ਪੰਜਾਬ ਪੁਲਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ‘ਨਿਗਰਾਨੀ’ ਪ੍ਰੋਗਰਾਮ ਲਾਂਚ, ਸਥਾਨਕ ਲੋਕ ਦੇਣਗੇ ਸਹਿਯੋਗ

Sunday, Jul 28, 2024 - 04:34 PM (IST)

ਪੰਜਾਬ ਪੁਲਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ‘ਨਿਗਰਾਨੀ’ ਪ੍ਰੋਗਰਾਮ ਲਾਂਚ, ਸਥਾਨਕ ਲੋਕ ਦੇਣਗੇ ਸਹਿਯੋਗ

ਜਲੰਧਰ (ਧਵਨ) - ਪੰਜਾਬ ਪੁਲਸ ਨੇ ਨਸ਼ਿਆਂ ਤੋਂ ਪ੍ਰਭਾਵਿਤ ਖੇਤਰਾਂ ’ਚ ਵਿਸ਼ੇਸ਼ ਪ੍ਰੋਗਰਾਮ ਚਲਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਦੇ ਤਹਿਤ ਅੱਜ ਬਠਿੰਡਾ ’ਚ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ‘ਨਿਗਰਾਨੀ’ ਪ੍ਰੋਗਰਾਮ ਲਾਂਚ ਕੀਤਾ ਹੈ।

ਗੌਰਵ ਯਾਦਵ ਨੇ ਕਿਹਾ ਕਿ ਪੁਲਸ ਪੁਰਾਣੀਆਂ ਰਵਾਇਤਾਂ ਨੂੰ ਮੁੜ-ਸੁਰਜੀਤ ਕਰਦੇ ਹੋਏ ਭਰੋਸਾ ਬਹਾਲੀ ’ਚ ਲੱਗੀ ਹੋੋਈ ਹੈ। ਪਿੰਡਾਂ ਦੇ ਰੱਖਿਅਕਾਂ ਨਾਲ ਪੁਲਸ ਹੱਥ ਮਿਲਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਕਹਿੰਦਿਆਂ ਖੁਸ਼ੀ ਹੋ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਨੂੰ ਨਸ਼ਾਮੁਕਤ ਸੂਬਾ ਬਣਾਉਣ ਦੇ ਸੰਕਲਪ ਨੂੰ ਦੇਖਦੇ ਹੋਏ ਬਠਿੰਡਾ ’ਚ ‘ਨਿਗਰਾਨੀ’ ਨਾਂ ਦਾ ਪ੍ਰੋਗਰਾਮ ਚਲਾਉਣ ਦੀ ਪਹਿਲ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮਕਸਦ ਰਵਾਇਤੀ ਪੁਲਿਸਿੰਗ ਦੇ ਸਿਧਾਂਤਾਂ ਨੂੰ ਮੁੜ-ਸੁਰਜੀਤ ਕਰਨਾ ਹੈ। ਰਵਾਇਤੀ ਪੁਲਿਸਿੰਗ ਦੇ ਤਹਿਤ ਪੁਲਸ ਅਧਿਕਾਰੀਆਂ ਵੱਲੋਂ ਜਿੱਥੇ ਅਪਰਾਧਾਂ ਨੂੰ ਖਤਮ ਕਰਨ ਲਈ ਰਵਾਇਤੀ ਢੰਗ ਅਪਣਾਏ ਜਾਂਦੇ ਹਨ, ਉਥੇ ਹੀ ਹੁਣ ਮਾਲਵਾ ਦੇ ਬਠਿੰਡਾ ’ਚ ਰਵਾਇਤੀ ਪੁਲਿਸਿੰਗ ਦੇ ਤਰੀਕਿਆਂ ਨੂੰ ਅਪਣਾਇਆ ਜਾ ਰਿਹਾ ਹੈ। ਇਸ ਦੇ ਤਹਿਤ ਪਿੰਡਾਂ ਦੇ ਚੌਕੀਦਾਰਾਂ ਦੀ ਮਦਦ ਨਾਲ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ।

ਵਰਨਣਯੋਗ ਹੈ ਕਿ ਇਸ ਸਮੇਂ ਨਸ਼ਿਆਂ ਦਾ ਪ੍ਰਕੋਪ ਸਭ ਤੋਂ ਵੱਧ ਮਾਲਵਾ ਖੇਤਰ ’ਚ ਹੈ ਅਤੇ ਮਾਲਵੇ ’ਚ ਨਿਗਰਾਨੀ ਪ੍ਰੋਗਰਾਮ ਲਾਂਚ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਅਸੀਂ ਪੁਲਿਸਿੰਗ ਨੂੰ ਮਜ਼ਬੂਤੀ ਦੇਵਾਂਗੇ ਅਤੇ ਇੰਟੈਲੀਜੈਂਸ ਦੀ ਰਿਪੋਰਟ ਦਾ ਇਕ-ਦੂਜੇ ਨਾਲ ਆਦਾਨ-ਪ੍ਰਦਾਨ ਕਰਾਂਗੇ। ਪੁਲਸ ਨੂੰ ਜਿਵੇਂ ਹੀ ਨਸ਼ਾ ਵੇਚਣ ਵਾਲਿਆਂ ਦੀਆਂ ਸੂਚਨਾਵਾਂ ਮਿਲਣਗੀਆਂ ਤਾਂ ਪੁਲਸ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਗਲੀਆਂ ਤੇ ਮੁਹੱਲਿਆਂ ਨੂੰ ਨਸ਼ੇ ਤੋਂ ਮੁਕਤ ਬਣਾਵਾਂਗੇ ਅਤੇ ਹੌਲੀ-ਹੌਲੀ ਇਸ ਲਹਿਰ ਨੂੰ ਪੂਰੇ ਸੂਬੇ ’ਚ ਫੈਲਾਇਆ ਜਾਵੇਗਾ, ਜਿਸ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ’ਚ ਮਦਦ ਮਿਲੇਗੀ।

ਉਨ੍ਹਾਂ ਕਿਹਾ ਕਿ ਪਿੰਡਾਂ ’ਚ ਚੌਕੀਦਾਰ ਪ੍ਰਣਾਲੀ ਕਾਫੀ ਪੁਰਾਣੀ ਹੈ, ਜੋ ਸ਼ੁਰੂ ਤੋਂ ਹੀ ਸੁਰੱਖਿਆ ਦੇ ਕੰਮ ’ਚ ਅਹਿਮ ਭੂਮਿਕਾ ਅਦਾ ਕਰਦੇ ਆ ਰਹੇ ਹਨ। ਇਨ੍ਹਾਂ ਚੌਕੀਦਾਰਾਂ ਦੇ ਕੋਲ ਮਹੱਤਵਪੂਰਨ ਸੂਚਨਾਵਾਂ ਹੁੰਦੀਆਂ ਹਨ। ਇਨ੍ਹਾਂ ਚੌਕੀਦਾਰਾਂ ਦੇ ਨਾਲ ਬਠਿੰਡਾ ਪੁਲਸ ਦੇ ਅਧਿਕਾਰੀਆਂ ਨੇ ਬੈਠਕਾਂ ਵੀ ਕੀਤੀਆਂ ਹਨ। ਇਸ ਨਾਲ ਪਿੰਡਾਂ ’ਚ ਨਸ਼ਿਆਂ ’ਤੇ ਰੋਕ ਲੱਗਣੀ ਸ਼ੁਰੂ ਹੋ ਗਈ ਹੈ ਅਤੇ ਹੌਲੀ-ਹੌਲੀ ਇਸ ਦਾ ਪ੍ਰਸਾਰ ਹੋਰ ਵੀ ਜ਼ਿਲਿਆਂ ’ਚ ਹੋਵੇਗਾ।

 


author

Harinder Kaur

Content Editor

Related News