ਕੋਰੋਨਾ ਵਾਇਰਸ ਬਾਰੇ ਅਫਵਾਹ ਫੈਲਾਉਣ ਵਾਲੇ ਸਾਵਧਾਨ ਪੰਜਾਬ ਪੁਲਸ ਹੋਈ ਸਖਤ
Saturday, Mar 21, 2020 - 02:46 PM (IST)
ਚੰਡੀਗੜ੍ਹ (ਰਮਨਜੀਤ): ਪੰਜਾਬ 'ਚ ਲਗਾਤਾਰ ਸੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਅਤੇ ਝੂਠੇ ਦਾਅਵਿਆਂ ਨੇ ਪੰਜਾਬ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਪੰਜਾਬ ਸਰਕਾਰ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਪ੍ਰੈੱਸ ਨੋਟ ਜਾਰੀ ਕਰਕੇ ਸਾਫ ਕੀਤਾ ਹੈ ਕਿ ਜੇਕਰ ਕਿਸੇ ਨੇ ਵੀ ਕੋਰੋਨਾ ਵਾਇਰਸ ਨਾਲ ਜੁੜਿਆ ਕੋਈ ਵੀ ਝੂਠਾ ਦਾਅਵਾ ਸੋਸ਼ਲ ਮੀਡੀਆ 'ਤੇ ਕੀਤਾ ਜਾਂ ਕਿਸੇ ਤਰ੍ਹਾਂ ਦੀ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ 'ਤੇ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇਗਾ। ਜੇਕਰ ਕਵੋਰਨਟਾਈਨ 'ਚ ਰੱਖੇ ਗਏ ਕਿਸੇ ਵੀ ਮਰੀਜ਼ ਨੇ ਬਿਨਾਂ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ। ਕਿਤੇ ਜਾਣ ਦੀ ਕੋਸ਼ਿਸ਼ ਕੀਤੀ ਜਾਂ ਕਿਤੇ ਲੁਕ ਗਿਆ ਤਾਂ ਉਸ ਦੇ ਖਿਲਾਫ ਕਈ ਜ਼ਿਲਿਆਂ ਦੇ ਡੀ.ਸੀ. ਨੂੰ ਤੁਰੰਤ 188 ਦੇ ਤਹਿਤ ਮੁਕੱਦਮਾ ਦਰਜ ਕਰਨ ਅਤੇ ਸ਼ੱਕੀ ਮਰੀਜ਼ਾਂ ਦੇ ਗਾਇਬ ਹੋਣ 'ਤੇ ਉਨ੍ਹਾਂ 'ਤੇ ਸ਼ੱਕੀ ਮਰੀਜ਼ਾਂ ਨੂੰ ਪਨਾਹ ਦੇਣ ਵਾਲੇ ਰਿਸ਼ਤੇਦਾਰਾਂ ਦੇ ਖਿਲਾਫ ਵੀ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ 'ਚ ਲੱਗੀ ਕਲੋਜ ਪ੍ਰੋਟੈਕਸ਼ਨ ਟੀਮ ਦੇ ਕਈ ਪੁਲਸ ਕਰਮਚਾਰੀਆਂ ਦੀ ਕੋਰੋਨਾ ਵਾਇਰਸ ਜਾਂਚ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਕੈਪਟਨ ਨੇ ਸ਼ੇਅਰ ਕੀਤੀ ਪੰਜਾਬ ਪੁਲਸ ਦੀ ਵੀਡੀਓ, ਵੱਖਰੇ ਅੰਦਾਜ਼ 'ਚ ਕੋਰੋਨਾ ਪ੍ਰਤੀ ਕੀਤਾ ਜਾਗਰੂਕ
ਦੱਸਣਯੋਗ ਹੈ ਕਿ ਪੂਰੀ ਦੁਨੀਆ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ ਪੰਜਾਬ 'ਚ ਤੜਥੱਲੀ ਮਚਾਈ ਹੋਈ ਹੈ। ਸੂਬੇ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 7 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ।