PPCC ਦੇ ਸੂਬਾ ਕਨਵੀਨਰ ਮਾਨ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

Sunday, Jul 14, 2019 - 04:08 PM (IST)

PPCC ਦੇ ਸੂਬਾ ਕਨਵੀਨਰ ਮਾਨ ਨੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਭਵਾਨੀਗੜ੍ਹ (ਵਿਕਾਸ, ਕਾਂਸਲ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਯੂਥ ਐਂਡ ਵੈੱਲਫੇਅਰ ਸੈੱਲ ਦੇ ਸੂਬਾ ਕਨਵੀਨਰ ਤੇ ਆਲ ਇੰਡੀਆ ਜਾਟ ਮਹਾਂ ਸਭਾ ਦੇ ਸੂਬਾ ਸਕੱਤਰ ਤਲਵਿੰਦਰ ਸਿੰਘ ਮਾਨ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ।

ਇਸ ਮੌਕੇ ਮਾਨ ਨੇ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਪਾਰਟੀ ਵਿਚ ਮਿਹਨਤੀ ਆਗੂਆਂ ਦੀ ਲਗਾਤਾਰ ਹੁੰਦੀ ਆ ਰਹੀ ਬੇਕਦਰੀ ਤੋਂ ਨਿਰਾਸ਼ ਹੋ ਕੇ ਉਨ੍ਹਾਂ ਪਾਰਟੀ ਤੋਂ ਕਿਨਾਰਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਵਿਚ ਰਹਿੰਦਿਆਂ ਬਹੁਤ ਘੁੱਟਣ ਮਹਿਸੂਸ ਕਰ ਰਹੇ ਸਨ ਤੇ ਅੱਜ ਉਹ ਕਾਂਗਰਸ ਹਾਈਕਮਾਂਡ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਆਲ ਇੰਡੀਆ ਜਾਟ ਮਹਾਂਸਭਾ ਦੇ ਕੌਮੀ ਪ੍ਰਧਾਨ ਹਨ ਸਮੇਤ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਆਪਣਾ ਅਸਤੀਫਾ ਭੇਜ ਰਹੇ ਹਨ। ਮਾਨ ਨੇ ਕਾਂਗਰਸ 'ਤੇ ਵਰਦਿਆਂ ਕਿਹਾ ਕਿ ਸੂਬੇ ਵਿਚ ਅਕਾਲੀ ਸਰਕਾਰ ਦੌਰਾਨ ਜਦੋਂ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਹਾਸ਼ੀਏ 'ਤੇ ਸੀ ਤਾਂ ਉਸ ਵੇਲੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਵੱਲੋਂ ਪਿੰਡ-ਪਿੰਡ ਜਾ ਕੇ ਜਾਗੋ ਪੰਜਾਬ ਲਹਿਰ ਚਲਾਈ ਪਰੰਤੂ ਨਿਰਾਸ਼ਾ ਵਾਲੀ ਗੱਲ ਹੈ ਕਿ ਇਸ ਲਹਿਰ ਦੇ ਤਹਿਤ ਪਾਰਟੀ ਨਾਲ ਜੁੜੇ ਸਾਰੇ ਨੌਜਵਾਨ ਆਗੂਆਂ ਨੂੰ ਅੱਜ ਅੱਖੋ ਪਰੋਖੇ ਕੀਤਾ ਹੋਇਆ ਹੈ। ਨਾਲ ਹੀ ਮਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਜੋ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਵੀ ਦਰਜ ਹਨ,'ਚੋਂ ਇਕ ਵੀ ਅਪਣਾ ਵਾਅਦਾ ਕਾਂਗਰਸ ਨੇ ਪੂਰਾ ਨਹੀਂ ਕੀਤਾ। ਮਾਨ ਨੇ ਕਿਹਾ ਕਿ ਸੂਬੇ ਵਿਚ ਨੌਜਵਾਨਾਂ ਨੂੰ ਸਮਾਰਟਫੋਨ, ਘਰ-ਘਰ ਨੌਕਰੀ ਸਮੇਤ ਕਿਸਾਨਾਂ ਦਾ ਪੂਰਨ ਕਰਜ਼ਾ ਮੁਆਫ਼ੀ ਤੇ ਨਸ਼ਿਆਂ 'ਤੇ ਲਗਾਮ ਲਗਾਉਣ ਵਿਚ ਕੈਪਟਨ ਸਰਕਾਰ ਢਾਈ ਸਾਲਾਂ ਦੌਰਾਨ ਪੂਰੀ ਤਰ੍ਹਾਂ ਨਾਲ ਅਸਫਲ ਹੋਈ ਹੈ।


author

cherry

Content Editor

Related News