ਪੰਜਾਬ ਪੁਲਸ ਡਰੋਨ ਦੀ ਸਮੱਸਿਆ ਨਾਲ ਨਜਿੱਠਣ ਲਈ ਇਸਰਾਈਲ ਤੋਂ ਖਰੀਦੇਗੀ ਸਾਜ਼ੋ-ਸਾਮਾਨ

Friday, Dec 27, 2019 - 08:38 PM (IST)

ਪੰਜਾਬ ਪੁਲਸ ਡਰੋਨ ਦੀ ਸਮੱਸਿਆ ਨਾਲ ਨਜਿੱਠਣ ਲਈ ਇਸਰਾਈਲ ਤੋਂ ਖਰੀਦੇਗੀ ਸਾਜ਼ੋ-ਸਾਮਾਨ

ਜਲੰਧਰ, (ਧਵਨ)— ਸਰਹੱਦ ਪਾਰੋਂ ਪਿਛਲੇ ਕੁਝ ਸਮੇਂ ਦੌਰਾਨ ਡਰੋਨ ਵਲੋਂ ਹਥਿਆਰ ਅਤੇ ਗੋਲਾ-ਬਾਰੂਦ ਪੰਜਾਬ 'ਚ ਸੁੱਟੇ ਜਾਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਹਦਾਇਤਾਂ 'ਤੇ ਪੰਜਾਬ ਪੁਲਸ ਨੇ ਇਸਰਾਈਲ ਤੋਂ ਸਾਜ਼ੋ-ਸਾਮਾਨ ਖ਼ਰੀਦਣ ਦਾ ਵਿਚਾਰ ਬਣਾਇਆ ਹੈ। ਇਸ ਸਾਜ਼ੋ-ਸਾਮਾਨ ਦੀ ਮਦਦ ਨਾਲ ਸਰਹੱਦ ਪਾਰੋਂ ਹੋਣ ਵਾਲੇ ਡਰੋਨ ਹਮਲਿਆਂ ਤੋਂ ਬਚਾਅ ਲਈ ਯੋਜਨਾ 'ਤੇ ਗੰਭੀਰਤਾ ਨਾਲ ਵਿਚਾਰ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੀ ਸੁਰੱਖਿਆ ਨਾਲ ਸਬੰਧਤ ਹਰ ਸੰਭਵ ਕਦਮ ਚੁੱਕਣ ਲਈ ਪੰਜਾਬ ਪੁਲਸ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਸੂਤਰਾਂ ਮੁਤਾਬਕ ਇਸਰਾਈਲ ਕੋਲ ਅਜਿਹੇ ਅਤਿ-ਆਧੁਨਿਕ ਸਾਜ਼ੋ-ਸਾਮਾਨ ਮੌਜੂਦ ਹਨ ਜਿਹੜੇ ਡਰੋਨ ਅਤੇ ਉਸ ਨੂੰ ਚਲਾਉਣ ਵਾਲੇ ਸਾਜ਼ੋ-ਸਾਮਾਨ ਦੋਵਾਂ ਨੂੰ ਜਾਮ ਕਰਨ ਦੀ ਸਮਰਥਾ ਰੱਖਦੇ ਹਨ। ਭਾਵੇਂ ਅਜੇ ਪੁਲਸ ਵਿਭਾਗ ਇਸ ਨਵੀਂ ਤਕਨੀਕ ਅਤੇ ਸਾਜ਼ੋ-ਸਾਮਾਨ ਨੂੰ ਖ਼ਰੀਦਣ ਦੇ ਸਬੰਧ 'ਚ ਮੁੱਢਲੇ ਤੌਰ 'ਤੇ ਹੀ ਵਿਚਾਰ ਕਰ ਸਕਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਸਮਿਆਂ 'ਚ ਜਿਸ ਤਰ੍ਹਾਂ ਡਰੋਨ ਹਮਲੇ ਹੋਏ ਹਨ, ਨੂੰ ਦੇਖਦਿਆਂ ਰਾਜ ਸਰਕਾਰ ਅਤੇ ਰਾਜ ਪੁਲਸ ਦੋਵੇਂ ਗੰਭੀਰਤਾ ਨਾਲ ਇਨ੍ਹਾਂ ਸਾਜ਼ੋ-ਸਾਮਾਨ ਅਤੇ ਤਕਨੀਕ ਨੂੰ ਇਸਰਾਈਲ ਤੋਂ ਮੰਗਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ।

ਸਰਹੱਦ ਪਾਰੋਂ ਜਿਨ੍ਹਾਂ ਡਰੋਨਾਂ ਨਾਲ ਰਾਜ 'ਚ ਹਮਲੇ ਕੀਤੇ ਜਾ ਰਹੇ ਹਨ, ਦਾ ਘੇਰਾ ਵੀ ਕਾਫ਼ੀ ਜ਼ਿਆਦਾ ਦੱਸਿਆ ਜਾਂਦਾ ਹੈ। ਸਰਹੱਦ ਪਾਰੋਂ ਹੀ ਚਲਾਉਣ ਵਾਲੇ ਉਨ੍ਹਾਂ ਨੂੰ ਚਲਾਉਂਦੇ ਹਨ। ਸੂਤਰਾਂ ਨੇ ਦੱਸਿਆ ਹੈ ਕਿ ਇਸਰਾਈਲ ਨੇ ਹਾਲ ਹੀ 'ਚ ਇਕ ਨਵੀਂ ਤਕਨੀਕ ਵਿਕਸਤ ਕੀਤੀ ਹੈ, ਜਿਹੜੀ ਡਰੋਨ ਦੇ ਹਮਲਿਆਂ ਨੂੰ ਪੂਰੀ ਤਰ੍ਹਾਂ ਨਾਕਾਮ ਬਣਾਉਣ ਦੇ ਯੋਗ ਹੈ। ਇਸਰਾਈਲੀ ਫ਼ੌਜ ਨੇ ਇਨ੍ਹਾਂ ਸਾਜ਼ੋ-ਸਾਮਾਨ ਦਾ ਤਜਰਬਾ ਵੀ ਕੀਤਾ ਹੋਇਆ ਹੈ । ਇਹ ਸਾਜ਼ੋ-ਸਾਮਾਨ ਅਜਿਹੇ ਹਨ, ਜਿਹੜੇ ਸ਼ਹਿਰੀ ਹਵਾਈ ਜਹਾਜ਼ਾਂ ਦਾ ਪਤਾ ਲਾਉਣ ਦੇ ਵੀ ਸਮਰੱਥ ਹਨ। ਇਸਰਾਈਲ ਨੇ ਜਿਹੜਾ ਸਾਜ਼ੋ-ਸਾਮਾਨ ਪੰਜਾਬ ਪੁਲਸ ਨੂੰ ਭੇਜਿਆ ਹੈ, ਉਸ ਦੀ ਘੋਖ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਵਜ਼ਾਰਤ ਤੋਂ ਮੰਗੀ ਇਮਦਾਦ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਖ਼ਤ ਲਿਖ ਕੇ ਪਾਕਿਸਤਾਨੀ ਸਰਹੱਦ ਤੋਂ ਪੈਦਾ ਹੋਏ ਨਵੇਂ ਡਰੋਨ ਖ਼ਤਰੇ ਦਾ ਮੁਕਾਬਲਾ ਕਰਨ ਲਈ ਮਦਦ ਦੇਣ ਲਈ ਕਿਹਾ ਹੈ। ਉਸ ਪਿੱਛੋਂ, ਗ੍ਰਹਿ ਵਜ਼ਾਰਤ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਕੁਝ ਕਾਗਜ਼ਾਤ ਦਿੱਤੇ ਗਏ ਸਨ। ਰਾਜ ਅਤੇ ਕੇਂਦਰ ਸਰਕਾਰਾਂ ਦੀਆਂ ਏਜੰਸੀਆਂ ਨੇ ਜਿਹੜੀ ਜਾਣਕਾਰੀ ਇਕੱਠੀ ਕੀਤੀ ਹੈ, ਨੂੰ ਦੇਖਦੇ ਹੋਏ ਪਤਾ ਲੱਗਿਆ ਹੈ ਕਿ ਪਾਕਿਸਤਾਨੀ ਏਜੰਸੀਆਂ ਘੱਟ ਉਚਾਈ ਦੇ ਉਡਾਣ ਭਰ ਸਕਣ ਦੇ ਸਮਰੱਥ ਡਰੋਨਾਂ ਦੀ ਵਰਤੋਂ ਕਰ ਸਕਦੀਆਂ ਹਨ। ਇਸ ਲਈ ਸਰਹੱਦੀ ਖੇਤਰਾਂ 'ਚ ਗਸ਼ਤ ਵਧਾਈ ਗਈ।


author

KamalJeet Singh

Content Editor

Related News