ਪੰਜਾਬ ਪੁਲਸ ਨੇ ਸਰਹੱਦ ਪਾਰ ਨਸ਼ਾ ਸਮੱਗਲਿੰਗ ਮਾਡਿਊਲ ਦਾ ਕੀਤਾ ਪਰਦਾਫਾਸ਼ , 2 ਗੁਰਗੇ ਪਿਸਤੌਲਾਂ ਸਮੇਤ ਕਾਬੂ

Thursday, Jun 22, 2023 - 08:40 AM (IST)

ਚੰਡੀਗੜ੍ਹ/ਜਲੰਧਰ (ਰਮਨਜੀਤ ਸਿੰਘ, ਧਵਨ) - ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਅਧੀਨ ਪੰਜਾਬ ਪੁਲਸ ਨੇ ਮੋਹਾਲੀ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਹਮਾਇਤ ਨਾਲ ਚਲ ਰਹੇ ਸਰਹੱਦ ਪਾਰ ਸਮੱਗਲਿੰਗ ਮਾਡਿਊਲ ਦੇ ਦੋ ਗੁਰਗਿਆਂ ਨੂੰ ਗ੍ਰਿਫ਼ਤਾਰ ਕਰ ਕੇ ਇਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਏ. ਐੱਸ. ਨਗਰ ਦੇ ਏ. ਆਈ. ਜੀ. ਅਸ਼ਵਨੀ ਕਪੂਰ ਨੇ ਬੁੱਧਵਾਰ ਦੱਸਿਆ ਕਿ ਪੁਲਸ ਟੀਮਾਂ ਨੇ ਇਨ੍ਹਾਂ ਕੋਲੋਂ 30 ਬੋਰ ਦੇ ਦੋ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: ਹੋਂਡੂਰਾਸ : ਜੇਲ੍ਹ 'ਚ ਭੜਕੇ ਦੰਗੇ, 41 ਮਹਿਲਾ ਕੈਦੀਆਂ ਦੀ ਮੌਤ

ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਰਾ ਉਰਫ਼ ਅਰਮਾਨ ਚੌਹਾਨ ਵਾਸੀ ਪਿੰਡ ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ ਅਤੇ ਰੋਹਿਤ ਸਿੰਘ ਵਾਸੀ ਸ੍ਰੀਗੰਗਾਨਗਰ, ਰਾਜਸਥਾਨ ਵਜੋਂ ਹੋਈ ਹੈ। ਦੋਵੇਂ ਵਿਅਕਤੀ ਅਪਰਾਧਿਕ ਪਿਛੋਕੜ ਵਾਲੇ ਹਨ । ਇਨ੍ਹਾਂ ਖਿਲਾਫ ਪੰਜਾਬ ’ਚ ਐੱਨ. ਡੀ. ਪੀ. ਐੱਸ.ਐਕਟ ਤਹਿਤ ਕੇਸ ਦਰਜ ਹਨ। ਉਹ ਰਾਜਸਥਾਨ ’ਚ ਵੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲੇ ’ਚ ਲੋੜੀਂਦੇ ਹਨ। ਏ. ਆਈ.ਜੀ. ਅਸ਼ਵਨੀ ਕਪੂਰ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਪਾਕਿਸਤਾਨ ਸਥਿਤ ਨਸ਼ਾ ਸਮੱਗਲਰਾਂ ਨਾਲ ਸਿੱਧੇ ਸਬੰਧ ਰੱਖਣ ਵਾਲੇ ਬਹੁਤ ਜ਼ਿਆਦਾ ਸੰਗਠਿਤ ਸਰਹੱਦ ਪਾਰ ਸਮੱਗਲਿੰਗ ਮਾਡਿਊਲ ਦੇ ਮੁੱਖ ਮੈਂਬਰ ਹਨ।

ਇਹ ਵੀ ਪੜ੍ਹੋ : ਟਾਈਟੈਨਿਕ ਦਿਖਾਉਣ ਗਈ ਲਾਪਤਾ ਪਣਡੁੱਬੀ ’ਚ ਫਸਿਆ ਪਾਕਿਸਤਾਨੀ ਰਈਸ ਤੇ ਉਸ ਦਾ ਬੇਟਾ

ਉਨ੍ਹਾਂ ਕਿਹਾ ਕਿ ਇਹ ਮਾਡਿਊਲ ਭਾਰਤ-ਪਾਕਿ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿੱਚ ਸਰਗਰਮੀ ਨਾਲ ਸ਼ਾਮਲ ਸੀ, ਜੋ ਰਾਸ਼ਟਰੀ ਸੁਰੱਖਿਆ ਲਈ ਵੱਡਾ ਖਤਰਾ ਹੈ। ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਰਾ ਜੋ ਪੇਸ਼ੇ ਤੋਂ ਇੱਕ ਮਾਡਲ ਅਤੇ ਗਾਇਕ ਹੈ, ਨੇ ਹਵਾਲਾ ਰਾਹੀਂ ਫੰਡਾਂ ਦਾ ਤਬਾਦਲਾ ਕੀਤਾ ਹੈ, ਜਿਸ ਦੀ ਵਰਤੋਂ ਸਰਹੱਦ ਪਾਰੋਂ ਸਮੱਗਲਿੰਗ ਦੀਆਂ ਸਰਗਰਮੀਆਂ ਲਈ ਕੀਤੀ ਜਾਂਦੀ ਹੈ। ਦੂਜੇ ਦੋਸ਼ੀ ਰੋਹਿਤ ਸਿੰਘ ਨੇ ਗੁਰਪ੍ਰੀਤ ਸਿੰਘ ਉਰਫ ਗੋਰਾ ਰਾਹੀਂ ਰਾਜਸਥਾਨ ਅਤੇ ਪੰਜਾਬ ਦੀਆਂ ਸਰਹੱਦਾਂ ’ਤੇ ਪਾਕਿਸਤਾਨੀ ਯੂਨਿਟਾਂ ਨੂੰ ਲੋਕੇਸ਼ਨ ਦੀ ਕੋਆਰਡੀਨੇਟ ਜਾਣਕਾਰੀ ਪ੍ਰਦਾਨ ਕੀਤੀ । ਇਸ ਤਰ੍ਹਾਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਦੀ ਬਰਾਮਦਗੀ ਦੀ ਸਹੂਲਤ ਦਿੱਤੀ। ਏ. ਆਈ. ਜੀ. ਨੇ ਕਿਹਾ ਕਿ ਇਸ ਮਾਡਿਊਲ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਖ਼ੂਨ ਹੋਇਆ ਚਿੱਟਾ, 2,000 ਰੁਪਏ ਲਈ ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News