ਜਲੰਧਰ ’ਚ ਦਹਿਸ਼ਤ, ਸ਼ਰੇਆਮ ਚੱਲਦੀਆਂ ਗੋਲੀਆਂ, ਗੰਨ ਪੁਆਇੰਟ ’ਤੇ ਖੋਹੀਆਂ ਜਾ ਰਹੀਆਂ ਗੱਡੀਆਂ

Wednesday, Apr 20, 2022 - 09:32 PM (IST)

ਜਲੰਧਰ ’ਚ ਦਹਿਸ਼ਤ, ਸ਼ਰੇਆਮ ਚੱਲਦੀਆਂ ਗੋਲੀਆਂ, ਗੰਨ ਪੁਆਇੰਟ ’ਤੇ ਖੋਹੀਆਂ ਜਾ ਰਹੀਆਂ ਗੱਡੀਆਂ

ਜਲੰਧਰ (ਸੁਧੀਰ) : ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਹਿਰ ’ਚ ਚੋਰ-ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਦਿਸ ਰਹੇ ਹਨ ਕਿ ਕਦੇ ਸ਼ਰੇਆਮ ਗੰਨ ਪੁਆਇੰਟ ’ਤੇ ਸ਼ਹਿਰ ’ਚ ਗੱਡੀਆਂ ਲੁੱਟੀਆਂ ਜਾ ਰਹੀਆਂ ਹਨ ਤਾਂ ਕਦੇ ਗੈਂਗਸਟਰ ਤਾਬੜਤੋੜ ਗੋਲੀਆਂ ਚਲਾ ਰਹੇ ਹਨ। ਕਦੇ ਲੁਟੇਰੇ ਕਿਸੇ ਔਰਤ ਦੇ ਹੱਥ ਵਿਚੋਂ ਪਰਸ ਖੋਹ ਰਹੇ ਹਨ ਤਾਂ ਕਦੇ ਹੋਰ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਇੰਨਾ ਸਭ ਕੁਝ ਹੋਣ ’ਤੇ ਸ਼ਹਿਰ ਵਾਸੀਆਂ ਦਾ ਕਮਿਸ਼ਨਰੇਟ ਪੁਲਸ ਦੀ ਸੁਰੱਖਿਆ ਵਿਵਸਥਾ ਨੂੰ ਦੇਖ ਕੇ ਉਸ ਤੋਂ ਵਿਸ਼ਵਾਸ ਉੱਠ ਰਿਹਾ ਹੈ। ਸ਼ਹਿਰ ਦਾ ਲਗਾਤਾਰ ਵਿਗੜ ਰਿਹਾ ਮਾਹੌਲ ਵੇਖ ਕੇ ਸ਼ਹਿਰ ਵਾਸੀਆਂ ’ਚ ਖੌਫ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੱਕੇ ਦੋਸਤ ਨੇ ਪਿੱਠ ’ਚ ਮਾਰਿਆ ਛੁਰਾ, ਘਰ ’ਚ ਇਕੱਲੀ ਸੀ ਪਤਨੀ ਉਹ ਕੀਤਾ ਜਿਸ ਦੀ ਨਹੀਂ ਸੀ ਉਮੀਦ

ਬੀਤੇ ਦਿਨੀਂ ਵੀ ਲੁਟੇਰਿਆਂ ਨੇ ਸ਼ਹਿਰ ਦੇ ਪਾਸ਼ ਇਲਾਕੇ ਛੋਟੀ ਬਾਰਾਦਰੀ ਨੇੜੇ ਗੰਨ ਪੁਆਇੰਟ ’ਤੇ ਇਕ ਗੱਡੀ ਲੁੱਟ ਲਈ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਬੜੇ ਆਰਾਮ ਨਾਲ ਸ਼ਹਿਰ ਵਿਚੋਂ ਫਰਾਰ ਹੋ ਗਏ। ਹਾਰਡਵੇਅਰ ਕਾਰੋਬਾਰੀ ਅਮਿਤ ਬੇਦੀ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਆਪਣੀ ਪਤਨੀ ਅੰਜਲੀ ਨਾਲ ਛੋਟੀ ਬਾਰਾਦਰੀ ਨੇੜੇ ਸਥਿਤ ਸਾਂਝਾ ਚੁੱਲ੍ਹਾ ਰੈਸਟੋਰੈਂਟ ਨੇੜੇ ਆਏ ਸਨ। ਉਹ ਗੱਡੀ ਨੂੰ ਸਾਈਡ ’ਤੇ ਖੜ੍ਹੀ ਕਰ ਕੇ ਸਟੇਸ਼ਨਰੀ ਦੀ ਦੁਕਾਨ ਤੋਂ ਕੁਝ ਸਾਮਾਨ ਲੈਣ ਲਈ ਗਏ, ਜਦਕਿ ਗੱਡੀ ’ਚ ਉਨ੍ਹਾਂ ਦੀ ਪਤਨੀ ਬੈਠੀ ਹੋਈ ਸੀ। ਇਸ ਦੌਰਾਨ ਬੇਖੌਫ ਲੁਟੇਰਿਆਂ ਨੇ ਗੱਡੀ ਦਾ ਸ਼ੀਸ਼ਾ ਖੜਕਾਇਆ ਅਤੇ ਉਸ ਦੀ ਪਤਨੀ ਨੂੰ ਗੰਨ ਪੁਆਇੰਟ ’ਤੇ ਲੈ ਕੇ ਗੱਡੀ ’ਚੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ, ਜਿਸ ਤੋਂ ਬਾਅਦ ਲੁਟੇਰੇ ਗੱਡੀ ਲੁੱਟ ਕੇ ਬੜੇ ਆਰਾਮ ਨਾਲ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਕਮਿਸ਼ਨਰੇਟ ਪੁਲਸ ’ਚ ਹੜਕੰਪ ਮਚ ਗਿਆ। ਇਸ ਦੇ ਨਾਲ ਹੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਪੁਲਸ ਫੋਰਸ ਸਮੇਤ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਲਈ ਪਰ ਇਸ ਤੋਂ ਬਾਅਦ ਵੀ ਕਮਿਸ਼ਨਰੇਟ ਪੁਲਸ ਲੁਟੇਰਿਆਂ ਨੂੰ ਫੜਨ ’ਚ ਨਾਕਾਮ ਰਹੀ।

ਇਹ ਵੀ ਪੜ੍ਹੋ : ਬਠਿੰਡਾ ’ਚ ਹੋਈ 42 ਲੱਖ ਦੀ ਲੁੱਟ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਅੰਮ੍ਰਿਤਸਰ ਦੇ ਪੁਲਸ ਵਾਲੇ ਦੀ ਕਰਤੂਤ ਨੇ ਹੈਰਾਨ ਕੀਤੇ ਸਭ

ਇਸ ਦੇ ਨਾਲ ਹੀ ਪਿਛਲੇ ਦਿਨੀਂ ਗੋਪਾਲ ਨਗਰ ਇਲਾਕੇ ’ਚ ਹੋਈ ਗੁੰਡਾਗਰਦੀ ਨੂੰ ਲੈ ਕੇ ਚੱਲੀ ਗੋਲੀ ਦੇ ਮਾਮਲੇ ’ਚ ਵੀ ਪੁਲਸ ਦੋਸ਼ੀਆਂ ਨੂੰ ਫੜਨ ’ਚ ਨਾਕਾਮ ਰਹੀ। ਉਥੇ ਹੀ, ਕੁਝ ਸਮਾਂ ਪਹਿਲਾਂ ਵੀ ਬੇਖੌਫ ਲੁਟੇਰਿਆਂ ਨੇ ਮਾਡਲ ਟਾਊਨ ਇਲਾਕੇ ’ਚ ਸਥਿਤ ਹਾਟ ਡਰਾਈਵ ਰੈਸਟੋਰੈਂਟ ਦੇ ਬਾਹਰੋਂ ਗੰਨ ਪੁਆਇੰਟ ’ਤੇ ਇੰਝ ਹੀ ਗੱਡੀ ਲੁੱਟੀ ਸੀ। ਇਸ ਤੋਂ ਇਲਾਵਾ ਸ਼ਹਿਰ ਦੀ ਸਭ ਤੋਂ ਵੱਡੀ ਫੂਡ ਸਟ੍ਰੀਟ ਮੰਨੀ ਜਾਣ ਵਾਲੀ ਪੀ. ਪੀ. ਆਰ. ਮਾਰਕੀਟ ’ਚ ਵੀ ਸ਼ਰੇਆਮ ਗੱਡੀਆਂ ’ਚ ਸ਼ਰਾਬ ਦਾ ਸੇਵਨ ਹੋ ਰਿਹਾ ਹੈ, ਜਿਸ ਕਾਰਨ ਰੋਜ਼ਾਨਾ ਕਈ ਵਿਵਾਦ ਹੋਣਾ ਆਮ ਗੱਲ ਹੈ। ਢਿੱਲੀ ਕਾਰਗੁਜ਼ਾਰੀ ਕਾਰਨ ਲੋਕਾਂ ਦਾ ਕਮਿਸ਼ਨਰੇਟ ਪੁਲਸ ਤੋਂ ਵਿਸ਼ਵਾਸ ਉੱਠਦਾ ਦਿਸ ਰਿਹਾ ਹੈ। ਗੋਲੀ ਚੱਲਣਾ ਤਾਂ ਸ਼ਹਿਰ ਵਿਚ ਆਮ ਗੱਲ ਹੋ ਗਈ ਹੈ। ਅਜੇ ਪਿਛਲੇ ਕਈ ਮਾਮਲੇ ਪੁਲਸ ਟਰੇਸ ਨਹੀਂ ਕਰ ਪਾ ਰਹੀ ਕਿ ਇੰਨੇ ’ਚ ਅਪਰਾਧੀ ਉਸ ਨੂੰ ਖੁੱਲ੍ਹੇਆਮ ਚੁਣੌਤੀ ਦੇ ਕੇ ਹੋਰਨਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

ਇਹ ਵੀ ਪੜ੍ਹੋ : ਅਜਨਾਲਾ ਨੇੜੇ ਵਾਲੀਬਾਲ ਟੂਰਨਾਮੈਂਟ ਤੋਂ ਬਾਅਦ ਜ਼ੋਰਦਾਰ ਧਮਾਕਾ, 12 ਸਾਲਾ ਬੱਚੇ ਦੀ ਮੌਤ

ਸ਼ਹਿਰ ’ਚ ਪੈਟਰੋਲਿੰਗ ਕਰਨ ਵਾਲੇ ਪੀ. ਸੀ. ਆਰ. ਦੇ ਲਗਭਗ 42 ਮੋਟਰਸਾਈਕਲ ਅਤੇ 14 ਜ਼ੂਲੋ ਗੱਡੀਆਂ ਦੀ ਕਾਰਗੁਜ਼ਾਰੀ ਵੀ ਸ਼ਹਿਰ ’ਚ ਸ਼ੱਕੀ ਲੋਕਾਂ ਦੀ ਨਕੇਲ ਕੱਸਣ ’ਚ ਨਾਕਾਮ ਦਿਸ ਰਹੀ ਹੈ, ਜਿਸ ਕਾਰਨ ਚੋਰ-ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਹਨ। ਉਥੇ ਹੀ, ਸ਼ਹਿਰ ਵਿਚ ਵੱਧ ਰਹੇ ਕ੍ਰਾਈਮ ’ਤੇ ਰੋਕ ਲਾਉਣ ਲਈ ਅੱਜ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਖੁਦ ਫੀਲਡ ’ਚ ਨਿਕਲੇ। ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਦੇ ਸਾਰੇ ਥਾਣਾ ਇੰਚਾਰਜਾਂ ਨੂੰ ਆਪਣੇ-ਆਪਣੇ ਇਲਾਕਿਆਂ ’ਚ ਨਾਕਾਬੰਦੀ ਕਰਨ ਅਤੇ ਸ਼ੱਕੀ ਲੋਕਾਂ ਦੀ ਨਕੇਲ ਕੱਸਣ ਦੇ ਹੁਕਮ ਜਾਰੀ ਕੀਤੇ। ਪੁਲਸ ਕਮਿਸ਼ਨਰ ਨੇ ਸ਼ਹਿਰ ਦੇ ਕੁਝ ਨਾਕਿਆਂ ਦਾ ਜਾਇਜ਼ਾ ਵੀ ਲਿਆ ਅਤੇ ਨਾਕਿਆਂ ’ਤੇ ਤਾਇਨਾਤ ਸਾਰੇ ਥਾਣੇ ਇੰਚਾਰਜਾਂ ਨੂੰ ਲਾਅ ਐਂਡ ਆਰਡਰ ਦਾ ਉਲੰਘਣ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ।

ਇਹ ਵੀ ਪੜ੍ਹੋ : ਮੋਗਾ ’ਚ ਫਿਰ ਵੱਡੀ ਵਾਰਦਾਤ, ਸ਼ਰੇਆਮ ਹਾਈਵੇ ’ਤੇ ਨੌਜਵਾਨ ਦਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News