ਕਾਂਗਰਸ ਦੀਆਂ ਇੰਡਸਟਰੀ ਵਿਰੋਧੀ ਨੀਤੀਆਂ ਕਾਰਨ ਪੰਜਾਬ ਨੇ ਪੰਜ ਸਾਲਾਂ ''ਚ ਨਿਵੇਸ਼ ਗੁਆਇਆ: ਸੁਖਬੀਰ ਸਿੰਘ ਬਾਦਲ

Saturday, Nov 13, 2021 - 01:01 AM (IST)

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਨੇ ਪਿਛਲੇ ਤਕਰੀਬਨ ਪੰਜ ਸਾਲ ਵਿਚ ਕਾਂਗਰਸ ਰਾਜ ਕਾਲ ਦੌਰਾਨ ਨਿਵੇਸ਼ ਗੁਆ ਲਿਆ ਕਿਉਂਕਿ ਸਰਕਾਰ ਦੀਆਂ ਨੀਤੀਆਂ ਇੰਡਸਟਰੀ ਵਿਰੋਧੀ ਸਨ ਅਤੇ ਸਰਕਾਰ ਨੇ ਇਨਵੈਸਟ ਪੰਜਾਬ ਅਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਬੰਦ ਕਰ ਦਿੱਤੇ ਅਤੇ  ਕਾਂਗਰਸ ਪਾਰਟੀ ਵੱਲੋਂ ਪੰਜਾਬੀਆਂ ਨੁੰ ਨਸ਼ੇੜੀ ਕਰਾਰ ਦੇਣ ਦੀ ਮੁਹਿੰਮ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੇ ਚੋਣਵੇਂ ਉਦਯੋਗਤਪੀਆਂ ਦੇ ਇਕੱਠ ਨੁੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਦੌਰਾਨ ਸੀ.ਆਈ.ਆਈ. ਦੀ ਪੰਜਾਬ ਇਕਾਈ ਨੇ ਮੈਨੀਫੈਸਟੋ ‘ਮੇਕਿੰਗ ਪੰਜਾਬ ਫਿਊਚਰ ਰੇਡੀ’ ਵੀ ਪੇਸ਼ ਕੀਤਾ। ਸੀ.ਆਈ.ਆਈ. ਪੰਜਾਬ ਇਕਾਈ ਦੇ ਪ੍ਰਧਾਨ ਭਵਦੀਪ ਸਰਦਾਨਾ ਨੇ ਸਰਕਾਰੀ ਦੇ ਕੰਮਕਾਜ ਵਿਚ ਪਾਰਦਰਸ਼ਤਾ, ਡਿਜ਼ੀਟਾਈਜੇਸ਼ਨ, ਇੰਡਸਟਰੀ 'ਤੇ ਸਰਕਾਰ ਦਾ ਟਕਰਾਅ ਘਟਾਉਣ ਅਤੇ ਸਰਕਾਰ ਦੀਆਂ ਨੀਤੀਆਂ ਵਿਚ ਸਥਿਰਤਾ ਯਕੀਨੀ ਬਣਾਉਣ ਦੇ ਮੁੱਦੇ ਆਪਣੇ ਕੂੰਜੀਵਤ  ਭਾਸ਼ਣ ਵਿਚ ਚੁੱਕੇ।

ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੀ ਸਰਕਾਰ ਵੇਲੇ ਹੀ ਸੀ.ਆਈ.ਆਈ. ਦੀ ਪੰਜਾਬ ਇਕਾਈ ਵੱਲੋਂ ਤਿਆਰ ਕੀਤਾ ਏਜੰਡਾ ਸ਼ੁਰੂ ਕਰ ਦਿੱਤਾ ਸੀ ਪਰ ਕਾਂਗਰਸ ਸਰਕਾਰ ਨੇ ਇਸਦੇ ਰਾਹ ਵਿਚ ਅੜਿਕੇ ਡਾਹ ਦਿੱਤੇ ਜਿਸ ਕਾਰਨ ਉਦਯੋਗਿਕ ਨਿਵੇਸ਼ ਦਾ ਮਾਹੌਲ ਪੂਰੀ ਤਰ੍ਹਾਂ ਗੰਧਲਾ ਗਿਆ। ਉਨ੍ਹਾਂ ਕਿਹਾ ਕਿ ਤੁਸੀਂ ਨਿਵੇਸ਼ਕਾਂ ਤੋਂ ਸੂਬੇ ਵਿਚ ਉਦੋਂ ਨਿਵੇਸ਼ ਦੀ ਆਸ ਕਿਵੇਂ ਰੱਖ ਸਕਦੇ ਹੋ ਜਦੋਂ ਸੱਤਾਧਾਰੀ ਪਾਰਟੀ ਆਪਣੇ ਹੀ ਲੋਕਾਂ ਦੀ ਬਦਨਾਮੀ ਕਰੇ ਅਤੇ ਦਾਅਵਾ ਕਰ ਰਹੇ ਕਿ ਇਨ੍ਹਾਂ ਵਿਚੋਂ 70 ਫੀਸਦੀ ਨਸ਼ੇੜੀ ਹਨ? ਉਨ੍ਹਾਂ ਕਿਹਾ ਕਿ ਇੰਡਸਟਰੀ ਦੇ ਵਿਸ਼ਵਾਸ ਨੂੰ ਵੀ ਕਾਂਗਰਸ ਸਰਕਾਰ ਅਤੇ ਇਸਦੇ ਮੰਤਰੀਆਂ ਵੱਲੋਂ ਵਾਰ ਵਾਰ ‘ਖ਼ਜ਼ਾਨਾ ਖਾਲੀ’ ਵਰਗੇ ਦਾਅਵੇ ਕਰਨ ਨਾਲ ਖੋਰ੍ਹਾ ਲੱਗਾ ਹੈ।

ਇਹ ਵੀ ਪੜ੍ਹੋ - ਰੇਲ ਯਾਤਰੀਆਂ ਲਈ ਖੁਸ਼ਖਬਰੀ: ਕੋਵਿਡ ਮਹਾਮਾਰੀ ਤੋਂ ਪਹਿਲਾਂ ਵਾਂਗ ਹੋਵੇਗਾ ਰੇਲਵੇ ਦਾ ਸੰਚਾਲਨ

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੁੰ ਹਾਂ ਪੱਖੀ ਏਜੰਡੇ ਤੇ ਹਾਂ ਪੱਖੀ ਮੁੱਖ ਮੰਤਰੀ ਦੀ ਜ਼ਰੂਰਤ ਹੈ ਜੋ  ਫੈਸਲਾਕੁੰਨ ਕਾਰਵਾਈ ਵਿਚ ਵਿਸ਼ਵਾਸ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਤਕਰੀਬਨ ਪੰਜ ਸਾਲਾਂ ਵਿਚ ਕਾਂਗਰਸ ਸਰਕਾਰ ਨੇ ਸੂਬੇ ਵਿਚ ਆਈ ਟੀ ਸੀ ਤੇ ਕਾਰਗਿੱਲ ਵਰਗੇ ਵੱਡੇ ਨਿਵੇਸ਼ਕਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਆਕਰਸ਼ਤ ਕਰਨ ਵਾਲੇ ਕੀਤੀਆਂ ਗਈਆਂ ਤਕਰੀਬਨ ਸਾਰੀਆਂ ਪਹਿਲਕਦਮੀਆਂ ਵਾਪਸ ਲੈ ਲਈਆਂ। ਉਨ੍ਹਾਂ ਕਿਹਾ ਕਿ ਇਨਵੈਸਟ ਪੰਜਾਬ ਵਿਭਾਗ ਨੂੰ ਇਸ ਕਦਰ ਖੋਰ੍ਹਾਂ ਲਾਇਆ ਗਿਆ ਕਿ ਹੁਣ ਇਹ ਸਿਰਫ ਕਾਗਜ਼ਾਂ ਤੱਕ ਸੀਮਤ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸਨੂੰ ਉਦਯੋਗਪਤੀ ਡਿਸਇਨਵੈਸਟ ਪੰਜਾਬ ਕਹਿ ਕੇ ਬੁਲਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਰਾਈਟ ਟੁ ਸਰਵਿਸ ਵਿਭਾਗ ਤੇ ਸੁਵਿਧਾ ਕੇਂਦਰ ਵੀ ਸਿਰਫ ਇਸ ਕਰ ਕੇ ਬੰਦ ਕਰ ਦਿੱਤੇ ਕਿਉਂਕਿ ਇਹ ਪਿਛਲ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦੀ ਪਹਿਲਕਦਮੀ ਸਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਪੱਖੀ ਤੇ ਇੰਡਸਟਰੀ ਪੱਖੀ ਕਦਮ ਵਾਪਸ ਲੈ ਲਏ ਜਾਣ ਤਾਂ ਕੋਈ ਵੀ ਸੂਬਾ ਅੱਗੇ ਨਹੀਂ ਵੱਧ ਸਕਦਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਅਸੀਂ ਇਨਵੈਸਟ ਪੰਜਾਬ ਵਿਭਾਗ ਨੁੰ ਸੁਰਜੀਤ ਕਰਨ ਦੇ ਨਾਲ ਨਾਲ ਉਹ ਸਾਰੇ ਫੈਸਲੇ ਲੈਣ ਲਈ ਦ੍ਰਿੜ੍ਹ ਹਾਂ ਜਿਹਨਾਂ ਨਾਲ ਸੂਬੇ ਵਿਚ ਨਿਵੇਸ਼ ਆਵੇ।

ਉਦਯੋਗਪਤੀਆਂ ਨਾਲ ਆਹਮੋ ਸਾਹਮਣੇ ਗੱਲਬਾਤ ਦੌਰਾਨ ਸਰਦਾਰ ਬਾਦਲ ਨੇ ਭਰੋਸਾ ਦੁਆਇਆ ਕਿ ਅਗਲੀ ਸਰਕਾਰ ਦਾ ਮੁੰਖ ਧਿਆਨ ਤੇਜ਼ ਰਫਤਾਰ ਵਿਕਾਸ ਅਤੇ ਸਿੱਖਿਆ ਤੇ ਸਿਹਤ ’ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਬਲਾਕ ਪੱਧਰ ’ਤੇ ਮੈਗਾਵਾਟ ਇੰਟੀਗਰੇਟਡ ਸਕੂਲ ਤੇ ਸਾਰੇ ਜ਼ਿਲਿ੍ਹਆਂ ਵਿਚ 500 ਬੈਡਾਂ ਦੇ ਹਸਪਤਾਲ ਬਣਾਉਣ ਵਾਸਤੇ ਦ੍ਰਿੜ੍ਹ ਸੰਕਲਪ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਮੈਗਾ ਡਵੈਲਪਮੈਂਟ ਸੈਂਟਰ ਵੀ ਸਥਾਪਿਤ ਕਰੇਗੀ ਜੋ ਇੰਡਸਟਰੀ ਲਈ ਉਨ੍ਹਾਂ ਦੀਆਂ ਜ਼ਰੂਰਤ ਮੁਤਾਬਕਾਂ ਕੰਮ ਕਰਨਗੇ।

ਸੀ.ਆਈ.ਆਈ. ਪੰਜਾਬ ਦੇ ਸਾਬਕਾ ਚੇਅਰਮੈਨ ਅਸ਼ੀਸ਼ ਕੁਮਾਰ, ਬੀ ਐਮ ਖੰਨਾ ਤੇ ਅਮਿਤ ਥਾਪਰ ਤੋਂ ਇਲਾਵਾ ਹੋਰਨਾਂ ਨੇ ਵੀ ਚਿੰਤਾਵਾਂ ਪ੍ਰਗਟ ਕੀਤੀਆਂ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਸੂਬੇ ਦੇ ਉਦਯੋਗਾਂ ਨੂੰ ਮੁੜ ਲੀਹ ’ਤੇ ਲਿਆਉਣ ਲਈ ਵਿਸ਼ੇਸ਼ ਯੋਜਨਾਵਾਂ ਘੜਨ ਵਾਸਤੇ ਆਖਿਆ। ਉਨ੍ਹਾਂ ਨੇ ਸਰਦਾਰ ਬਾਦਲ ਨੁੰ ਅਗਲੀ ਚੋਣ ਜੰਗ ਵਾਸਤੇ ਸ਼ੁਭ ਇੱਛਾਵਾਂ ਭੇਂਟ ਕੀਤੀ ਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਕ ਦੂਰਅੰਦੇਸ਼ੀ ਸੋਚ ਵਾਲਾ ਆਗੂ ਸੂਬਾ ਦਾ ਮੁੱਖ ਮੰਤਰੀ ਹੋਵੇ ਤੇ ਸਰਕਾਰ ਸਥਿਰ ਹੋਵੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News