ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਹਿਮ ਕਦਮ

09/05/2022 5:58:00 PM

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਇਹ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਪੰਜਾਬ ਦੇ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੂਬੇ ਭਰ ’ਚ 103 ਨੋਡਲ ਸ਼ਿਕਾਇਤ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਖਪਤਕਾਰ ਟੋਲ ਫ੍ਰੀ ਨੰਬਰ 1912 ’ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਟੋਲ ਫ੍ਰੀ ਨੰਬਰ 1912 ਪ੍ਰਣਾਲੀ ਦੀ ਸਮੀਖਿਆ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਸੂਬੇ ਭਰ ’ਚ ਲੱਗਭਗ 99 ਲੱਖ ਖਪਤਕਾਰਾਂ ਨੂੰ ਬਿਜਲੀ ਸਪਲਾਈ ਦੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਕੋਲ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਠੀਕ ਕਰਨ ਵਾਸਤੇ 9000 ਤੋਂ ਵੱਧ ਸਮਰਪਿਤ ਕਰਮਚਾਰੀ/ਅਧਿਕਾਰੀ ਹਨ। ਮੰਤਰੀ ਨੇ ਦੱਸਿਆ ਕਿ ਉਹ 24 ਘੰਟੇ ਸ਼ਿਫਟਾਂ ’ਚ ਕੰਮ ਕਰਦੇ ਹਨ, ਜੋ 500 ਸਬ-ਡਵੀਜ਼ਨ ਦਫ਼ਤਰਾਂ ’ਚ ਵੰਡੇ ਹੋਏ ਬਿਜਲੀ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹਨ।

ਇਹ ਵੀ ਪੜ੍ਹੋ : ਡੇਰਾ ਬਿਆਸ ਦੇ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੇ ਇੱਟਾਂ-ਰੋੜੇ, ਮਾਹੌਲ ਤਣਾਅਪੂਰਨ  
 
 ਈ. ਟੀ. ਓ. ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਇਨ੍ਹਾਂ ਸ਼ਿਕਾਇਤ ਕੇਂਦਰਾਂ ਦੀ ਨਿਗਰਾਨੀ ਲਈ ਮੁੱਖ ਦਫ਼ਤਰ ਪਟਿਆਲਾ ਵਿਖੇ ਕੰਟਰੋਲ ਰੂਮ ਅਤੇ ਪੰਜ ਜ਼ੋਨਲ ਪੱਧਰ ’ਤੇ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦਰਜ ਕਰਨ ਲਈ ਖਪਤਕਾਰਾਂ ਕੋਲ ਪਹਿਲਾਂ ਹੀ ਟੋਲ ਫ੍ਰੀ ਨੰਬਰ 1912 ’ਤੇ ਕਾਲ ਕਰਨ ਜਾਂ 1912 ’ਤੇ ‘ਨੋ ਸਪਲਾਈ’ ਮੈਸੇਜ ਕਰਨ ਦਾ ਬਦਲ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦਰਜ ਕਰਾਉਣ ਲਈ ਇਕ ਮੋਬਾਈਲ ਐਪ ਐਂਡ੍ਰਾਇਡ ਅਤੇ ਆਈ. ਓ. ਐੱਸ. ਐਪ ਮੋਬਾਈਲ ਫੋਨਾਂ ਲਈ ਵੀ ਉਪਲੱਬਧ ਹੈ। ਮੰਤਰੀ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਪ੍ਰਣਾਲੀ ਨੂੰ ਹੋਰ ਸਰਲ ਬਣਾਉਣ ਦੀ ਕੋਸ਼ਿਸ਼ ’ਚ ਪੀ.ਐੱਸ.ਪੀ.ਸੀ.ਐੱਲ. ਵੱਲੋਂ ਖਪਤਕਾਰਾਂ ਨੂੰ ਮਿਸਡ ਕਾਲਾਂ ’ਤੇ ਸਪਲਾਈ ਦੀਆਂ ਸ਼ਿਕਾਇਤਾਂ ਦੀ ਇਕ ਨਵੀਂ ਸਹੂਲਤ ਵੀ ਉਪਲੱਬਧ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਬਿਜਲੀ ਖਪਤਕਾਰ ਟੋਲ ਫ੍ਰੀ ਨੰਬਰ 1800-180-1512 ’ਤੇ ਮਿਸਡ ਕਾਲ ਕਰਕੇ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਜੇਕਰ ਖਪਤਕਾਰ ਦਾ ਮੋਬਾਈਲ ਨੰਬਰ ਪੀ.ਐੱਸ.ਪੀ.ਸੀ.ਐਲ. ਨਾਲ ਰਜਿਸਟਰਡ ਨਹੀਂ ਹੈ ਤਾਂ ਉਨ੍ਹਾਂ ਨੂੰ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਨ ਲਈ ਇਕ ਲਿੰਕ ਭੇਜਿਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਖ਼ਿਲਾਫ ਹੋਈ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਇਕ ਵਾਰ ਉਸ ਮੋਬਾਈਲ ਤੋਂ ਸ਼ਿਕਾਇਤ ਦਰਜ ਹੋਣ ’ਤੇ ਖਪਤਕਾਰ ਆਪਣੇ ਆਪ ਹੀ 1912 ਗਾਹਕ ਪ੍ਰਬੰਧਨ ਪ੍ਰਣਾਲੀ ਨਾਲ ਰਜਿਸਟਰ ਹੋ ਜਾਂਦਾ ਹੈ। ਬਿਜਲੀ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੀ ਇਸ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਰਾਹੀਂ ਚਾਲੂ ਸਾਲ ’ਚ ਹੁਣ ਤੱਕ ਬਿਜਲੀ ਸਪਲਾਈ, ਬਿਲਿੰਗ ਅਤੇ ਮੀਟਰਿੰਗ ਨਾਲ ਸਬੰਧਤ 95 ਲੱਖ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਸ਼ਿਕਾਇਤ ਦੇ ਨਿਪਟਾਰੇ ਬਾਰੇ ਖਪਤਕਾਰਾਂ ਤੋਂ ਫੀਡ ਬੈਕ ਵੀ ਲਿਆ ਜਾਂਦਾ ਹੈ। ਜੇਕਰ ਖਪਤਕਾਰ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਤੋਂ ਸੰਤੁਸ਼ਟ ਨਹੀਂ ਹਨ, ਤਾਂ ਉਹ ਸ਼ਿਕਾਇਤਾਂ ਦੇ ਆਟੋਮੈਟਿਕ ਵਾਧੇ ਲਈ 1912 ’ਤੇ ਆਪਣੀਆਂ ਟਿੱਪਣੀਆਂ ਦੇ ਨਾਲ ਐੱਸ.ਐੱਮ.ਐੱਸ. ਭੇਜ ਸਕਦੇ ਹਨ। ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਸਿਸਟਮ ਖ਼ਪਤਕਾਰਾਂ ਵੱਲੋਂ ਕੀਤੇ ਗਏ ਫੀਡਬੈਕ ਨੂੰ ਆਟੋਮੈਟਿਕ ਤੌਰ ’ਤੇ ਵਾਚਦਾ ਹੈ ਅਤੇ ਸਬੰਧਿਤ ਦਫ਼ਤਰਾਂ ਨੂੰ ਭੇਜਦਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਸਣੇ ਤਿੰਨ ਗੰਭੀਰ ਮੁੱਦਿਆਂ ’ਤੇ ਪ੍ਰਤਾਪ ਬਾਜਵਾ ਨੇ ਘੇਰੀ ‘ਆਪ’ ਸਰਕਾਰ


Manoj

Content Editor

Related News