SGPC ਤੇ ਬਾਦਲ ਵਲੋਂ ਮੋਦੀ ਨੂੰ ਪ੍ਰਕਾਸ਼ ਪੁਰਬ ਸਬੰਧੀ ਸੱਦਾ ਦੇਣ 'ਤੇ ਪੰਜਾਬ ਸਰਕਾਰ ਨਾਖੁਸ਼
Sunday, Jul 07, 2019 - 08:58 PM (IST)
ਚੰਡੀਗੜ੍ਹ-ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਉਨ੍ਹਾਂ ਨੇ ਸੁਖਬੀਰ ਬਾਦਲ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨਾਲ ਸ਼੍ਰੋਮਣੀ ਕਮੇਟੀ ਦੇ ਵਫਦ ਵਲੋਂ ਮੁਲਾਕਾਤ ਕਰਨ 'ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਕ ਰਾਜਨੀਤਕ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ 'ਚ ਖੇਡਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਵਫ਼ਦ ਦਾ ਹਿੱਸਾ ਬਣ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਕਾਸ਼ ਪੁਰਬ 'ਚ ਸ਼ਾਮਲ ਹੋਣ ਦਾ ਸੱਦਾ ਪੱਤਰ ਦੇਣ ਚਲੇ ਗਏ।
ਰੰਧਾਵਾ ਨੇ ਲਿਖਿਆ ਹੈ ਕਿ ਜਿਸ ਢੰਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਸੰਕੋਚੀ ਰਾਜਨੀਤੀ ਅਨੁਸਾਰ ਇਹ ਸੱਦਾ ਦੇ ਕੇ ਆਏ ਹਨ, ਉਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਬਿਹਤਰ ਇਹ ਹੁੰਦਾ ਕਿ ਤੁਹਾਡੇ ਨਾਲ ਹੋਣ ਵਾਲੀ ਮੁੱਖ ਮੰਤਰੀ ਦੀ ਮੀਟਿੰਗ 'ਚ ਜੋ ਕੋਈ ਪ੍ਰਮੁੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਨੂੰ ਬੁਲਾਉਣ ਦਾ ਫੈਸਲਾ ਹੁੰਦਾ, ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਸਾਝੇ ਤੌਰ 'ਤੇ ਸੱਦਾ ਪੱਤਰ ਭੇਜੇ ਜਾਂਦੇ ਹਨ। ਪ੍ਰਧਾਨ ਮੰਤਰੀ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਂਝੇ ਤੌਰ 'ਤੇ ਸੱਦਾ ਦੇਣ ਜਾਂਦੇ।
ਸ਼੍ਰੋਮਣੀ ਅਕਾਲੀ ਦਲ ਪਹਿਲਾਂ ਦੀ ਤਰ੍ਹਾਂ ਹੀ ਇਸ ਇਤਿਹਾਸਕ ਦਿਨ ਮੌਕੇ ਹੋਣ ਵਾਲੇ ਸਮਾਰੋਹਾਂ ਨੂੰ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਜਗ੍ਹਾ ਸਿਰਫ਼ ਆਪਣੇ ਸੰਕੋਚੀ ਰਾਜਨੀਤਕ ਮੁਨਾਫ਼ੇ ਲਈ ਇਸਤੇਮਾਲ ਕਰਨਾ ਚਾਹੁੰਦਾ ਹੈ ਪਰ ਸਿੱਖ ਜਗਤ ਇਹ ਚਾਹੁੰਦਾ ਹੈ ਕਿ ਇਹ ਇਤਿਹਾਸਕ ਦਿਨ ਇਸ ਗੌਰਵਮਈ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ ਕਿ ਪੂਰੀ ਦੁਨੀਆ 'ਚ ਸਿੱਖਾਂ ਦੀ ਚੜ੍ਹਦੀ ਕਲਾ ਹੋਵੇ। ਪੂਰੇ ਸਿੱਖ ਜਗਤ ਦੀਆਂ ਨਜ਼ਰਾਂ ਇਸ ਸਮੇਂ ਤੁਹਾਡੇ 'ਤੇ ਟਿਕੀਆਂ ਹੋਈਆਂ ਹਨ ਕਿ ਤੁਸੀਂ ਆਪਣੀ ਇਤਿਹਾਸਕ ਭੂਮਿਕਾ ਕਿਸ ਤਰ੍ਹਾਂ ਨਿਭਾਉਂਦੇ ਹੋ। ਜਥੇਦਾਰ ਸਾਹਿਬ ਜੀਓ, ਇਸ ਟੁੱਟੇ ਵਿਸ਼ਵਾਸ ਨੂੰ ਮੁੜ ਬਹਾਲ ਕਰਨ ਲਈ ਸਾਨੂੰ ਗੁਰੂ ਸਾਹਿਬਾਨ ਵਲੋਂ ਦਿਖਾਏ ਗਏ ਰਸਤੇ 'ਤੇ ਚੱਲਣਾ ਚਾਹੀਦਾ ਹੈ। ਰੰਧਾਵਾ ਨੇ ਬੇਨਤੀ ਕਰਦਿਆਂ ਕਿਹਾ ਕਿ ਤੁਸੀਂ ਜਲਦੀ ਹੀ ਦੋਵਾਂ ਧਿਰਾਂ ਦੀ ਇਕ ਸਾਂਝੀ ਸਭਾ ਸੱਦ ਕੇ ਇਸ ਇਤਿਹਾਸਕ ਦਿਨ ਨੂੰ ਸਿੱਖ ਸਿਧਾਂਤਾਂ, ਇਤਿਹਾਸਕ ਪ੍ਰੰਪਰਾਵਾਂ ਅਤੇ ਪੰਥਕ ਰੀਤੀ ਰਿਵਾਜਾਂ ਅਨੁਸਾਰ ਮਨਾਉਣ ਲਈ ਆਪਣੀ ਰਹਿਨੁਮਾਈ ਪ੍ਰਦਾਨ ਕਰੋ।