ਮਾਨਸੂਨ ਇਜਲਾਸ : ਬੇਅਦਬੀ ਮਾਮਲੇ ਦੀ ਰਿਪੋਰਟ ''ਤੇ ਮੰਗਲਵਾਰ ਹੋਵੇਗੀ ਬਹਿਸ, ਚੱਲੇਗਾ ਲਾਈਵ ਟੈਲੀਕਾਸਟ
Monday, Aug 27, 2018 - 07:11 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਦੂਜੇ ਦਿਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਬੇਅਦਬੀ ਮਾਮਲਿਆਂ 'ਤੇ ਜਾਂਚ ਕਰ ਰਹੇ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕੀਤੀ ਗਈ। ਇਸ ਦੌਰਾਨ ਸਪੀਕਰ ਵਲੋਂ ਮੰਗਲਵਾਰ ਨੂੰ ਇਸ ਰਿਪੋਰਟ 'ਤੇ ਦੋ ਘੰਟੇ ਦੀ ਬਹਿਸ ਦਾ ਸਮਾਂ ਨਿਰਧਾਰਤ ਕੀਤਾ ਗਿਆ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਵਿਧਾਨ ਸਭਾ ਵਿਚ ਬਹਿਸ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਜਿਵੇਂ ਹੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ ਤਾਂ ਅਕਾਲੀ ਦਲ ਨੇ ਸਦਨ 'ਚ ਵਾਕਆਊਟ ਕਰ ਲਿਆ।
ਸਪੀਕਰ ਵਲੋਂ ਇਸ ਰਿਪੋਰਟ 'ਤੇ ਚਰਚਾ ਲਈ ਦਿਤੇ ਗਏ ਦੋ ਘੰਟੇ ਦੇ ਸਮੇਂ ਨੂੰ ਘੱਟ ਦੱਸਦੇ ਹੋਏ ਸੁਖਪਾਲ ਖਹਿਰਾ ਨੇ ਇਹ ਸਮਾਂ ਵਧਾਉਣ ਦੀ ਮੰਗ ਕੀਤੀ, ਜਿਸ 'ਤੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਬਹਿਸ ਦਾ ਸਮਾਂ ਵਧਾਇਆ ਜਾਵੇਗਾ ਅਤੇ ਜਿੰਨੀ ਜ਼ਰੂਰਤ ਪਈ ਉਨਾ ਸਮਾਂ ਦਿੱਤਾ ਜਾਵੇਗਾ।