ਸ਼ਹੀਦ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਦੇ ਨਹੀਂ ਭੁੱਲਾਂਗੇ: ਜੇ. ਏਲੀਚੇਲਿਅਨ

Sunday, Oct 22, 2017 - 04:50 PM (IST)

ਸ਼ਹੀਦ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਦੇ ਨਹੀਂ ਭੁੱਲਾਂਗੇ: ਜੇ. ਏਲੀਚੇਲਿਅਨ

ਹੁਸ਼ਿਆਰਪੁਰ(ਅਸ਼ਵਨੀ)— ਦੇਸ਼ 'ਚ 1 ਸਤੰਬਰ 2016 ਤੋਂ 31 ਅਗਸਤ 2017 ਦੌਰਾਨ ਸ਼ਹੀਦ ਹੋਏ 383 ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਯਾਦ 'ਚ ਪੰਜਾਬ ਪੁਲਸ ਜ਼ਿਲਾ ਹੁਸ਼ਿਆਰਪੁਰ ਵੱਲੋਂ ਸ਼ਨੀਵਾਰ ਨੂੰ ਪੁਲਸ ਲਾਈਨ ਹੁਸ਼ਿਆਰਪੁਰ ਵਿਖੇ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਦੀ ਅਗਵਾਈ ਵਿਚ ਦੇਸ਼ ਦੇ ਸ਼ਹੀਦ ਪੁਲਸ ਜਵਾਨਾਂ ਅਤੇ ਅਰਧ ਸੈਨਿਕ ਬਲਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੱਤੀ ਗਈ। ਡੀ. ਐੱਸ. ਪੀ. (ਸਿਟੀ) ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਦੇ ਜਵਾਨਾਂ ਵੱਲੋਂ ਹਥਿਆਰ ਉਲਟੇ ਕਰ ਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਸਾਰੇ ਅਧਿਕਾਰੀਆਂ ਅਤੇ ਮਹਿਮਾਨਾਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਸਮਾਗਮ ਵਿਚ ਐਡੀਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਮੈਡਮ ਪ੍ਰਿਆ ਸੂਦ, ਪੀ. ਐੱਸ. ਰਾਏ, ਕੇ. ਐੱਸ. ਚੀਮਾ, ਆਰ. ਕੇ. ਖੁੱਲਰ ਸਮੇਤ ਨਿਆਇਕ, ਸਿਵਲ ਅਤੇ ਜ਼ਿਲਾ ਪੁਲਸ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲੇ ਦੇ ਸੇਵਾਮੁਕਤ ਪੁਲਸ ਅਫ਼ਸਰ ਅਤੇ ਜ਼ਿਲੇ ਦੇ ਸ਼ਹੀਦ ਪੁਲਸ ਕਰਮਚਾਰੀਆਂ ਦੇ ਪਰਿਵਾਰਾਂ ਨੇ ਭਾਗ ਲਿਆ।

PunjabKesari

ਜ਼ਿਲਾ ਪੁਲਸ ਮੁਖੀ ਨੇ ਪੁਲਸ ਸ਼ਹੀਦੀ ਦਿਵਸ ਪਰੇਡ (ਪੁਲਸ ਕੋਮੈਮੋਰੇਸ਼ਨ ਡੇ ਪਰੇਡ) ਦੀ ਇਤਿਹਾਸਕ ਮਹੱਤਤਾ ਬਾਰੇ ਦੱਸਦਿਆਂ ਆਖਿਆ ਕਿ 21 ਅਕਤੂਬਰ 1959 ਨੂੰ ਹਾਟ ਸਪਰਿੰਗ (ਲੱਦਾਖ) ਵਿਖੇ ਚੀਨੀ ਫੌਜੀਆਂ ਵੱਲੋਂ ਘਾਤ ਲਾ ਕੇ ਕੀਤੇ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 10 ਜਵਾਨਾਂ ਦੇ ਸ਼ਹੀਦ ਹੋਣ ਦੀ ਯਾਦ ਵਿਚ ਇਹ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੇਸ਼ ਦੀ ਅੰਦਰੂਨੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਦੇਸ਼ ਦੇ ਸਮੂਹ ਪੁਲਸ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਵੀ ਇਸ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੇ ਦੇਸ਼ ਦੇ ਹਿੰਸਾਗ੍ਰਸਤ ਇਲਾਕਿਆਂ ਅਤੇ ਅੱਤਵਾਦ ਵਿਰੋਧੀ ਲੜਾਈ ਦੌਰਾਨ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਅਮਨ-ਕਾਨੂੰਨ ਨੂੰ ਬਹਾਲ ਰੱਖਿਆ ਹੈ। ਅਸੀਂ ਸ਼ਹੀਦ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਹੀਂ ਭੁੱਲਾਂਗੇ।PunjabKesariਐੱਸ. ਐੱਸ. ਪੀ. ਨੇ ਕਿਹਾ ਕਿ ਪੂਰੇ ਭਾਰਤ ਵਿਚ ਡਿਊਟੀ ਦੌਰਾਨ ਸੈਂਕੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਅੱਤਵਾਦ ਖਿਲਾਫ ਲੜਾਈ ਵਿਚ ਬਲੀਦਾਨ ਦਿੱਤਾ ਅਤੇ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਰਾਜ ਵਿਚ ਮੁੜ ਅਮਨ-ਕਾਨੂੰਨ ਦੀ ਬਹਾਲੀ ਵਿਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਗੌਰਵ ਨੂੰ ਵਧਾਉਣ ਅਤੇ ਪੁਲਸ ਫੋਰਸ ਵੱਲੋਂ ਉਨ੍ਹਾਂ ਦੇ ਹਰ ਦੁੱਖ-ਸੁਖ ਵਿਚ ਡਟ ਕੇ ਖੜ੍ਹਨ ਦੇ ਪ੍ਰਣ ਨੂੰ ਦੁਹਰਾਉਣ ਲਈ ਵੀ ਮਨਾਇਆ ਜਾਂਦਾ ਹੈ। ਬਾਅਦ ਵਿਚ ਐੱਸ. ਐੱਸ. ਪੀ. ਨੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣਨ ਲਈ ਦਰਬਾਰ ਵੀ ਲਾਇਆ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਪੁਲਸ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ। 
ਸ਼ਹੀਦ ਹੋਏ ਪੁਲਸ ਅਤੇ ਪੈਰਾ-ਮਿਲਟਰੀ ਫੋਰਸ ਦੇ ਜਵਾਨਾਂ ਦੇ ਨਾਂ ਵੀ ਐੱਸ. ਪੀ. (ਹੈੱਡ ਕੁਆਰਟਰ) ਬਲਬੀਰ ਸਿੰਘ ਵੱਲੋਂ ਪੜ੍ਹੇ ਗਏ। ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਆ ਵੀ ਗਿਆ। ਇਸ ਮੌਕੇ ਸੁਪਰਡੈਂਟ ਜੇਲ ਵਿਕਰਮਜੀਤ ਸਿੰਘ ਪਾਂਥੇ, ਡੀ. ਐੱਸ. ਪੀ. (ਸੀ. ਆਈ. ਡੀ.) ਰਾਮ ਜੀ ਦਾਸ, ਮੈਡੀਕਲ ਅਫ਼ਸਰ ਪੁਲਸ ਲਾਈਨਜ਼ ਡਾ. ਲਖਵੀਰ ਸਿੰਘ, ਸਾਬਕਾ ਡੀ. ਐੱਸ. ਪੀ. ਚੇਅਰਮੈਨ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਅਵਤਾਰ ਸਿੰਘ, ਜੱਜ ਸਾਹਿਬਾਨ, ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰ ਹਾਜ਼ਰ ਸਨ। ਇਸੇ ਤਰ੍ਹਾਂ ਪੁਲਸ ਰਿਕਰੂਟਸ ਸੈਂਟਰ ਜਹਾਨ ਖੇਲਾਂ ਵਿਖੇ ਵੀ ਪੁਲਸ ਸ਼ਹੀਦੀ ਦਿਵਸ ਸਮਾਗਮ ਮੌਕੇ ਕਮਾਂਡੈਂਟ ਭੁਪਿੰਦਰ ਸਿੰਘ ਦੀ ਅਗਵਾਈ 'ਚ ਆਯੋਜਿਤ ਪ੍ਰੋਗਰਾਮ 'ਚ ਸ਼੍ਰੀ ਸਿੰਘ ਨੇ ਸ਼ਹੀਦੀ ਯਾਦਗਾਰ ਸਾਹਮਣੇ ਸਲਾਮੀ ਦਿੱਤੀ ਅਤੇ ਸਮੂਹ ਸ਼ਹੀਦਾਂ ਦੇ ਨਾਂ ਪੜ੍ਹ ਕੇ ਸੁਣਾਏ ਗਏ। ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ।


Related News