ਪੰਜਾਬ ਪੁਲਸ ਨੇ ਮੁਕਾਬਲੇ  ''ਚ ਮਰੇ ਹਿਜਬੁਲ ਕਮਾਂਡਰ ਨਾਇਕੂ ਦੇ 2 ਸਾਥੀਆਂ ਨੂੰ ਕੀਤਾ ਕਾਬੂ

Thursday, May 07, 2020 - 10:21 PM (IST)

ਪੰਜਾਬ ਪੁਲਸ ਨੇ ਮੁਕਾਬਲੇ  ''ਚ ਮਰੇ ਹਿਜਬੁਲ ਕਮਾਂਡਰ ਨਾਇਕੂ ਦੇ 2 ਸਾਥੀਆਂ ਨੂੰ ਕੀਤਾ ਕਾਬੂ

ਚੰਡੀਗੜ੍ਹ,(ਰਮਨਜੀਤ)-ਇਕ ਵੱਡੇ ਖੁਲਾਸੇ 'ਚ ਪੰਜਾਬ ਪੁਲਸ ਨੇ ਸ੍ਰੀਨਗਰ (ਕਸ਼ਮੀਰ) ਵਿਖੇ ਬੀਤੇ ਦਿਨ ਮੁਕਾਬਲੇ 'ਚ ਮਰੇ ਹਿਜ਼ਬੁਲ ਮੁਜਾਹਿਦੀਨ ਕਮਾਂਡਰ ਰਿਆਜ਼ ਅਹਿਮਦ ਨਾਇਕੂ ਦੇ ਨਜ਼ਦੀਕੀ ਸਾਥੀ ਹਿਲਾਲ ਅਹਿਮਦ ਵਾਗੇ ਦੇ 2 ਸਾਥੀਆਂ ਦੀ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਕੀਤੀ ਗ੍ਰਿਫ਼ਤਾਰੀ ਨਾਲ ਅੱਤਵਾਦੀ ਨਾਇਕੂ ਦੇ ਅੰਤਰਰਾਜੀ ਸੰਪਰਕ ਦਾ ਪਤਾ ਲਗਾਇਆ ਹੈ। ਅਪਰਾਧਾਂ ਦੀ ਗੰਭੀਰਤਾ ਅਤੇ ਪੰਜਾਬ ਤੋਂ ਇਲਾਵਾ ਕੇਸ ਦੇ ਸਰਹੱਦ ਪਾਰ ਪ੍ਰਭਾਵਾਂ ਨੂੰ ਵੇਖਦਿਆਂ ਕੇਂਦਰ ਨੇ ਐੱਨ. ਆਈ. ਏ. ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਇਸ ਮਾਮਲੇ ਦੀ ਹੋਰ ਜਾਂਚ ਕਰਨ ਜਿਸਦੇ ਸਬੰਧ ਜੰਮੂ-ਕਸ਼ਮੀਰ ਦੇ ਰਸਤੇ ਤੋਂ ਸਰਹੱਦ ਪਾਰ ਵੀ ਹਨ। ਜ਼ਿਕਰਯੋਗ ਹੈ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ (ਐੱਚ. ਐੱਮ.) ਦੇ ਕਮਾਂਡਰ ਨਾਇਕੂ ਨੂੰ ਬੀਤੇ ਦਿਨੀਂ ਦੱਖਣੀ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ 'ਚ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਵਾਗੇ ਨੂੰ 25 ਅਪ੍ਰੈਲ ਨੂੰ ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਬਾਅਦ ਕੇਂਦਰ ਅਤੇ ਜੰਮੂ ਕਸ਼ਮੀਰ ਸਰਕਾਰ ਸਾਹਮਣੇ ਖੁਲਾਸਾ ਕੀਤਾ ਸੀ।
ਡੀ. ਜੀ. ਪੀ. ਦਿਨਕਰ ਗੁਪਤਾ ਨੇ ਕੱਲ ਹੋਈਆਂ ਗ੍ਰਿਫ਼ਤਾਰੀਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਹਿਜ਼ਬੁਲ ਦੇ ਅੱਤਵਾਦੀ ਹਿਲਾਲ ਅਹਿਮਦ ਵਾਗੇ, ਜਿਸ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ ਗਿਆ ਸੀ, ਦੀ ਭਾਲ ਕੀਤੀ ਗਈ ਸੀ, ਜਿਥੇ ਦੋਵੇਂ ਰਿਆਜ਼ ਅਹਿਮਦ ਨਾਇਕੂ, ਕਸ਼ਮੀਰ ਵਾਦੀ 'ਚ ਹਿਜ਼ਬੁਲ ਕਮਾਂਡਰ ਦੇ ਨਿਰਦੇਸ਼ਾਂ 'ਤੇ ਅੰਮ੍ਰਿਤਸਰ ਤੋਂ ਪੈਸੇ ਇਕੱਠੇ ਕਰਨ ਆਏ ਸਨ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪਾਕਿਸਤਾਨ ਵਲੋਂ ਸੂਬੇ 'ਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਪੁਲਸ ਨੇ ਉਨ੍ਹਾਂ ਤੋਂ 1 ਕਿਲੋ ਹੈਰੋਇਨ ਸਮੇਤ 32 ਲੱਖ ਰੁਪਏ ਭਾਰਤੀ ਮੁਦਰਾ ਵੀ ਜ਼ਬਤ ਕੀਤੀ। ਉਨ੍ਹਾਂ ਦੀ ਗ੍ਰਿਫ਼ਤਾਰੀ ਸਮੇਂ ਉਨ੍ਹਾਂ ਕੋਲੋਂ 20 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ, ਮਗਰੋਂ ਬਾਕੀ ਰੁਪਏ ਉਨ੍ਹਾਂ ਦੇ ਘਰਾਂ ਤੋਂ ਜ਼ਬਤ ਕੀਤੇ ਗਏ ਅਤੇ ਫੇਰ ਅਦਾਲਤ ਵਲੋਂ ਉਨ੍ਹਾਂ ਨੂੰ ਪੁਲਸ ਰਿਮਾਂਡ 'ਚ ਭੇਜ ਦਿੱਤਾ ਗਿਆ।
ਡੀ. ਜੀ. ਪੀ. ਨੇ ਦੱਸਿਆ ਕਿ ਰਣਜੀਤ ਸਿੰਘ ਉਰਫ਼ ਚੀਤਾ, ਇਕਬਾਲ ਸਿੰਘ ਉਰਫ਼ ਸ਼ੇਰਾ ਅਤੇ ਸਰਵਣ ਸਿੰਘ ਦੇ ਨਿਰਦੇਸ਼ਾਂ 'ਤੇ ਬਿਕਰਮ ਸਿੰਘ ਉਰਫ਼ ਵਿੱਕੀ ਹਿਲਾਲ ਅਹਿਮਦ ਨੂੰ 29 ਲੱਖ ਦੀ ਨਕਦ ਰਾਸ਼ੀ ਦੇਣ ਲਈ ਇਕ ਸਕੂਟੀ 'ਤੇ ਰੁਪਏ ਲੈ ਕੇ ਆਇਆ ਸੀ। ਗ੍ਰਿਫ਼ਤਾਰ ਕੀਤੇ ਦੋਵਾਂ ਮੁਲਜ਼ਮਾਂ ਦੀ ਪਛਾਣ ਬਿਕਰਮ ਸਿੰਘ ਉਰਫ਼ ਵਿੱਕੀ ਪੁੱਤਰ ਸਕੱਤਰ ਸਿੰਘ ਨਿਵਾਸੀ ਮਕਾਨ ਨੰ. 39-ਸੀ, ਗੁਰੂ ਅਮਰਦਾਸ ਐਵੀਨਿਊ, ਅੰਮ੍ਰਿਤਸਰ ਅਤੇ ਮਨਿੰਦਰ ਸਿੰਘ ਉਰਫ਼ ਮਨੀ ਪੁੱਤਰ ਸਕੱਤਰ ਸਿੰਘ ਨਿਵਾਸੀ ਮਕਾਨ ਨੰ. 39-ਸੀ, ਗੁਰੂ ਅਮਰਦਾਸ ਐਵੀਨਿਊ, ਅੰਮ੍ਰਿਤਸਰ ਵਜੋਂ ਕੀਤੀ ਗਈ ਹੈ। ਹਿਲਾਲ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਦੀ ਇਕ ਅਲਰਟ ਟੀਮ ਨੇ ਕਾਬੂ ਕੀਤਾ ਸੀ, ਜੋ 25 ਅਪ੍ਰੈਲ ਦੇਰ ਸ਼ਾਮ ਨੂੰ ਅੰਮ੍ਰਿਤਸਰ ਸ਼ਹਿਰ ਦੇ ਮੈਟਰੋ ਮਾਰਟ ਨੇੜੇ ਇਕ ਮੋਟਰ ਸਾਈਕਲ 'ਤੇ ਗਸ਼ਤ ਕਰ ਰਹੀ ਸੀ। ਥਾਣਾ ਸਦਰ, ਅੰਮ੍ਰਿਤਸਰ ਵਿਖੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਦੀਆਂ ਧਾਰਾਵਾਂ 10/11/13/17/18/20/21 ਅਤੇ ਐੱਨ.ਡੀ.ਪੀ.ਐੱਸ ਐਕਟ ਦੀ ਧਾਰਾ 21/61/85 ਅਧੀਨ ਐੱਫ.ਆਈ.ਆਰ. ਨੰਬਰ 135 ਮਿਤੀ 25 /04/2020 ਨੂੰ ਦਰਜ ਕੀਤਾ ਗਿਆ।
ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਅੱਗੇ ਇਹ ਪਤਾ ਚੱਲਿਆ ਕਿ ਬਿਕਰਮ ਅਤੇ ਮਨਿੰਦਰ ਦੋਵੇਂ, ਉਸ ਦੇ ਚਚੇਰਾ ਭਰਾ (ਅੰਟੀ ਦੇ ਬੇਟੇ) ਰਣਜੀਤ ਸਿੰਘ ਉਰਫ ਚੀਤਾ, ਇਕਬਾਲ ਸਿੰਘ ਉਰਫ ਸ਼ੇਰਾ ਅਤੇ ਸਰਵਣ ਸਿੰਘ ਸਮੇਤ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਦੇ ਹਨ। ਡੀ.ਜੀ.ਪੀ. ਨੇ ਦੱਸਿਆ ਕਿ ਪੁਲਸ ਟੀਮਾਂ ਰਣਜੀਤ ਸਿੰਘ ਉਰਫ ਚੀਤਾ ਵਾਸੀ ਹਵੇਲੀਆਂ ਨੌਸ਼ਹਿਰਾ ਢਾਲਾ, ਥਾਣਾ ਸਰਾਏ ਅਮਾਨਤ ਖਾਂ, ਜ਼ਿਲਾ ਤਰਨ ਤਾਰਨ, ਇਕਬਾਲ ਸਿੰਘ ਉਰਫ ਸ਼ੇਰਾ ਵਾਸੀ ਹਵੇਲੀਆਂ ਨੌਸ਼ਹਿਰਾ ਢਾਲਾ, ਥਾਣਾ ਸਰਾਏ ਅਮਾਨਤ ਖਾਂ, ਜ਼ਿਲਾ ਤਰਨ ਤਾਰਨ, ਸਰਵਣ ਸਿੰਘ ਪੁੱਤਰ ਹਰਬੰਜਨ ਸਿੰਘ ਵਾਸੀ ਹਵੇਲੀਆਂ ਦੀ ਭਾਲ 'ਚ ਸਨ, ਜਿਨ੍ਹਾਂ ਦੀ ਸ਼ਮੂਲੀਅਤ ਪੜਤਾਲ ਦੌਰਾਨ ਸਾਹਮਣੇ ਆਈ ਹੈ।


author

Bharat Thapa

Content Editor

Related News