ਪੰਜਾਬ ਪੁਲਸ ਦੀ ਨਸ਼ਾ ਸਮੱਗਲਰਾਂ ਖਿਲਾਫ ਵੱਡੀ ਕਾਰਵਾਈ, ਕਰੋੜਾਂ ਦੀ ਪ੍ਰਾਪਰਟੀ ਜ਼ਬਤ

Wednesday, Nov 06, 2019 - 01:12 PM (IST)

ਪੰਜਾਬ ਪੁਲਸ ਦੀ ਨਸ਼ਾ ਸਮੱਗਲਰਾਂ ਖਿਲਾਫ ਵੱਡੀ ਕਾਰਵਾਈ, ਕਰੋੜਾਂ ਦੀ ਪ੍ਰਾਪਰਟੀ ਜ਼ਬਤ

ਜਲੰਧਰ (ਧਵਨ)— ਪੰਜਾਬ ਪੁਲਸ ਨੇ ਨਸ਼ਾ ਸਮੱਗਲਰਾਂ ਖਿਲਾਫ ਇਕ ਸਖਤ ਕਾਰਵਾਈ ਕਰਦੇ ਹੋਏ ਤਰਨਤਾਰਨ ਦੇ 8 ਨਸ਼ਾ ਸਮੱਗਲਰਾਂ ਦੀ ਕਰੋੜਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਹੈ। ਇਨ੍ਹਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕਈ ਮਾਮਲੇ ਦਰਜ ਸਨ ਅਤੇ ਇਨ੍ਹਾਂ ਦੀ ਪੁਲਸ ਵੱਲੋਂ 3.90 ਕਰੋੜ ਦੀ ਪ੍ਰਾਪਰਟੀ ਨੂੰ ਜ਼ਬਤ ਕੀਤੀ ਗਈ ਹੈ। ਭਾਰਤ ਸਰਕਾਰ ਦੇ ਮਾਲੀਆ ਵਿਭਾਗ ਕੋਲੋਂ ਕਲੀਅਰੈਂਸ ਮਿਲਦੇ ਹੀ ਪੁਲਸ ਨੇ ਇਨ੍ਹਾਂ ਸਮੱਗਲਰਾਂ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਜ਼ਬਤ ਕਰ ਲਿਆ। 

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਾਇਦਾਦ ਜ਼ਬਤ ਕਰਵਾਉਣ ਦੇ ਮਾਮਲੇ 'ਚ ਭਾਰਤ ਸਰਕਾਰ ਦੇ ਮਾਲੀਆ ਵਿਭਾਗ ਕੋਲੋਂ ਕਲੀਅਰੈਂਸ ਜ਼ਰੂਰੀ ਸੀ। ਪੁਲਸ ਨੇ ਇਹ ਕਲੀਅਰੈਂਸ ਸਮੱਗਲਰ ਐਂਡ ਫਾਰੇਨ ਐਕਸਚੇਂਜ ਮੈਨੁਪੁਲੇਟਰਜ਼ ਐਕਟ 1976 ਅਤੇ ਐੱਨ. ਡੀ. ਪੀ. ਐੱਸ. ਐਕਟ 1985 ਦੀ ਧਾਰਾ 68 ਐੱਫ. (2) ਦੇ ਤਹਿਤ ਮੰਗੀ ਸੀ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੁਲਸ ਵੱਲੋਂ ਇਨ੍ਹਾਂ ਨਸ਼ਾ ਸਮੱਗਲਰਾਂ ਖਿਲਾਫ ਕੀਤੀ ਗਈ ਕਾਰਵਾਈ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਨਸ਼ਿਆਂ ਨੂੰ ਸੂਬੇ 'ਚੋਂ ਖਤਮ ਕਰਨ ਦੇ ਮਾਮਲੇ ਨੂੰ ਲੈ ਕੇ ਚੱਲ ਰਹੀ ਮੁਹਿੰਮ ਨੂੰ ਮਜ਼ਬੂਤੀ ਦੇਣ 'ਚ ਮਦਦ ਮਿਲੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ ਿਵਚ ਪਹਿਲਾਂ ਹੀ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਲਈ ਹਰੀ ਝੰਡੀ ਦਿੱਤੀ ਹੋਈ ਹੈ। 
ਬੁਲਾਰੇ ਨੇ ਦੱਿਸਆ ਕਿ ਮੁਖਤਿਆਰ ਸਿੰਘ ਉਰਫ ਕਾਕਾ ਪੁੱਤਰ ਅਮਰੀਕ ਸਿੰਘ ਖਿਲਾਫ ਪੁਲਸ ਥਾਣਾ ਸਰਾਏ ਅਮਾਨਤ ਖਾਨ 'ਚ 1 ਕਿਲੋ ਹੈਰੋਇਨ ਬਰਾਮਦ ਹੋਣ 'ਤੇ ਐੱਫ. ਆਈ. ਆਰ. ਦਰਜ ਹੈ ਅਤੇ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਦਾ ਜ਼ਿਆਦਾਤਰ ਹਿੱਸਾ ਇਸੇ ਨਸ਼ਾ ਸਮੱਗਲਰ ਨਾਲ ਸਬੰਧ ਰੱਖਦਾ ਹੈ। ਪੁਲਸ ਨੇ ਉਸ ਦੀ 1.2 ਕਰੋੜ ਦੀ ਜਾਇਦਾਦ ਨੂੰ ਜ਼ਬਤ ਕੀਤਾ ਹੈ, ਜਿਸ ਵਿਚ ਉਸ ਦੀ 65 ਕਨਾਲ ਤੇ 19 ਮਰਲੇ ਦੀ ਖੇਤੀ ਵਾਲੀ ਜ਼ਮੀਨ ਸ਼ਾਮਲ ਹੈ, ਜਿਸ ਦੀ ਕੀਮਤ 83,43,750 ਰੁਪਏ ਸੀ, ਜਦੋਂਕਿ ਰਿਹਾਇਸ਼ੀ ਜਾਇਦਾਦ ਦੀ ਕੀਮਤ 34,29, 680 ਰੁਪਏ ਸੀ।

ਇਕ ਹੋਰ ਮਾਮਲੇ 'ਚ ਸੁਖਬੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ ਹਲੇਲੀਆਂ ਖਿਲਾਫ 9 ਜੁਲਾਈ 2012 ਨੂੰ ਐੱਫ. ਆਈ. ਆਰ. ਨੰਬਰ 119 ਦਰਜ ਹੋਈ ਸੀ, ਜਿਸ ਦੀ 73,22,500 ਰੁਪਏ ਦੀ ਪ੍ਰਾਪਰਟੀ ਨੂੰ ਜ਼ਬਤ ਕੀਤਾ ਗਿਆ ਹੈ। ਜਸਬੀਰ ਸਿੰਘ ਪੁੱਤਰ ਚਾਨਣ ਸਿੰਘ ਦੀ 60 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ, ਜਿਸ 'ਚ ਉਸ ਦੀ 46 ਲੱਖ ਰੁਪਏ ਦੀ ਖੇਤੀ ਵਾਲੀ ਜ਼ਮੀਨ ਹੈ ਅਤੇ 14,01,160 ਰੁਪਏ ਦੀ ਰਿਹਾਇਸ਼ੀ ਪ੍ਰਾਪਰਟੀ ਸ਼ਾਮਲ ਹੈ। ਪੁਲਸ ਨੇ ਜਸਬੀਰ ਸਿਘ ਕੋਲੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਅਤੇ ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀ। ਨਸ਼ਾ ਸਮੱਗਲਰ ਦਿਲਸ਼ੇਰ ਸਿੰਘ ਪੁੱਤਰ ਸਰਮੁੱਖ ਸਿੰਘ ਪਿੰਡ ਹਵੇਲੀਆਂ ਦੀ 36 ਲੱਖ ਰੁਪਏ ਦੀ ਰਿਹਾਇਸ਼ੀ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ, ਜਿਸ ਖਿਲਾਫ 2 ਅਗਸਤ 2013 ਨੂੰ ਪੁਲਸ ਥਾਣਾ ਸਰਾਏ ਅਮਾਨਤ ਖਾਨ 'ਚ 1.3 ਕਿਲੋ ਹੈਰੋਇਨ ਬਰਾਮਦ ਹੋਣ 'ਤੇ ਐੱਫ. ਆਈ. ਆਰ. ਨੰ. 55 ਦਰਜ ਕੀਤੀ ਗਈ ਸੀ। 

ਸੁਖਬੀਰ ਸਿੰਘ ਦੀ 34 ਲੱਖ ਰੁਪਏ ਦੀ ਖੇਤੀ ਯੋਗ ਅਤੇ ਰਿਹਾਇਸ਼ੀ ਪ੍ਰਾਪਰਟੀ ਨੂੰ ਜ਼ਬਤ ਕੀਤਾ ਗਿਆ ਹੈ। ਸੁਖਬੀਰ ਖਿਲਾਫ 19 ਜੁਲਾਈ 2011 ਨੂੰ 2 ਕਿਲੋ ਹੈਰੋਇਨ ਬਰਾਮਦ ਹੋਣ 'ਤੇ ਐੱਫ. ਆਈ. ਆਰ. ਨੰ. 19 ਦਰਜ ਹੋਈ ਸੀ। ਇਸੇ ਤਰ੍ਹਾਂ ਲੱਖਾ ਪੁੱਤਰ ਸੁਖਦੇਵ ਸਿੰਘ ਵਾਸੀ ਸਰਾਏ ਅਮਾਨਤ ਖਾਨ ਦੀ 46 ਲੱਖ ਰੁਪਏ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ, ਜਿਸ ਖਿਲਾਫ 8 ਮਈ 2014 ਨੂੰ 2.5 ਕਿਲੋ ਹੈਰੋਇਨ ਬਰਾਮਦ ਹੋਣ 'ਤੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀ। ਬਲਕਾਰ ਸਿੰਘ ਪੁੱਤਰ ਬਲਵੰਤ ਸਿੰਘ ਜਿਸ ਨੂੰ ਤਰਨਤਾਰਨ ਪੁਲਸ ਨੇ 1 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਸੀ, ਦੀ 19 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਉਸ ਖਿਲਾਫ 16 ਜੂਨ 2014 ਨੂੰ ਐੱਫ. ਆਈ. ਆਰ. ਨੰ. 76 ਦਰਜ ਕੀਤਾ ਗਿਆ ਸੀ।


author

shivani attri

Content Editor

Related News