ਪੰਜਾਬ ਪੁਲਸ ਦੇ ਕਈ ਮੁਲਾਜ਼ਮ ਹੋਏ ''ਨਸ਼ੇੜੀ''
Thursday, Jan 18, 2018 - 06:55 PM (IST)
ਜਲੰਧਰ— ਪੰਜਾਬ ਪੁਲਸ ਕਿਸੇ ਨਾ ਕਿਸੇ ਕਾਰਨਾਂ ਕਰਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਕੁੱਟਮਾਰ ਕਰਨ ਅਤੇ ਕਦੇ ਨਸ਼ੇ 'ਚ ਟੱਲੀ ਹੋ ਕੇ ਅਬੀਜੋ-ਗਰੀਬ ਹਰਕਤਾਂ ਕਰਦੇ ਦੀ ਪੁਲਸ ਦੀ ਵੀਡੀਓ ਆਮ ਦੇਖੀ ਜਾ ਸਕਦੀ ਹੈ। ਹੁਣ ਇਕ ਨਵਾਂ ਖੁਲਾਸਾ ਸਾਹਮਣੇ ਆਇਆ ਹੈ ਕਿ ਨੌਜਵਾਨਾਂ ਨੂੰ ਨਸ਼ੇੜੀ ਬਣਾ ਰਹੇ ਚਿੱਟੇ ਨੇ ਪੁਲਸ ਫੋਰਸ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਚਿੱਟੇ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਵਾਲੀ ਪੰਜਾਬ ਪੁਲਸ ਦੇ ਕਈ ਮੁਲਾਜ਼ਮ ਇਸ ਦੇ ਆਦੀ ਹੋ ਚੁੱਕੇ ਹਨ। ਨਸ਼ੇ 'ਚ ਡੁੱਬਣ ਦੇ ਚਲਦਿਆਂ ਕਈਆਂ ਦੀ ਨੌਕਰੀ ਜਾ ਚੁੱਕੀ ਹੈ ਤਾਂ ਕਈ ਹੋਰ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਕਰਵਾ ਰਹੇ ਹਨ।
ਚਿੱਟਾ ਪੀਣ ਵਾਲੇ 500 ਤੋਂ ਜ਼ਿਆਦਾ ਲੋਕ ਰੋਜ਼ਾਨਾ ਸਿਵਲ ਹਸਪਤਾਲ 'ਚ ਦਵਾਈ ਲੈਣ ਲਈ ਆਉਂਦੇ ਹਨ। ਨਸ਼ੇ ਦੇ ਆਦੀ ਲੋਕਾਂ 'ਚ ਵੱਡੀ ਗਿਣਤੀ ਪੁਲਸ ਵਾਲਿਆਂ ਦੀ ਹੈ। ਮਾਡਲ ਡਰੱਗ ਡੀ ਐਡੀਕਸ਼ਨ ਸੈਂਟਰ ਦੇ ਨਿਊਰੋਸਾਈਕੇਟ੍ਰਿਸਟ ਡਾ. ਸੰਜੇ ਖੰਨਾ ਮੁਤਾਬਕ ਨਸ਼ੇ ਦੀ ਆਦਤ ਛੁਡਾਉਣ ਲਈ ਦਾਖਲ ਹੋਣ ਵਾਲਿਆਂ 'ਚ ਲਗਭਗ 10 ਫੀਸਦੀ ਪੁਲਸ ਵਾਲੇ ਹਨ। ਨਸ਼ੇ ਨੇ ਵਿਦਿਆਰਥੀਆਂ ਤੋਂ ਲੈ ਕੇ ਸਰਕਾਰੀ ਅਫਸਰਾਂ ਅਤੇ ਔਰਤਾਂ ਨੂੰ ਵੀ ਆਪਣੀ ਗ੍ਰਿਫਤ 'ਚ ਲੈ ਰੱਖਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਹੁਣ ਇਸ ਨੂੰ ਲੋਕ ਬੀਮਾਰੀ ਵਾਂਗ ਲੈ ਰਹੇ ਹਨ ਅਤੇ ਇਲਾਜ ਲਈ ਹਸਪਤਾਲ ਆ ਰਹੇ ਹਨ। ਬਹੁਤ ਸਾਰੇ ਲੋਕ ਠੀਕ ਹੋ ਕੇ ਗਏ ਹਨ।
ਐਮਜ਼ ਨੇ 2016 'ਚ ਕੀਤੇ ਪੰਜਾਬ ਓਪੀਓਯਡ ਡਿਪੈਂਡੈਂਸ ਸਰਵੇ 'ਚ ਵੀ ਸਰਕਾਰੀ ਅਫਸਰਾਂ ਅਤੇ ਪੁਲਸ ਵਾਲਿਆਂ ਦੇ ਨਸ਼ੇ ਦੀ ਗ੍ਰਿਫਤ 'ਚ ਹੋਣ ਦੀ ਗੱਲ ਕਹੀ ਸੀ। ਸਰਵੇ ਮੁਤਾਬਕ ਚਿੱਟਾ, ਅਫੀਮ ਅਤੇ ਚੂਰਾ ਪੋਸਤ ਦੀ ਵਰਤੋਂ ਕਰਨ ਵਾਲੇ 10 ਫੀਸਦੀ ਮਾਮਲੇ ਪੁਲਸ, ਵਿਦਿਆਰਥੀ ਅਤੇ ਸਰਕਾਰੀ ਅਫਸਰਾਂ ਨਾਲ ਜੁੜੇ ਸਨ।