ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ, ਇਨ੍ਹਾਂ ਲੋਕਾਂ ਨੂੰ ਕਰਫਿਊ ਪਾਸ ਦੀ ਲੋੜ ਨਹੀਂ
Wednesday, Apr 01, 2020 - 09:20 AM (IST)
ਚੰਡੀਗੜ੍ਹ : ਪੰਜਾਬ ਅੰਦਰ ਕਰਫਿਊ 'ਚ ਕੀਤੇ ਵਾਧੇ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਸੂਬੇ 'ਚ ਸਿਹਤ ਵਿਭਾਗ ਸਟਾਫ, ਡਾਕਟਰਾਂ ਤੇ ਰੈਗੂਲਰ ਮਰੀਜ਼ਾਂ ਨੂੰ ਕਰਫਿਊ ਪਾਸ ਦੀ ਕੋਈ ਲੋੜ ਨਹੀਂ, ਜਦੋਂ ਕਿ ਬੈਂਕਾਂ/ਏ. ਟੀ.ਐਮਜ਼ ਨੂੰ ਵੀ ਸਾਰਾ ਹਫਤਾ ਖੁੱਲ੍ਹੇ ਰਹਿਣ ਦੀ ਇਜ਼ਾਜਤ ਹੋਵੇਗ ਪਰ ਸ਼ਰਤ ਇਹ ਹੈ ਕਿ ਕੋਵਿਡ-19 ਦੇ ਸਾਰੇ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਤਰੀਆਂ ਦੇ ਸਮੂਹ ਨਾਲ ਕੋਵਿਡ-19 ਤਿਆਰੀਆਂ ਦੀ ਸਮੀਖਿਆ ਤੋਂ ਬਾਅਦ ਗ੍ਰਹਿ ਵਿਭਾਗ ਵੱਲੋਂ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਹ ਹਦਾਇਤਾਂ ਪ੍ਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਲੋਕਾਂ ਦੇ ਹਿੱਤ ਨੂੰ ਧਿਆਨ 'ਚ ਰੱਖਦਿਆਂ ਪ੍ਰਣਾਲੀ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਜਾਰੀ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਡਾਕਟਰ ਤੇ ਨਰਸਿੰਗ ਸਟਾਫ ਦਾ ਇਕ ਮੈਂਬਰ ਕੋਰੋਨਾ ਪਾਜ਼ੇਟਿਵ
ਨਵੀਆਂ ਹਦਾਇਤਾਂ ਅਨੁਸਾਰ ਜ਼ਿਲਾ ਮੈਜਿਸਟ੍ਰੇਟਜ਼ ਨੂੰ ਰਸਮੀ ਤੌਰ 'ਤੇ ਕਰਫਿਊ 31 ਮਾਰਚ, 2020 ਤੋਂ 14 ਅਪ੍ਰੈਲ, 2020 ਤੱਕ ਵਧਾਉਣ ਲਈ ਦੱਸ ਦਿੱਤਾ ਹੈ। ਪਹਿਲਾਂ ਤੋਂ ਹੀ ਦਿੱਤੀਆਂ ਛੋਟਾਂ ਦੇ ਜਾਰੀ ਰਹਿਣ ਤੋਂ ਇਲਾਵਾ ਡਾਕ ਦਫਤਰਾਂ ਤੇ ਕੋਰੀਅਰ ਸੇਵਾਵਾਂ ਨੂੰ ਵੀ ਨਵੀਆਂ ਹਦਾਇਤਾਂ ਅਨੁਸਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਬੈਂਕ ਤੇ ਏ. ਟੀ.ਐਮਜ਼ ਨੂੰ ਪੂਰਾ ਹਫਤਾ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਹਫਤੇ 'ਚ ਦੋ ਦਿਨ ਦੀ ਆਗਿਆ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਡੀ. ਜੀ. ਪੀ. ਦਿਨਕਰ ਗੁਪਤਾ ਕਦੇ ਵੀ 'ਹੋਮ ਕੁਆਰਿੰਟਾਈਨ' 'ਚ ਨਹੀਂ ਰਹੇ
ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਕਰਮਚਾਰੀਆਂ ਨੂੰ ਹੁਣ ਆਪੋ-ਆਪਣੇ ਵਿਭਾਗਾਂ ਵੱਲੋਂ ਜਾਰੀ ਸ਼ਨਾਖਤੀ ਕਾਰਡਾਂ ਰਾਹੀਂ ਕੰਮ ਕਰਨ ਦੀ ਆਗਿਆ ਹੋਵੇਗੀ, ਇਸ ਲਈ ਉਨ੍ਹਾਂ ਨੂੰ ਵੱਖਰੇ ਕਰਫਿਊ ਪਾਸ ਦੀ ਕੋਈ ਲੋੜ ਨਹੀਂ ਹੋਵੇਗੀ। ਇਸੇ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ/ਨਰਸਿੰਗ ਹੋਮਜ਼/ਜਾਂਚ ਲੈਬਾਰਟਰੀਆਂ ਦੇ ਡਾਕਟਰਾਂ ਨੂੰ ਕਰਫਿਊ ਪਾਸ ਤੋਂ ਬਿਨਾਂ ਪੰਜਾਬ ਮੈਡੀਕਲ/ਡੈਂਟਲ ਕੌਂਸਲ ਜਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਜਾਰੀ ਕੀਤੇ ਫੋਟੋ ਸ਼ਨਾਖਤੀ ਕਾਰਡ ਦੇ ਆਧਾਰ 'ਤੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਪ੍ਰਾਈਵੇਟ ਨਰਸਿੰਗ ਹੋਮਜ਼ ਦੇ ਹੋਰ ਮੁਲਾਜ਼ਮਾਂ ਨੂੰ ਸਬੰਧਤ ਹਸਪਤਾਲ ਦੇ ਪ੍ਰਸ਼ਾਸਨ ਦੀ ਅਪੀਲ 'ਤੇ ਪਾਸ ਜਾਰੀ ਕੀਤੇ ਜਾਣਗੇ। ਇਸੇ ਤਰ੍ਹਾਂ ਮਰੀਜ਼ਾਂ ਨੂੰ ਹਸਪਤਾਲ ਅਤੇ ਨਰਸਿੰਗ ਹੋਮਜ਼ ਵੱਲੋਂ ਜਾਰੀ ਕੀਤੇ ਮਰੀਜ਼ ਕਾਰਡ/ਦਵਾਈਆਂ ਵਾਲੀ ਸਲਿੱਪਾਂ ਦੇ ਆਧਾਰ 'ਤੇ ਪ੍ਰਾਈਵੇਟ ਹਸਪਤਾਲਾਂ, ਨਰਸਿੰਗ ਹੋਮਜ਼ ਅਤੇ ਜਾਂਚ ਲੈਬਾਰਟਰੀਆਂ ਸਮੇਤ ਸਾਰੇ ਹਸਪਤਾਲਾਂ ਵਿਖੇ ਜਾਣ ਦੀ ਇਜਾਜ਼ਤ ਹੋਵੇਗੀ। ਨਵੇਂ ਮਰੀਜ਼ਾਂ ਨੂੰ ਈ-ਪਾਸ ਰਾਹੀਂ ਹੀ ਜਾਣ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਗੰਭੀਰ ਮਰੀਜ਼ਾਂ ਨੂੰ ਬਿਨਾਂ ਕਿਸੇ ਪਾਸ ਜਾਂ ਕਾਰਡ ਰਾਹੀਂ ਹਸਪਤਾਲ ਜਾਣ ਦੀ ਆਗਿਆ ਹੋਵੇਗੀ।
ਇਹ ਵੀ ਪੜ੍ਹੋ : ਲੁਧਿਆਣਾ 'ਚ 15 ਹਜ਼ਾਰ ਕਰਫਿਊ ਪਾਸ ਰੱਦ, ਬੇਵਜ੍ਹਾ ਘੁੰਮ ਰਹੇ ਲੋਕਾਂ ਨੂੰ ਭੇਜਿਆ ਜੇਲ