PNB ''ਚ ਸਰਵਰ ਦੀ ਸਮੱਸਿਆ, ਕਰੋੜਾਂ ਦਾ ਕੰਮਕਾਜ ਠੱਪ ਤੇ ਗਾਹਕ ਹੋਏ ਪਰੇਸ਼ਾਨ

02/07/2018 6:41:11 PM

ਜਲੰਧਰ(ਅਮਿਤ)— ਪੰਜਾਬ ਨੈਸ਼ਨਲ ਬੈਂਕ ਦੀਆਂ ਸਾਰੀਆਂ ਬਰਾਂਚਾਂ 'ਚ ਪਿਛਲੇ ਕੁਝ ਦਿਨਾਂ ਤੋਂ ਸਰਵਰ ਦੀ ਸਮੱਸਿਆ ਚੱਲ ਰਹੀ ਹੈ, ਜਿਸ ਕਾਰਨ ਲੱਖਾਂ ਗਾਹਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਪੂਰੇ ਪ੍ਰਦੇਸ਼ ਦੇ ਅੰਦਰ ਪੀ. ਐੱਨ. ਬੀ. ਦੀਆਂ ਕਈ ਬਰਾਂਚਾਂ 'ਚ ਆਰ. ਟੀ. ਜੀ. ਐੱਸ, ਐੱਨ. ਈ. ਐੱਫ. ਟੀ, ਕਲੇਅਰਿੰਗ, ਡਰਾਫਟ, ਜਮ੍ਹਾ ਅਤੇ ਨਿਕਾਸੀ ਦਾ ਕੰਮ ਪ੍ਰਭਾਵਿਤ ਹੀ ਨਹੀਂ ਹੋ ਰਿਹਾ ਸਗੋਂ ਪੂਰੀ ਤਰ੍ਹਾਂ ਨਾਲ ਠੱਪ ਪਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਹਾਲਾਤ ਆਮ ਹੋਣ 'ਚ ਅਜੇ ਘੱਟੋ-ਘੱਟ 20 ਦਿਨ ਹੋਰ ਲੱਗ ਸਕਦੇ ਹਨ। ਬੈਂਕਾਂ ਦੇ ਨਾਲ ਡੀਲ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਕਿਵੇਂ ਦਾ ਡਿਜ਼ੀਟਲ ਇੰਡੀਆ ਹੈ। ਕੁਝ ਥਾਵਾਂ 'ਤੇ ਸਰਵਰ ਦੀ ਸਮੱਸਿਆ ਕਾਰਨ ਚੈੱਕ ਕਲੇਅਰਿੰਗ ਦਾ ਕੰਮ ਬੰਦ ਪਿਆ ਹੈ, ਜਿਸ ਕਾਰਨ ਜੇਕਰ ਕਿਸੇ ਖਾਤਾਧਾਰਕ ਵੱਲੋਂ ਪੰਜਾਬ ਨੈਸ਼ਨਲ ਬੈਂਕ ਦਾ ਆਪਣੇ ਖਾਤੇ ਦਾ ਚੈੱਕ ਕਿਸੇ ਦੂਜੇ ਬੈਂਕ 'ਚ ਜਮ੍ਹਾ ਕਰਵਾਇਆ ਗਿਆ ਤਾਂ ਦੋ ਦਿਨ ਬਾਅਦ ਦੂਜੇ ਬੈਂਕ ਵੱਲੋਂ ਚੈੱਕ ਇਹ ਕਹਿ ਕੇ ਵਾਪਸ ਕਰ ਦਿੱਤਾ ਕਿ ਪੀ. ਐੱਨ. ਬੀ. ਦੇ ਸਰਵਰ ਕਾਰਨ ਕਲੇਅਰਿੰਗ ਦਾ ਕੰਮ ਬੰਦ ਹੈ। 
ਧਿਆਨ ਦੇਣ ਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਨੈਸ਼ਨਲ ਬੈਂਕ ਵਾਲੇ ਆਪਣੇ ਸਰਵਰ ਨੂੰ ਅਪਡੇਟ ਕਰਨ 'ਚ ਲੱਗੇ ਹੋਏ ਹਨ। ਦਿੱਲੀ ਅਤੇ ਮੁੰਬਈ ਡਾਟਾ ਸੈਂਟਰ 'ਚ ਇੰਫੋਸਿਸ ਕੰਪਨੀ ਸਰਵਰ ਨੂੰ ਅਪਡੇਟ ਕਰਨ 'ਚ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਫਿਨੈਕੱਲ-7 'ਤੇ ਬੈਂਕ ਦੀਆਂ ਬਰਾਂਚਾਂ ਕੰਮ ਕਰਦੀਆਂ ਸਨ ਪਰ ਹੁਣ ਫਿਨੈਕੱਲ 10 ਵਰਜ਼ਨ ਅਪਡੇਟ ਕੀਤਾ ਜਾ ਰਿਹਾ ਹੈ। ਜਿਸ 'ਚ ਥੋੜ੍ਹੀ ਪਰੇਸ਼ਾਨੀ ਆਉਣੀ ਸੁਭਾਵਿਕ ਹਨ ਪਰ ਬਿਨਾਂ ਕਿਸੇ ਜ਼ਮੀਨੀ ਤਿਆਰੀ ਦੇ ਅਚਾਨਕ ਸਿਸਟਮ ਅਪਡੇਟ ਕਰਨ ਨਾਲ ਗਾਹਕਾਂ ਲਈ ਪਰੇਸ਼ਾਨੀ ਬਣ ਚੁੱਕੀ ਹੈ। ਬਰਾਂਚਾਂ 'ਚ ਡਰਾਫਟ ਤੱਕ ਨਹੀਂ ਬਣ ਰਹੇ ਹਨ। ਸ਼ਹਿਰੀ ਇਲਾਕੇ ਦੀਆਂ ਬਰਾਂਚਾਂ 'ਚ ਜਿੱਥੇ ਲੀਜ਼-ਲਾਈਨਸ ਹੈ, ਉਥੇ ਹੀ ਵੱਡੀ ਮੁਸ਼ਕਿਲ ਨਾਲ 10-20 ਟਰਾਂਸੈਕਸ਼ਨ ਹੋ ਪਾ ਰਹੀਆਂ ਹਨ। ਜਦਕਿ ਪੇਂਡੂ ਬਰਾਂਚਾਂ ਦੇ ਹਾਲਾਤ ਬੇਹੱਦ ਖਰਾਬ ਹਨ ਕਿਉਂਕਿ ਉਥੇ ਕੰਮਕਾਜ ਵੀ-ਸੈੱਟ ਕਨੈਕਟੀਵਿਟੀ ਨਾਲ ਹੁੰਦਾ ਹੈ, ਜਿਸ ਕਾਰਨ ਕੰਮਕਾਜ ਪੂਰੀ ਤਰ੍ਹਾਂ ਨਾਲ ਬੰਦ ਪਿਆ ਹੋਇਆ ਹੈ। ਇਥੇ ਬੈਂਕ ਦੀਆਂ ਬਹੁਤ ਸਾਰੀਆਂ ਬਰਾਂਚਾਂ ਦੇ ਕਰਮਚਾਰੀ ਅਤੇ ਅਧਿਕਾਰੀ ਬੈਂਕ ਤਾਂ ਹਰ ਰੋਜ਼ ਜਾਂਦੇ ਹਨ ਪਰ ਬਗੈਰ ਕੋਈ ਕੰਮ ਕੀਤੇ ਆਪਣੇ ਨਜ਼ਦੀਕ ਸ਼ਹਿਰ ਦੀ ਬਰਾਂਚ 'ਚ ਸ਼ਾਮ ਨੂੰ ਜਾ ਕੇ ਡੇਅ-ਓਪਨ ਅਤੇ ਡੇਅ-ਐਂਡ ਕਰਨ ਲਈ ਮਜਬੂਰ ਹਨ। ਇਨ੍ਹਾਂ ਬਰਾਂਚਾਂ 'ਚ ਬਗੈਰ ਲੀਜ਼-ਲਾਈਨ ਜਾਂ ਰੇਡੀਓ ਫ੍ਰੀਕਵੈਂਸੀ (ਆਰ.ਐੱਫ.) ਦੇ ਹਾਲਤ ਆਮ ਹੋਣ ਦੀ ਗੁੰਜਾਇਸ਼ ਨਜ਼ਰ ਨਹੀਂ ਆ ਰਹੀ ਹੈ।


Related News