ਰਾਜਸਥਾਨ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀਆਂ ਡਿਸਟਿਲਰੀਆਂ ਦੀ ਜਾਂਚ ਕਰਨ ਦੇ ਨਿਰਦੇਸ਼ ਜਾਰੀ
Tuesday, Oct 17, 2023 - 04:01 PM (IST)
ਜਲੰਧਰ (ਧਵਨ) : ਆਗਾਮੀ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਤ ਅਤੇ ਟੈਕਸੇਸ਼ਨ ਕਮਿਸ਼ਨਰ ਵਿਕਾਸ ਪ੍ਰਤਾਪ ਨੇ ਪੰਜਾਬ ਦੇ ਆਬਕਾਰੀ ਕਮਿਸ਼ਨਰ ਵਰੁਣ ਰੂਜਮ ਅਤੇ ਆਬਕਾਰੀ ਕਮਿਸ਼ਨਰੇਟ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇਨਫੋਰਸਮੈਂਟ ਸਰਗਰਮੀਆਂ ਨੂੰ ਵਧਾਉਣ ਅਤੇ ਬੇਈਮਾਨ ਤੱਤਾਂ ’ਤੇ ਤਿੱਖੀ ਨਿਗਰਾਨੀ ਰੱਖਣ ਸੰਬੰਧੀ ਬੈਠਕ ਕੀਤੀ।
ਬੈਠਕ ਦੌਰਾਨ ਵਿੱਤ ਕਮਿਸ਼ਨਰ, ਟੈਕਸੇਸ਼ਨ ਨੇ ਕਿਹਾ ਕਿ ਆਬਕਾਰੀ ਕਮਿਸ਼ਨਰੇਟ ਰਾਜਸਥਾਨ ਵਿਚ ਸ਼ਾਂਤਮਈ ਅਤੇ ਨਿਰਪੱਖ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਪੂਰਾ ਸਹਿਯੋਗ ਦੇਵੇਗਾ। ਉਨ੍ਹਾਂ ਆਬਕਾਰੀ ਕਮਿਸ਼ਨਰ, ਪੰਜਾਬ ਨੂੰ ਸ਼ਰਾਬ ਦੀ ਸਮੱਗਲਿੰਗ ਵਰਗੇ ਗੰਭੀਰ ਮੁੱਦਿਆਂ ਸਬੰਧੀ ਸਾਰੇ ਜ਼ਰੂਰੀ ਕਦਮ ਛੇਤੀ ਉਠਾਉਣ ਦੇ ਨਿਰਦੇਸ਼ ਦਿੱਤੇ। ਵਿੱਤ ਕਮਿਸ਼ਨਰ, ਟੈਕਸੇਸ਼ਨ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੁਆਇੰਟ ਕਮਿਸ਼ਨਰ (ਆਬਕਾਰੀ), ਪੰਜਾਬ ਨੂੰ ਸਮੁੱਚੀ ਨਿਗਰਾਨੀ ਲਈ ਪੰਜਾਬ ਸੂਬੇ ਤੋਂ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਐਕਸ਼ਨ 'ਚ DGP ਪੰਜਾਬ, ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਦਿੱਤੇ ਸਖ਼ਤ ਹੁਕਮ
ਡੀ. ਜੀ. ਪੀ., ਪੰਜਾਬ ਪੁਲਸ ਦੇ ਤਾਲਮੇਲ ਨਾਲ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਸੰਗਰੂਰ, ਬਠਿੰਡਾ, ਮੋਹਾਲੀ ਅਤੇ ਪਟਿਆਲਾ ਦੇ ਸਾਰੇ ਟਰੱਸਟੀ ਟਿਕਾਣਿਆਂ ’ਤੇ ਸਥਾਈ ਚੈੱਕ ਪੋਸਟਾਂ ਤਾਇਨਾਤ ਕੀਤੀਆਂ ਗਈਆਂ ਹਨ। ਚੌਕਸੀ ਸਬੰਧੀ ਪ੍ਰਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਜੀ. ਐੱਸ. ਟੀ. ਮੋਬਾਇਲ ਵਿੰਗ/ਸਿਪੂ (ਐੱਸ. ਆਈ. ਪੀ. ਯੂ.) ਦੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਵੀ ਚੌਕਸੀ ਲਈ ਸ਼ਾਮਲ ਕੀਤਾ ਗਿਆ ਹੈ। ਸਥਾਨਕ ਨਾਕਿਆਂ ਅਤੇ ਮੋਬਾਇਲ ਚੈਕਿੰਗ ਲਈ ਇੰਸਪੈਕਟਰਾਂ ਦੇ 24 ਘੰਟੇ ਡਿਊਟੀ ਸਬੰਧੀ ਰੋਸਟਰ ਜਾਰੀ ਕੀਤਾ ਗਿਆ ਹੈ।
ਈ-ਆਬਕਾਰੀ ਪੋਰਟਲ ਰਾਹੀਂ ਟ੍ਰੈਕ ਅਤੇ ਟ੍ਰੇਸ ਸਟਿੱਕਰ, ਹੋਲੋਗ੍ਰਾਮ, QR ਕੋਡ ਅਤੇ ਪਰਮਿਟਸ ਤੇ ਪਾਸ ਨੂੰ ਜ਼ਰੂਰੀ ਬਣਾਉਣ ਸਬੰਧੀ ਸਾਰੇ ਨਿਯਮਾਂ ਨੂੰ ਲਾਗੂ ਕਰਨ ਅਤੇ ਉਨ੍ਹਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਸੂਬਾ ਭਰ ਦੀਆਂ ਸਾਰੀਆਂ ਡਿਸਟਿਲਰੀਆਂ ਅਤੇ ਬੋਟਲਿੰਗ ਪਲਾਂਟਾਂ ਦੀ ਜਾਂਚ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਾਰੀਆਂ ਸ਼ੱਕੀ ਥਾਵਾਂ, ਬੰਦ ਥਾਵਾਂ (ਫੈਕਟਰੀਆਂ/ਗੋਦਾਮਾਂ), ਖੰਡਰ ਇਮਾਰਤਾਂ, ਢਾਬਿਆਂ ਅਤੇ ਐੱਲ-17 ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਆਬਕਾਰੀ ਦੇ ਇਨਫੋਰਸਮੈਂਟ-1 ਅਤੇ ਇਨਫੋਰਸਮੈਂਟ-2 ਦੋਵਾਂ ਵਿੰਗਾਂ ਨੂੰ ਰਾਜਸਥਾਨ ਸੂਬੇ ਨਾਲ ਲੱਗਣ ਵਾਲੀਆਂ ਸਰਹੱਦਾਂ ਦੇ ਨਾਲ-ਨਾਲ ਸੰਵੇਦਨਸ਼ੀਲ ਖੇਤਰਾਂ ਵਿਚ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 25 ਨਵੰਬਰ, 2023 ਪੋਲਿੰਗ ਦੀ ਤਰੀਕ ਅਤੇ 3 ਦਸੰਬਰ, 2023 ਵੋਟਾਂ ਦੀ ਗਿਣਤੀ ਦੀ ਤਾਰੀਖ ਐਲਾਨ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ EVMs ਦੀ ਚੈਕਿੰਗ ਸ਼ੁਰੂ, ਚੋਣ ਕਮਿਸ਼ਨ ਵੱਲੋਂ ਭੇਜੀ ਟੀਮ ਕਰੇਗੀ ਨਿਰੀਖਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8