ਮੁਲਜ਼ਮ ਜਿੰਨਾ ਮਰਜ਼ੀ ਭੱਜ ਲਵੇ, ਹੁਣ ਨਹੀਂ ਛੱਡਦੀ ''ਪੰਜਾਬ ਪੁਲਸ''
Thursday, Dec 20, 2018 - 08:45 AM (IST)

ਲੁਧਿਆਣਾ (ਨਰਿੰਦਰ) : ਪਹਿਲਾਂ ਤੰਗ ਗਲੀਆਂ ਦਾ ਸਹਾਰਾ ਲੈਂਦੇ ਹੋਏ ਮੁਲਜ਼ਮ ਪੰਜਾਬ ਪੁਲਸ ਦੀਆਂ ਅੱਖਾਂ 'ਚ ਘੱਟਾ ਪਾ ਕੇ ਫਰਾਰ ਹੋਣ 'ਚ ਸਫਲ ਹੋ ਜਾਂਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਮੁਲਜ਼ਮ ਜਿੰਨਾ ਮਰਜ਼ੀ ਭੱਜ ਲਵੇ, ਪੰਜਾਬ ਪੁਲਸ ਛੱਡਣ ਵਾਲੀ ਨਹੀਂ ਹੈ। ਪੰਜਾਬ ਪੁਲਸ ਅਜਿਹੇ ਮੁਲਜ਼ਮਾਂ ਲਈ 'ਈ-ਸਾਈਕਲ' ਦੀ ਮਦਦ ਲੈ ਰਹੀ ਹੈ। ਅਸਲ 'ਚ 'ਹੀਰੋ ਸਾਈਕਲ' ਨੇ ਇਹ 'ਈ-ਬਾਈਕ ਸਾਈਕਲਾਂ' ਲੁਧਿਆਣਾ ਪੁਲਸ ਨੂੰ ਭੇਂਟ ਕੀਤੀਆਂ ਹਨ। ਕਈ ਵਾਰ ਪੁਲਸ ਨੂੰ ਤੁਰੰਤ ਪ੍ਰਕਿਰਿਆ ਦੇਣ ਅਤੇ ਅਪਰਾਧੀਆਂ ਦਾ ਪਿੱਛਾ ਕਰਨ ਦੌਰਾਨ ਭੀੜ-ਭਾੜ ਵਾਲੇ ਇਲਾਕਿਆਂ, ਤੰਗ ਗਲੀਆਂ ਅਤੇ ਸੜਕੀ ਆਵਾਜਾਈ ਵਰਗੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਪੁਲਸ ਲਈ ਇਹ ਬਹੁਤ ਹੀ ਵਧੀਆ ਬਦਲ ਹੈ। 'ਈ-ਬਾਈਕ' ਪੁਰਾਣੇ ਸਾਈਕਲਾਂ 'ਤੇ ਕੀਤਾ ਗਿਆ ਇਕ ਮਹੱਤਵਪੂਰਨ ਸੁਧਾਰ ਹੈ ਅਤੇ ਇਹ 25 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫਤਾਰ ਨਾਲ ਬਿਨਾ ਪੈਡਲਿੰਗ ਦੇ ਕਰੀਬ 25-30 ਕਿਲੋਮੀਟਰ ਤੱਕ ਪੁੱਜਣ ਦੇ ਸਮਰੱਥ ਹੈ। ਪੈਡਲ ਦੀ ਵਰਤੋਂ ਹੋਣ 'ਤੇ ਇਹ ਦੂਰੀ ਹੋਰ ਜ਼ਿਆਦਾ ਹੋ ਸਕਦੀ ਹੈ।
ਲੁਧਿਆਣਾ ਪੁਲਸ ਦਾ ਕਹਿਣਾ ਹੈ ਕਿ ਉਹ ਫਿਲਹਾਲ ਇਨ੍ਹਾਂ 'ਈ-ਸਾਈਕਲਾਂ' ਨੂੰ ਬਦਲ ਦੇ ਤੌਰ 'ਤੇ ਇਸਤੇਮਾਲ ਕਰੇਗੀ। ਇਹ ਬਦਲ ਪੁਲਸ ਦੇ ਪੁਰਾਣੇ ਵਾਹਨਾਂ ਜਿਵੇਂ ਕਿ ਜੀਪ ਅਤੇ ਮੋਟਰਸਾਈਕਲ ਦੇ ਮੁਕਾਬਲੇ ਪ੍ਰਦੂਸ਼ਣ ਨਹੀਂ ਫੈਲਾਉਂਦੇ ਅਤੇ ਆਵਾਜਾਈ ਵਾਲੀਆਂ ਥਾਵਾਂ ਤੋਂ ਭੱਜਣ ਵਾਲੇ ਅਪਰਾਧੀਆਂ ਨੂੰ ਇਨ੍ਹਾਂ ਦੀ ਸਹਾਇਤਾ ਨਾਲ ਤੇਜ਼ੀ ਨਾਲ ਅਤੇ ਆਸਾਨੀ ਨਾਲ ਫੜ੍ਹਿਆ ਜਾ ਸਕਦਾ ਹੈ। ਫਿਲਹਾਲ ਪੁਲਸ ਨੂੰ ਅਜੇ ਅਜਿਹੀਆਂ ਚਾਰ 'ਈ-ਸਾਈਕਲਾਂ' ਹੀ ਦਿੱਤੀਆਂ ਗਈਆਂ ਹਨ, ਜਿਸ ਦੀ ਕੀਮਤ 27 ਹਜ਼ਾਰ ਰੁਪਏ ਹੈ ਅਤੇ ਇਸ 'ਚ ਹਰੇਕ 100 ਕਿਲੋਮੀਟਰ ਦੀ ਯਾਤਰਾ ਲਈ ਸਿਰਫ 7 ਰੁਪਏ ਦੀ ਲਾਗਤ ਆਉਂਦੀ ਹੈ, ਜੋ ਮੋਟਰਸਾਈਕਲ ਦੇ ਖਰਚੇ ਦਾ ਸਿਰਫ 1/50ਵਾਂ ਹਿੱਸਾ ਹੈ।