੇ ਦਾ ਇਕ ਜਾਂ ਦੋ ਸਾਲ ਦਾ ਲਾਭ ਉਠਾ ਰਹੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਇਸ ਵਾਧੇ ਦੀ ਸਮਾਂ ਹੱਦ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਕਤ ਸਮਝਿਆ ਜਾਵੇ। ਸਹਿਕਾਰਤਾ ਵਿਭਾਗ ਦੇ ਇਸ ਹੁਕਮ ਤੋਂ ਬਾਅਦ ਪੰਜਾਬ ਸਰਕਾਰ ਦੇ ਅਦਾਰਿਆਂ ਮਾਰਕਫੈੱਡ, ਸ਼ੂਗਰਫੈੱਡ, ਮਿਲਕਫੈੱਡ ਅਤੇ ਹਾਊਸਫੈੱਡ ਸਮੇਤ ਸਾਰੀਆਂ ਸਹਿਕਾਰਤਾ ਸੰਸਥਾਵਾਂ ਅਤੇ ਸਭਾਵਾਂ 'ਚ ਇਹ ਹੁਕਮ ਲਾਗੂ ਹੋ ਗਿਆ ਹੈ।


Babita

Content Editor

Related News