ਰਾਸ਼ਟਰਪਤੀ ਰਾਜ ਤੋਂ ਬਾਅਦ ਪਹਿਲੀ ਵਾਰ ਰਾਜਪਾਲ ਨੇ ਸਰਕਾਰ ਦੇ ਕੰਮਕਾਜ ’ਚ ਦਖ਼ਲ-ਅੰਦਾਜ਼ੀ ਕੀਤੀ: ਕੁਲਦੀਪ ਧਾਲੀਵਾਲ
Sunday, Oct 23, 2022 - 12:34 PM (IST)

ਜਲੰਧਰ (ਧਵਨ)-ਪੰਜਾਬ ਦੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੁਣੇ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਸਾਥੀ ਵਜੋਂ ਜਾਣੇ ਜਾਂਦੇ ਕੁਲਦੀਪ ਸਿੰਘ ਧਾਲੀਵਾਲ ਲੰਬੇ ਸਮੇਂ ਤੋਂ ਸਿਆਸਤ ’ਚ ਹਨ। ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਧਾਲੀਵਾਲ ਦੀ ਖ਼ਾਸੀਅਤ ਇਹ ਹੈ ਕਿ ਉਹ ਮੰਤਰੀ ਬਣਨ ਤੋਂ ਬਾਅਦ ਵੀ ਆਪਣੇ ਖੇਤਾਂ ’ਚ ਖ਼ੁਦ ਟਰੈਕਟਰ ਚਲਾ ਕੇ ਵਾਹੀ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਇਸ ਵਾਰ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੇ ਅਮਰਪਾਲ ਸਿੰਘ ਸਿੰਘ ਅਜਨਾਲਾ ਨੂੰ ਹਰਾਇਆ ਸੀ। ਕੁਲਦੀਪ ਧਾਲੀਵਾਲ ਨੂੰ 43555 ਵੋਟਾਂ ਮਿਲੀਆਂ, ਜਦਕਿ ਅਕਾਲੀ ਦਲ ਦੇ ਅਮਰਪਾਲ ਸਿੰਘ ਨੂੰ 35712 ਅਤੇ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਨੂੰ 33853 ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਕੁੱਲ ਵੋਟਰਾਂ ’ਚੋਂ 35.69 ਫੀਸਦੀ ਨੇ ਧਾਲੀਵਾਲ ਦਾ ਸਾਥ ਦਿੱਤਾ। ਪੰਜਾਬ ਦੀ ਰਾਜਨੀਤੀ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ. ਏ. ਯੂ.) ਲੁਧਿਆਣਾ ਦੇ ਵੀ. ਸੀ. ਡਾ. ਸਤਬੀਰ ਸਿੰਘ ਗੋਸਲ ਦੀ ਨਿਯੁਕਤੀ ਨੂੰ ਲੈ ਕੇ ਕਾਫ਼ੀ ਗਰਮਾਈ ਹੋਈ ਹੈ, ਕਿਉਂਕਿ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਇਹ ਨਿਯੁਕਤੀ ਰੱਦ ਕਰਨ ਲਈ ਕਿਹਾ ਹੈ। ਇਸ ਸਬੰਧ ’ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਅੱਜ ਵਿਸ਼ੇਸ਼ ਗੱਲਬਾਤ ਕੀਤੀ ਗਈ, ਜਿਸ ਦੇ ਮੁੱਖ ਅੰਸ਼ ਇਸ ਤਰ੍ਹਾਂ ਹਨ :
-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੱਤਰ ’ਚ ਜਿਸ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ, ਉਹ ਅਸ਼ੋਭਨੀਕ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੱਤਰ ’ਚ ਰਾਜਪਾਲ ਪ੍ਰਤੀ ਬਹੁਤ ਮਾਪੀ-ਤੁਲੀ ਭਾਸ਼ਾ ਦੀ ਵਰਤੋਂ ਕੀਤੀ ਹੈ ਅਤੇ ਰਾਜਪਾਲ ਨੂੰ ਪੂਰਾ ਮਾਣ-ਸਤਿਕਾਰ ਪੱਤਰ ’ਚ ਦਿੱਤਾ ਹੈ। ਮੁੱਖ ਮੰਤਰੀ ਨੇ ਤਾਂ ਇਹ ਵੀ ਲਿਖਿਆ ਹੈ ਕਿ ਉਹ 2-3 ਵਾਰ ਰਾਜਪਾਲ ਨੂੰ ਮਿਲੇ ਹਨ ਪਰ ਉਨ੍ਹਾਂ ਨੇ ਕਦੇ ਵੀ ਉਨ੍ਹਾਂ ਨਾਲ ਅਜਿਹਾ ਵਿਵਹਾਰ ਨਹੀਂ ਕੀਤਾ ਜਿਵੇਂ ਹੁਣ ਉਹ ਅਚਾਨਕ ਕਰਨ ਲੱਗ ਪਏ ਹਨ।
ਇਹ ਵੀ ਪੜ੍ਹੋ: ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਕੈਲੀਫ਼ੋਰਨੀਆ ਵਿਖੇ ਹਾਦਸੇ 'ਚ ਭੋਗਪੁਰ ਦੇ ਨੌਜਵਾਨ ਦੀ ਮੌਤ
-ਰਾਜਪਾਲ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਪੀ. ਏ. ਯੂ. ਦੇ ਵੀ. ਸੀ. ਡਾ. ਗੋਸਲ ਦੀ ਨਿਯੁਕਤੀ ਰੱਦ ਨਾ ਕੀਤੀ ਤਾਂ ਉਹ ਕਾਨੂੰਨੀ ਰਾਏ ਲੈਣਗੇ।
ਪੀ. ਏ. ਯੂ. ਦੇ ਵੀ. ਸੀ. ਡਾ. ਗੋਸਲ ਦੀ ਨਿਯੁਕਤੀ ਰੱਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਪਰਖਣ ਤੋਂ ਬਾਅਦ ਇਕ ਖੇਤੀਬਾੜੀ ਵਿਗਿਆਨੀ ਨੂੰ ਪੀ. ਏ. ਯੂ. ਦਾ ਵੀ. ਸੀ. ਨਿਯੁਕਤ ਕੀਤਾ, ਜਿਸ ਦੀ ਪੂਰੀ ਦੁਨੀਆ ’ਚ ਸ਼ਲਾਘਾ ਹੋਈ।
-ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ’ਤੇ ਗਲਤ ਦੋਸ਼ ਲਗਾ ਰਹੇ ਹਨ। ਤੁਸੀਂ ਕੀ ਕਹਿਣਾ ਚਾਹੋਗੇ?
ਰਾਜਪਾਲ ਦੀ ਮਾਣ-ਮਰਿਆਦਾ ਪੂਰੀ ਤਰ੍ਹਾਂ ਬਰਕਰਾਰ ਰੱਖੀ ਗਈ ਹੈ ਪਰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਰਾਸ਼ਟਰਪਤੀ ਰਾਜ ਤੋਂ ਬਾਅਦ ਪੰਜਾਬ ’ਚ ਪਹਿਲੀ ਵਾਰ ਕਿਸੇ ਰਾਜਪਾਲ ਨੇ ਲੋਕਾਂ ਵੱਲੋਂ ਭਾਰੀ ਬਹੁਮਤ ਨਾਲ ਚੁਣੀ ਸਰਕਾਰ ਦੇ ਕੰਮਕਾਜ ’ਚ ਦਖ਼ਲ-ਅੰਦਾਜ਼ੀ ਕੀਤੀ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਪਿਛਲੇ 15-20 ਸਾਲਾਂ ਤੋਂ ਸਮੇਂ-ਸਮੇਂ ’ਤੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਪਰ ਰਾਜਪਾਲ ਨੇ ਕਦੇ ਵੀ ਉਨ੍ਹਾਂ ਦੇ ਕੰਮ ਵਿਚ ਦਖਲ ਨਹੀਂ ਦਿੱਤਾ। ਹੁਣ ਅਚਾਨਕ ਰਾਜਪਾਲ ਸਰਕਾਰ ਦੇ ਕੰਮਕਾਜ ’ਚ ਦਖ਼ਲ ਕਿਉਂ ਦੇ ਰਹੇ ਹਨ।
-ਰਾਜਪਾਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਚਾਨਕ ਹਮਲਾਵਰ ਰੁਖ ਕਿਉਂ ਅਪਣਾ ਲਿਆ ਹੈ। ਕੀ ਪੰਜਾਬ ’ਚ ਦਿੱਲੀ ਦਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ?
ਪਹਿਲੀ ਵਾਰ ਰਾਜਪਾਲ ਨੂੰ ਪੰਜਾਬ ਸਰਕਾਰ ਨਾਲ ਸਬੰਧਤ ਮਾਮਲਿਆਂ ਬਾਰੇ ਪ੍ਰੈੱਸ ਕਾਨਫ਼ਰੰਸ ਕਰਨੀ ਪੈ ਰਹੀ ਹੈ। ਅਜਿਹਾ ਪਹਿਲਾਂ ਤਾਂ ਕਦੇ ਨਹੀਂ ਹੋਇਆ ਸੀ। ਰਾਜਪਾਲ ਪਹਿਲੀ ਵਾਰ ਮੁੱਖ ਮੰਤਰੀ ਨੂੰ ਪੱਤਰ ਲਿਖ ਰਹੇ ਹਨ, ਇਸ ਪਿੱਛੇ ਉਨ੍ਹਾਂ ਦੀ ਮਨਸ਼ਾ ਸਾਫ਼ ਝਲਕਦੀ ਹੈ।
-ਕੀ ਸਰਕਾਰ ਹੁਣ ਪੀ. ਏ. ਯੂ. ਦੇ ਵੀ. ਸੀ. ਦੇ ਮੁੱਦੇ ’ਤੇ ਆਪਣੇ ਕਦਮ ਪਿੱਛੇ ਹਟਾਏਗੀ?
ਪੰਜਾਬ ਸਰਕਾਰ ਵੀ. ਸੀ. ਨੂੰ ਲੈ ਕੇ ਆਪਣੇ ਕਦਮ ਪਿੱਛੇ ਨਹੀਂ ਹਟਾਏਗੀ ਕਿਉਂਕਿ ਇਸ ’ਚ ਕੁਝ ਵੀ ਗਲਤ ਨਹੀਂ ਹੋਇਆ ਹੈ। ਕਾਨੂੰਨੀ ਤੌਰ ’ਤੇ ਸਭ ਕੁਝ ਠੀਕ ਸੀ।
ਇਹ ਵੀ ਪੜ੍ਹੋ: ਜਲੰਧਰ-ਜੰਮੂ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਚਾਲਕ ਦੀ ਮੌਤ
-ਤੁਹਾਨੂੰ ਕਿਉਂ ਅਜਿਹਾ ਲੱਗਦਾ ਹੈ ਕਿ ਰਾਜਪਾਲ ਦੇ ਪਿੱਛੇ ਕੋਈ ਹੋਰ ਤਾਕਤ ਕੰਮ ਕਰ ਰਹੀ ਹੈ?
ਅਸਲ ’ਚ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣ ਦੌਰੇ ਸ਼ੁਰੂ ਕੀਤੇ ਹਨ, ਉਦੋਂ ਤੋਂ ਹੀ ਪੰਜਾਬ ’ਚ ਅਚਾਨਕ ਰਾਜਪਾਲ ਹਮਲਾਵਰ ਹੋ ਗਏ ਹਨ। ਇਸ ਤੋਂ ਸਾਫ਼ ਝਲਕਦਾ ਹੈ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਕਾਰਨ ਹੀ ਰਾਜਪਾਲ ਨੂੰ ਮੋਹਰਾ ਬਣਾ ਕੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਪੰਜਾਬ ’ਚ ਖੇਡ ਖੇਡਣ ’ਚ ਲੱਗੀ ਹੋਈ ਹੈ।
-ਕੀ ਤੁਹਾਨੂੰ ਲੱਗਦਾ ਹੈ ਕਿ ਇਸ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੋ ਸਕਦਾ ਹੈ?
ਸਾਨੂੰ ਸੌ ਫ਼ੀਸਦੀ ਇਹੀ ਉਮੀਦ ਸੀ ਕਿ ਕੇਂਦਰ ਸਰਕਾਰ ਪੰਜਾਬ ਦੇ ਮਾਮਲਿਆਂ ’ਚ ਦਖ਼ਲ-ਅੰਦਾਜ਼ੀ ਕਰੇਗੀ। ਰਾਜਪਾਲ ਨੂੰ ਪੰਜਾਬ ਸਰਕਾਰ ਵਿਰੁੱਧ ਹੱਲਾਸ਼ੇਰੀ ਦੇਣ ’ਚ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਿੱਧਾ ਹੱਥ ਹੈ।
-ਕੀ ਭਵਿੱਖ ’ਚ ਵੀ ਪੰਜਾਬ ਸਰਕਾਰ ਦੇ ਕੰਮਕਾਜ ’ਚ ਰਾਜਪਾਲ ਇਸੇ ਤਰ੍ਹਾਂ ਦਖ਼ਲ ਦਿੰਦੇ ਰਹਿਣਗੇ?
ਇਹ ਸੱਚ ਹੈ ਕਿਉਂਕਿ ਚੋਣਾਂ ਖ਼ਤਮ ਹੋਣ ਤੋਂ ਬਾਅਦ ਵੀ ਸਰਕਾਰ ਨੂੰ ਇਹੀ ਲੱਗ ਰਿਹਾ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਚੁੱਪ ਬੈਠਣ ਵਾਲੀ ਨਹੀਂ ਹੈ। ਸੂਬੇ ਦੀਆਂ ਚੋਣਾਂ ਤੋਂ ਬਾਅਦ 2024 ’ਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਅਜਿਹਾ ਲੱਗਦਾ ਹੈ ਕਿ ਇਨ੍ਹਾਂ ਚੋਣਾਂ ’ਚ ਵੀ ਕੇਂਦਰ ਸਰਕਾਰ ਨੂੰ ਸਿਰਫ਼ ਆਮ ਆਦਮੀ ਪਾਰਟੀ ਹੀ ਚੁਣੌਤੀ ਦੇ ਸਕਦੀ ਹੈ। ਕਾਂਗਰਸ ਤਾਂ ਹੁਣ ਦੇਸ਼ ਵਿਚੋਂ ਹੌਲੀ-ਹੌਲੀ ਖਤਮ ਹੋ ਰਹੀ ਹੈ। ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਵੀ ਕਮਜ਼ੋਰ ਪੈ ਚੁੱਕੀ ਹੈ। ਇਸ ਲਈ ਹੁਣ ਸਿਰਫ਼ ਆਮ ਆਦਮੀ ਪਾਰਟੀ ਹੀ ਭਾਜਪਾ ਨੂੰ ਚੁਣੌਤੀ ਦੇਣ ਦੀ ਸਥਿਤੀ ’ਚ ਹੈ।
-ਪੰਜਾਬ ’ਚ ਕੇਂਦਰ ਸਰਕਾਰ ਦਖ਼ਲ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੇਗੀ?
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਮਜ਼ਬੂਤ ਹੈ ਅਤੇ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਾ ਨਾਲ ਜੁੜੇ ਕਲਿਆਣਕਾਰੀ ਫੈਸਲੇ ਲਏ ਹਨ। ਪਹਿਲੀ ਵਾਰ ਕਿਸੇ ਸਰਕਾਰ ਨੇ ਸੂਬੇ ’ਚ ਸਰਕਾਰੀ ਨੌਕਰੀਆਂ ’ਤੇ ਭਰਤੀ ਸ਼ੁਰੂ ਕੀਤੀ ਹੈ। ਇਸੇ ਤਰ੍ਹਾਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਇਤਿਹਾਸਕ ਕਦਮ ਚੁੱਕਦਿਆਂ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਹੱਕ ’ਚ ਪਹਿਰਾ ਦਿੱਤਾ ਹੈ।
-ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਕਾਂਗਰਸ ਦੇ ਕਈ ਸਾਬਕਾ ਮੰਤਰੀ ਜੇਲ ਦੀਆਂ ਸਲਾਖਾਂ ਪਿੱਛੇ ਭੇਜੇ ਜਾ ਚੁੱਕੇ ਹਨ?
ਜਿਸ ਨੇ ਵੀ ਭ੍ਰਿਸ਼ਟਾਚਾਰ ਕੀਤਾ ਹੈ, ਉਸ ਨੂੰ ਭਗਵੰਤ ਮਾਨ ਸਰਕਾਰ ਛੱਡਣ ਵਾਲੀ ਨਹੀਂ ਹੈ। ਮੁੱਖ ਮੰਤਰੀ ਨੇ ਸਹੁੰ ਚੁੱਕਦਿਆਂ ਹੀ ਕਹਿ ਦਿੱਤਾ ਸੀ ਕਿ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਦੀ ਥਾਂ ਜੇਲ ਦੀਆਂ ਸਲਾਖਾਂ ਪਿੱਛੇ ਹੋਵੇਗੀ। ਮੁੱਖ ਮੰਤਰੀ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕੋਈ ਸਮਝੌਤਾ ਕਰਨ ਵਾਲੇ ਨਹੀਂ ਹਨ। ਕਾਂਗਰਸੀਆਂ ਨੂੰ ਉਨ੍ਹਾਂ ਦੀਆਂ ਕਰਤੂਤਾਂ ਲੈ ਡੁੱਬੀਆਂ ਹਨ। ਆਉਣ ਵਾਲੇ ਸਮੇਂ ’ਚ ਹੀ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰੀਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਭੇਜਣ ਤੋਂ ਗੁਰੇਜ ਨਹੀਂ ਕਰੇਗੀ, ਜਿਸ ਨੇ ਗਲਤ ਕੰਮ ਕੀਤਾ ਹੈ, ਉਸ ਨੂੰ ਸਜ਼ਾ ਭੁਗਤਣੀ ਪਵੇਗੀ।
-ਪੰਜਾਬ ’ਚ ਭਗਵੰਤ ਮਾਨ ਸਰਕਾਰ ਨੇ ਭਰਤੀਆਂ ’ਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕਰ ਦਿੱਤਾ ਹੈ। ਤੁਸੀਂ ਕੀ ਕਹਿਣਾ ਚਾਹੋਗੇ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦੇ ਹੱਕ ’ਚ ਸਟੈਂਡ ਲਿਆ ਹੈ। ਹਰ ਸੂਬਾ ਆਪਣੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪੰਜਾਬੀਆਂ ਦੇ ਹੱਕ ’ਚ ਫ਼ੈਸਲਾ ਲਿਆ ਹੈ।
-ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਦੂਜਾ ਪੜਾਅ ਕਦੋਂ ਸ਼ੁਰੂ ਹੋਵੇਗਾ?
ਪੰਜਾਬ ਸਰਕਾਰ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਕੇ ਦਮ ਲਵੇਗੀ। ਇਸ ਦੇ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ ਅਤੇ ਕਈ ਪ੍ਰਭਾਵਸ਼ਾਲੀ ਲੋਕਾਂ ਤੋਂ ਸਰਕਾਰੀ ਜ਼ਮੀਨਾਂ ਵਾਪਸ ਲੈ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ