ਮੋਦੀ ਸਰਕਾਰ ਦੇ ਝੂਠੇ ਚੋਣ ਵਾਅਦਿਆਂ ਦਾ ਬੂਥ ਪੱਧਰ ਤਕ ਕਰਾਂਗੇ ਪ੍ਰਚਾਰ : ਮਮਤਾ ਭੂਪੇਸ਼
Thursday, Apr 05, 2018 - 07:09 AM (IST)

ਜਲੰਧਰ (ਚੋਪੜਾ) - ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਮੋਦੀ ਸਰਕਾਰ ਦੇ ਝੂਠੇ ਚੋਣ ਵਾਅਦਿਆਂ ਅਤੇ ਜੁਮਲਿਆਂ ਦਾ ਯੂਥ ਪੱਧਰ ਤਕ ਜਾ ਕੇ ਲੋਕਾਂ ਦਰਮਿਆਨ ਪ੍ਰਚਾਰ ਕਰੇਗੀ। ਉਕਤ ਸ਼ਬਦ ਮਹਿਲਾ ਕਾਂਗਰਸ ਦੀ ਨਵ-ਨਿਯੁਕਤ ਸੂਬਾਈ ਇੰਚਾਰਜ ਮਮਤਾ ਭੂਪੇਸ਼ ਨੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮਹਿਲਾ ਕਾਂਗਰਸ ਦੇ ਸੂਬਾਈ ਅਹੁਦੇਦਾਰਾਂ ਅਤੇ ਜ਼ਿਲਾ ਪ੍ਰਧਾਨਾਂ ਨਾਲ ਇਕ ਬੈਠਕ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਦੇ ਲੋਕਾਂ ਨੂੰ ਚੰਗੇ ਦਿਨਾਂ ਦੇ ਸੁਪਨੇ ਦਿਖਾ ਕੇ ਸੱਤਾ ਹਾਸਲ ਕੀਤੀ ਪਰ ਪਿਛਲੇ 4 ਸਾਲਾਂ ਵਿਚ ਲੋਕਾਂ 'ਤੇ ਨੋਟਬੰਦੀ, ਜੀ. ਐੱਸ. ਟੀ. ਵਰਗੇ ਤਾਨਾਸ਼ਾਹੀ ਫੈਸਲੇ ਠੋਸ ਕੇ ਅਰਥ ਵਿਵਸਥਾ ਦਾ ਜਨਾਜ਼ਾ ਕੱਢ ਦਿੱਤਾ।
ਮਮਤਾ ਦੱਤਾ ਨੇ ਕਿਹਾ ਕਿ ਲੋਕ 2017 ਦੀਆਂ ਵਿਧਾਨ ਸਭਾ ਚੋਣਾਂ ਵਾਂਗ 2019 ਵਿਚ ਲੋਕ ਸਭਾ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਜਪਾ ਨੂੰ ਸਬਕ ਸਿਖਾਉਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਕਾਰਨ ਪੰਜਾਬ ਮੁੜ ਵਿਕਾਸ ਦੀ ਲੀਹ 'ਤੇ ਆ ਗਿਆ ਹੈ। ਦੱਤਾ ਨੇ ਸੂਬਾਈ ਇੰਚਾਰਜ ਸਮੇਤ ਸਭ ਅਹੁਦੇਦਾਰਾਂ ਨਾਲ ਸੰਗਠਨ ਦੇ ਭਵਿੱਖ ਦੇ ਪ੍ਰੋਗਰਾਮਾਂ ਅਤੇ ਰਣਨੀਤੀ 'ਤੇ ਵਿਸਥਾਰ ਨਾਲ ਚਰਚਾ ਕੀਤੀ।
ਇਸ ਮੌਕੇ ਫਿਰੋਜ਼ਪੁਰ ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਵਿਧਾਇਕ ਸਤਿਕਾਰ, ਜ਼ਿਲਾ ਮਹਿਲਾ ਕਾਂਗਰਸ ਜਲੰਧਰ ਦੀ ਪ੍ਰਧਾਨ ਅਤੇ ਕੌਂਸਲਰ ਡਾ. ਜਸਲੀਨ ਸੇਠੀ, ਸਵਰਨਜੀਤ ਕੌਰ, ਲੀਨਾ ਟਪਾਰੀਆ, ਗੁਰਦੀਪ ਕੌਰ, ਗੁਰਸ਼ਰਨ ਕੌਰ ਰੰਧਾਵਾ, ਕਿਰਨ ਢਿੱਲੋਂ, ਰਮੇਸ਼ ਰਾਣੀ, ਜਤਿੰਦਰ ਕੌਰ ਸੋਨੀਆ, ਮਹਿੰਦਰ ਕੌਰ ਬੋਪਾਰਾਏ, ਵੀਰਪਾਲ ਕੌਰ, ਮੀਨਾ ਮਸੀਹ, ਡਾ. ਸੁਖਚੈਨ ਕੌਰ, ਜਸਵੀਰ ਕੌਰ, ਅਨੀਤਾ ਵਰਮਾ, ਤ੍ਰਿਪਤਾ ਠਾਕੁਰ ਅਤੇ ਹੋਰ ਵੀ ਹਾਜ਼ਰ ਸਨ।