ਪੰਜਾਬ ਪੁਲਸ ਨੇ ਕਬਰ ਪੁੱਟ ਕੇ ਬਾਹਰ ਕੱਢ ਲਈ ਲਾਸ਼, ਪਰਿਵਾਰ ਨੇ ਆਪ ਦਿੱਤੀ ਦਰਖ਼ਾਸਤ; ਹੈਰਾਨ ਕਰੇਗਾ ਪੂਰਾ ਮਾਮਲਾ
Monday, Aug 17, 2026 - 07:17 PM (IST)
ਗੁਰੂ ਕਾ ਬਾਗ (ਭੱਟੀ)- ਥਾਣਾ ਝੰਡੇਰ ਦੀ ਪੁਲਸ ਵੱਲੋਂ ਅੱਜ ਪਿੰਡ ਤੇੜਾ ਕਲਾਂ (ਅੰਮ੍ਰਿਤਸਰ) ਵਿਖੇ 20 ਦਿਨ ਪਹਿਲਾਂ ਮਰੇ ਹੋਏ ਵਿਅਕਤੀ ਦੀ ਕਬਰ ਪੁਟਵਾਈ ਤੇ ਵਿੱਚੋਂ ਉਸ ਦੀ ਲਾਸ਼ ਨੂੰ ਬਾਹਰ ਕੱਢਵਾਈ। ਇਸ ਮਾਮਲੇ ਸਬੰਧੀ ਥਾਣਾ ਝੰਡੇਰ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਬੀਤੀ 27 ਜੁਲਾਈ 2026 ਨੂੰ ਸੋਨੀ ਮਸੀਹ ਪੁੱਤਰ ਹਮੀਦ ਮਸੀਹ ਜੋ ਕਿ ਸ਼ਾਮ 8 ਵੱਜ ਕੇ 15 ਮਿੰਟ ਤੇ ਆਪਣੀ ਲੜਕੀ ਨੂੰ ਲੈਣ ਲਈ ਅਜਨਾਲਾ ਵੱਲ ਜਾ ਰਿਹਾ ਸੀ ਕਿ ਪਿੰਡ ਦੇ ਸਟੇਡੀਅਮ ਨੇੜੇ ਭੇਤਭਰੇ ਹਾਲਾਤ ਵਿਚ ਉਸ ਦੀ ਮੌਤ ਹੋ ਗਈ ਸੀ। ਪਰਿਵਾਰ ਵੱਲੋਂ ਇਸਾਈ ਰੀਤੀ ਰਿਵਾਜ਼ਾਂ ਮੁਤਾਬਕ ਉਸ ਦੀ ਲਾਸ਼ ਨੂੰ ਦਫ਼ਨਾ ਦਿੱਤਾ ਗਿਆ ਸੀ।
ਮ੍ਰਿਤਕ ਦੀ ਭੈਣ ਕੋਮਲ ਜੋ ਕਿ ਪਿੰਡ ਪੱਖੋਕੇ ਡੇਰਾ ਬਾਬਾ ਨਾਨਕ ਵਿਖੇ ਵਿਆਹੀ ਹੋਈ ਹੈ, ਉਸ ਨੇ ਆਪਣੀ ਮਾਂ ਬਾਵੀ ਨੂੰ ਨਾਲ ਲੈ ਕੇ ਥਾਣਾ ਝੰਡੇਰ ਵਿਖੇ ਦਰਖਾਸਤ ਦਿੱਤੀ ਹੈ ਜਿਸ ਵਿਚ ਉਸ ਨੇ ਆਪਣੇ ਭਰਾ ਦਾ ਕਤਲ ਹੋਣ ਦਾ ਸ਼ੱਕ ਜਤਾਇਆ ਹੈ। ਪੁਲਸ ਵੱਲੋਂ ਐੱਸ. ਡੀ. ਐੱਮ. ਕੋਲੋਂ ਮਨਜ਼ੂਰੀ ਲੈ ਕੇ ਐਗਜ਼ੈਕਟਿਵ ਮਜਿਸਟਰੇਟ ਵੱਲੋਂ ਨਾਇਬ ਤਹਿਸੀਲਦਾਰ ਕਾਰਜ ਸਿੰਘ ਔਲਖ ਤੇ ਸਿਵਲ ਮੈਡੀਕਲ ਅਫ਼ਸਰ ਵੱਲੋਂ ਲਾਈ ਡਿਊਟੀ ਅਨੁਸਾਰ ਡਾਕਟਰ ਦੀ ਹਾਜ਼ਰੀ ਵਿਚ ਕਬਰ ਨੂੰ ਪੁੱਟਵਾ ਕੇ ਲਾਸ਼ ਨੂੰ ਬਾਹਰ ਕੱਢਵਾਇਆ ਤੇ ਪੋਸਟਮਾਰਟਮ ਲਈ ਅੰਮ੍ਰਿਤਸਰ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
