ਉਦਯੋਗਿਕ ਹਾਦਸਿਆਂ ਤੋਂ ਬਚਾਅ ਮਾਮਲੇ ''ਚ ਪੰਜਾਬ ਦੀ ਕਾਰਗੁਜ਼ਾਰੀ ਹੋਰ ਸੂਬਿਆਂ ਤੋਂ ਬਿਹਤਰ

Monday, Mar 05, 2018 - 07:05 AM (IST)

ਚੰਡੀਗੜ੍ਹ (ਰਮਨਜੀਤ) - 47ਵੇਂ ਰਾਸ਼ਟਰੀ ਸੁਰੱਖਿਆ ਦਿਨ ਦੇ ਸਬੰਧ ਵਿਚ ਐਤਵਾਰ ਨੂੰ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਸੀ. ਆਈ. ਆਈ.  ਚੰਡੀਗੜ੍ਹ 'ਚ ਕਰਵਾਇਆ ਗਿਆ। ਉਦਯੋਗਿਕ ਇਕਾਈਆਂ 'ਚ ਹਾਦਸਾ ਮੁਕਤ ਅਤੇ ਤੰਦਰੁਸਤ ਕਾਰਜ ਮਾਹੌਲ ਬਣਾਉਣ ਲਈ ਸੁਰੱਖਿਆ ਉਪਰਾਲਿਆਂ ਪ੍ਰਤੀ ਮੈਨੇਜਮੈਂਟ ਅਤੇ ਮਜ਼ਦੂਰਾਂ ਵਿਚ ਜਾਗਰੂਕਤਾ ਅਤੇ ਜ਼ਿੰਮੇਦਾਰੀ ਦੀ ਭਾਵਨਾ ਪੈਦਾ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ। ਇਸ ਮੌਕੇ ਸੁਰੱਖਿਆ ਉਪਰਾਲਿਆਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਮੈਨੇਜਮੈਂਟਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਮਜ਼ਦੂਰਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ, ਜੋ ਵਡਮੁੱਲੇ ਸੁਝਾਵਾਂ ਨਾਲ ਸੁਰੱਖਿਆ ਅਤੇ ਉਚ ਉਤਪਾਦਕਤਾ ਲਿਆਉਣ 'ਚ ਆਪਣੀ ਭੂਮਿਕਾ ਨਿਭਾਉਂਦੇ ਹਨ। ਇਸ ਲਈ ਮਜ਼ਦੂਰਾਂ ਨੂੰ ਕਿਰਤ ਸ਼੍ਰੋਮਣੀ ਇਨਾਮ ਅਤੇ ਕਿਰਤ ਵੀਰ ਇਨਾਮ ਪ੍ਰਦਾਨ ਕੀਤੇ ਜਾਂਦੇ ਹਨ। ਸਾਲ 2016 ਲਈ 32 ਮੈਨੇਜਮੈਂਟਾਂ ਤੇ ਸਾਲ 2017 ਲਈ 31 ਮੈਨੇਜਮੈਂਟਾਂ ਨੂੰ ਉਨ੍ਹਾਂ ਦੇ ਕਾਰਖਾਨਿਆਂ 'ਚ ਸਿਫ਼ਰ ਹਾਦਸਿਆਂ ਲਈ ਰਾਜ ਸੁਰੱਖਿਆ ਇਨਾਮ ਦਿੱਤੇ ਗਏ। ਇਸ ਨਾਲ ਹੀ ਤਿੰਨ ਮਜ਼ਦੂਰਾਂ ਨੂੰ ਕਿਰਤ ਸ਼੍ਰੋਮਣੀ ਅਤੇ ਤਿੰਨ ਕਿਰਤ ਵੀਰ ਇਨਾਮ ਪ੍ਰਦਾਨ ਕੀਤੇ ਗਏ।  
ਇਸ ਮੌਕੇ ਪੰਜਾਬ ਦੇ ਕਿਰਤ ਕਮਿਸ਼ਨਰ ਤੇ ਸਹਿ-ਡਾਇਰੈਕਟਰ ਕਾਰਖਾਨੇ ਤਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ 'ਚ ਹਾਦਸਾ ਦਰ ਇਕ ਹਜ਼ਾਰ ਮਜ਼ਦੂਰਾਂ ਪਿੱਛੇ ਇਕ ਹੈ, ਜੋ ਕਿ ਰਾਸ਼ਟਰੀ ਦਰ ਤੋਂ ਕਈ ਗੁਣਾ ਘੱਟ ਹੈ।  
ਮਜ਼ਦੂਰਾਂ, ਉਸਾਰੀ ਅਤੇ ਕਾਰਖਾਨਿਆਂ ਦੀ ਮਸ਼ੀਨਰੀ ਦੀ ਹੀ ਸੁਰੱਖਿਆ ਜ਼ਰੂਰੀ ਨਹੀਂ ਹੈ, ਸਗੋਂ ਕਾਰਖਾਨਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਅਤੇ ਜਾਇਦਾਦ ਦੀ ਵੀ ਸੁਰੱਖਿਆ ਹੋਣੀ ਜ਼ਰੂਰੀ ਹੈ।  ਇਸ ਤਰ੍ਹਾਂ ਦੇ ਉਪਰਾਲਿਆਂ ਦੀ ਰੋਕਥਾਮ ਤੇ ਬੜ੍ਹਾਵਾ ਦੇਣ ਲਈ ਸਿੱਖਿਆ, ਅਧਿਆਪਨ, ਸਲਾਹ ਅਤੇ ਸੂਚਨਾ ਦਾ ਅਦਾਨ-ਪ੍ਰਦਾਨ ਅਤੇ ਚੰਗੇ ਅਭਿਆਸ ਜ਼ਰੂਰੀ ਹਨ।
ਕਿਰਤ ਵਿਭਾਗ ਪੰਜਾਬ ਦੇ ਮੁੱਖ ਸਕੱਤਰ ਸੰਜੇ ਕੁਮਾਰ ਨੇ ਇਸ ਮੌਕੇ ਕਿਹਾ ਕਿ ਫੈਕਟਰੀ ਡਾਇਰੈਕਟਰ ਕਾਰਖਾਨਿਆਂ ਦੇ ਮੈਨੇਜਮੈਂਟ ਲਈ ਮਿੱਤਰ, ਦਾਰਸ਼ਨਿਕ ਅਤੇ ਗਾਈਡ ਦੇ ਰੂਪ ਵਿਚ ਆਪਣੀ ਭੂਮਿਕਾ ਨਿਭਾਅ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਸੁਰੱਖਿਅਤ ਅਤੇ ਵਧੀਆ ਕੰਮ ਕਰਨ ਲਈ ਕਾਨੂੰਨ ਅਨੁਸਾਰ ਜ਼ਰੂਰੀ ਵਿਵਸਥਾ ਕਰਨ 'ਚ ਸਹਾਇਤਾ ਮਿਲ ਸਕੇ। ਇਸ ਵਿਚ ਜਾਂਚ ਦਾ ਕਾਫ਼ੀ ਅਹਿਮ ਸਥਾਨ ਅਤੇ ਇਸ ਲਈ ਵਿਭਾਗ ਵੱਲੋਂ ਵੱਖਰੀ ਤਰ੍ਹਾਂ ਦੇ ਅਧਿਐਨ ਕੀਤੇ ਜਾਂਦੇ ਰਹਿੰਦੇ ਹਨ। ਮੈਂ ਉਨ੍ਹਾਂ ਨੂੰ ਇਸ ਮੋਰਚੇ 'ਤੇ ਜ਼ਿਆਦਾ ਕੰਮ ਕਰਨ ਲਈ ਸਲਾਹ ਦਿੰਦਾ ਹਾਂ ਕਿਉਂਕਿ ਇਹ ਮਜ਼ਦੂਰਾਂ ਲਈ ਅਤੇ ਮੈਨੇਜਮੈਂਟ ਲਈ ਵੀ ਫਾਇਦੇਮੰਦ ਹੈ। ਅਸੀਂ ਸਮੇਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਕਈ ਬਦਲਾਅ ਵੀ ਕੀਤੇ ਹਨ। ਨਵੀਂ ਅਧਿਐਨ ਨੀਤੀ ਤਿਆਰ ਕੀਤੀ ਗਈ ਹੈ।  ਹੁਣ ਕਾਰਖਾਨਿਆਂ ਦੀ ਕੰਪਿਊਟਰ ਜਨਰੇਟਿਡ ਸੂਚੀ ਡਾਇਰੈਕਟਰਾਂ ਨੂੰ ਭੇਜੀ ਜਾਂਦੀ ਹੈ। ਖੁਦ ਪ੍ਰਮਾਣਨ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ।
ਵਿਭਾਗ ਵੱਲੋਂ ਕੀਤੇ ਗਏ ਕੰਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਿਭਾਗ ਪੰਜਾਬ 'ਚ 99 ਫੀਸਦੀ ਕਾਰਖਾਨੇ ਹਾਦਸਾ ਮੁਕਤ ਰੱਖਣ 'ਚ ਸਫਲ ਰਿਹਾ ਹੈ। ਉਦਯੋਗਿਕ ਖੇਤਰ 'ਚ ਸੁਰੱਖਿਆ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਮੁੱਖ ਸਕੱਤਰ ਸੰਜੇ ਕੁਮਾਰ ਨੇ ਕਿਹਾ ਕਿ ਉਦਯੋਗਿਕੀਕਰਨ ਅਤੇ ਆਰਥਿਕ ਵਿਕਾਸ, ਸਾਰੇ ਵਿਕਾਸ ਲਈ ਮਹੱਤਵਪੂਰਨ ਹੈ ਪਰ ਇਹ ਮਜ਼ਦੂਰਾਂ ਦੀ ਸਿਹਤ ਅਤੇ ਸੁਰੱਖਿਆ ਦੀ ਕੀਮਤ 'ਤੇ ਨਹੀਂ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਾਰਖਾਨੇ ਦੇ ਡਾਇਰੈਕਟੋਰੇਟ, ਪੰਜਾਬ ਦੇ ਕੰਮਕਾਜ 'ਤੇ ਤਸੱਲੀ ਪ੍ਰਗਟ ਕੀਤੀ।  ਇਸ ਦੌਰਾਨ ਸਾਰੇ ਮੌਜੂਦ ਲੋਕਾਂ ਵਲੋਂ ਕਾਰਜ ਮਾਹੌਲ ਸੁਰੱਖਿਅਤ, ਤੰਦਰੁਸਤ ਅਤੇ ਸਵੱਛ ਰੱਖਣ ਲਈ ਸੁਰੱਖਿਆ ਦੇ ਤਰੀਕੇ ਨੂੰ ਅਪਣਾਉਣ ਲਈ 'ਸੁਰੱਖਿਆ ਸਹੁੰ' ਚੁੱਕੀ।


Related News