ਭ੍ਰਿਸ਼ਟਾਚਾਰ ਦੇ ਮਾਮਲੇ ''ਚ ਪੰਜਾਬ ਪੁਲਸ ਪਹਿਲੇ ਨੰਬਰ ''ਤੇ

Thursday, Jan 10, 2019 - 12:26 PM (IST)

ਭ੍ਰਿਸ਼ਟਾਚਾਰ ਦੇ ਮਾਮਲੇ ''ਚ ਪੰਜਾਬ ਪੁਲਸ ਪਹਿਲੇ ਨੰਬਰ ''ਤੇ

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਸਮੂਹ ਸਰਕਾਰੀ ਦਫਤਰਾਂ 'ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਮਕਸਦ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤਖੋਰਾਂ ਨੂੰ ਗ੍ਰਿਫਤਾਰ ਕਰਨ ਅਤੇ ਲੋਕਾਂ ਨੂੰ ਇਸ ਬੁਰਾਈ ਸਬੰਧੀ ਜਾਗਰੂਕ ਕਰਨ ਲਈ ਬਹੁ-ਪੱਖੀ ਪਹੁੰਚ ਅਪਣਾਈ ਹੈ ਜਿਸ ਤਹਿਤ ਪਿਛਲੇ ਸਾਲ ਦੌਰਾਨ 131 ਕੇਸਾਂ ਵਿਚ ਰਿਸ਼ਵਤ ਲੈਂਦੇ ਹੋਏ ਵੱਖ-ਵੱਖ ਵਿਭਾਗਾਂ ਦੇ 157 ਅਧਿਕਾਰੀਆਂ ਅਤੇ 25 ਪ੍ਰਾਈਵੇਟ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਦੇ ਚੀਫ਼ ਡਾਇਰੈਕਟਰ-ਕਮ-ਏ. ਡੀ. ਜੀ. ਪੀ. ਬੀ. ਕੇ. ਉੱਪਲ ਨੇ ਦੱਸਿਆ ਕਿ ਬਿਊਰੋ ਨੇ ਜਨਤਕ ਦਫਤਰਾਂ ਤੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ।

ਉਨ੍ਹਾਂ ਦੱਸਿਆ ਕਿ ਭ੍ਰਿਸ਼ਟਾਚਾਰ ਵਿਰੁੱਧ ਸਖਤੀ ਦੀ ਪਾਲਣਾ ਕਰਦਿਆਂ, ਬਿਊਰੋ ਨੇ 1 ਜਨਵਰੀ ਤੋਂ 30 ਦਸੰਬਰ, 2018 ਤਕ 17 ਗਜ਼ਟਿਡ ਅਫ਼ਸਰਾਂ ਤੇ 140 ਗੈਰ-ਗਜ਼ਟਿਡ ਮੁਲਾਜ਼ਮਾਂ ਨੂੰ ਕਾਬੂ ਕੀਤਾ। ਪੁਲਸ ਵਿਭਾਗ ਵਿਚ ਸਭ ਤੋਂ ਵੱਧ ਮੁਲਾਜ਼ਮ ਫੜੇ ਗਏ ਹਨ, ਜਦਕਿ ਦੂਜੇ ਨੰਬਰ 'ਤੇ ਮਾਲ ਮਹਿਕਮਾ ਰਿਹਾ। ਵਿਜੀਲੈਂਸ ਚੀਫ ਨੇ ਖੁਲਾਸਾ ਕੀਤਾ ਕਿ ਪਿਛਲੇ ਸਾਲ ਦੌਰਾਨ, ਹੋਰਨਾਂ ਵਿਭਾਗਾਂ ਤੋਂ ਇਲਾਵਾ ਪੰਜਾਬ ਪੁਲਸ ਦੇ 49 ਕਰਮਚਾਰੀ, ਮਾਲ ਵਿਭਾਗ ਦੇ 35, ਬਿਜਲੀ ਵਿਭਾਗ ਦੇ 19, ਪੰਚਾਇਤਾਂ ਅਤੇ ਪੇਂਡੂ ਵਿਕਾਸ ਦੇ 12, ਸਿਹਤ ਵਿਭਾਗ ਦੇ 6, ਸਥਾਨਕ ਸਰਕਾਰਾਂ ਦੇ 4 ਅਤੇ ਖੁਰਾਕ ਦੇ ਵੰਡ ਵਿਭਾਗ ਦੇ 4  ਮੁਲਾਜ਼ਮ ਵੱਖ-ਵੱਖ ਮਾਮਲਿਆਂ ਵਿਚ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ ਗਏ।


author

Babita

Content Editor

Related News