ਰੁੱਖਾਂ ਤੇ ਵਣਾਂ ਹੇਠਲਾ ਰਕਬਾ ਵਧਾਏਗੀ ਪੰਜਾਬ ਸਰਕਾਰ, ਕੀਤੇ ਜਾ ਰਹੇ ਉਪਰਾਲੇ
Friday, Nov 29, 2024 - 02:32 PM (IST)
ਜਲੰਧਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਤੋਂ ਹੀ ਸੂਬੇ ਦੇ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਵਣਾਂ ਹੇਠਲਾ ਰਕਬਾ ਵਧਾਉਣ ਲਈ ਵਚਨਬੱਧ ਰਹੀ ਹੈ। ਇਸ ਲਈ ਸੂਬੇ ਵਿਚ ਇਸ ਵੇਲੇ ਰੁੱਖਾਂ ਅਤੇ ਵਣਾਂ ਹੇਠਲੇ ਰਕਬੇ ਨੂੰ 2030 ਤਕ 7.5 ਫ਼ੀਸਦੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ਜਾਪਾਨ ਇੰਟਰਨੈਸ਼ਨਲ ਕਾਰਪੋਰੇਸ਼ਨ ਏਜੰਸੀ ਤਕ ਪਹੁੰਚ ਕਰ ਕੇ ਇਕ ਮਹੱਤਵਪੂਰਨ ਪ੍ਰਾਜੈਕਟ ਪੰਜਾਬ ਵਿਚ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੰਤਵ ਲਈ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੇ ਜਾਪਾਨ ਦੇ ਅਧਿਕਾਰੀਆਂ ਨਾਲ ਇਸ ਦੀ ਸਮੀਖਿਆ ਕੀਤੀ ਜਾ ਚੁੱਕੀ ਹੈ। ਇਸ ਏਜੰਸੀ ਦੀ ਸਹਾਇਤਾ ਨਾਲ ਸੂਬੇ ਵਿਚ ਐਗਰੋ ਫੋਰੈਸਟਰੀ ਅਤੇ ਜੈਵ ਵਿਭਿੰਨਤਾ ਸਬੰਧੀ ਪ੍ਰਾਜੈਕਟ ਲਾਗੂ ਕਰਨ ਦੀ ਤਜਵੀਜ਼ ਹੈ।
ਇਸ ਪ੍ਰਾਜੈਕਟ ਦੀ ਕੁੱਲ ਲਾਕਤ 792.88 ਕਰੋੜ ਰੁਪਏ ਹੋਵੇਗੀ। ਪ੍ਰਾਜੈਕਟ ਦੇ ਕੁਝ ਮਹੱਤਵਪੂਰਨ ਉਦੇਸ਼ਾਂ ਵਿਚ ਰਾਜ ਵਿਚ ਐਗਰੋ ਫੋਰੈਸਟਰੀ ਰਾਹੀਂ ਰੁੱਖਾਂ ਹੇਠ ਰਕਬਾ ਵਧਾਉਣਾ, ਧਰਤੀ ਹੇਠਲੇ ਪਾਣੀ ਨੂੰ ਬਚਾਉਣਾ, ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨਾ, ਪਰਾਲੀ ਨਾਲ ਹੋ ਰਹੇ ਹਵਾ ਪ੍ਰਦੂਸ਼ਣ ਨੂੰ ਰੋਕਣਾ ਸ਼ਾਮਲ ਹਨ।