ਪੰਜਾਬ ਸਰਕਾਰ ਨੇ ਪਲਾਸਟਿਕ ਰਹਿੰਦ-ਖੂੰਹਦ ਦਾ ਲੱਭਿਆ ਹੱਲ, ਬਠਿੰਡਾ ਨਗਰ ਨਿਗਮ ਨੇ ਕੀਤੀ ਨਿਵੇਕਲੀ ਪਹਿਲ
Friday, Oct 28, 2022 - 04:45 PM (IST)
ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਇਸ ਦੀ ਵਿਕਾਸ ਕਾਰਜਾਂ ਵਿੱਚ ਵਰਤੋਂ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਨਗਰ ਨਿਗਮ ਬਠਿੰਡਾ ਨੇ ਇਕ ਨਿਵੇਕਲੀ ਪਹਿਲ ਕੀਤੀ ਹੈ। ਬਠਿੰਡਾ ਨਗਰ ਨਿਗਮ ਨੇ ਪਲਾਸਿਟਕ ਰਹਿੰਦ-ਖੂੰਹਦ ਤੋਂ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਬਠਿੰਡਾ ਸਟਾਫ਼ ਵੱਲੋਂ ਸੜਕ ਦੇ ਨਿਰਮਾਣ ਵਿੱਚ ਪਲਾਸਟਿਕ ਦੀ ਵਰਤੋਂ ਦੀ ਸ਼ੁਰੂਆਤ ਨਾਲ ਪਲਾਸਟਿਕ ਦੀ ਰਹਿੰਦ-ਖੂੰਹਦ ਦਾ ਸਾਰਥਿਕ ਹੱਲ ਵੀ ਲੱਭ ਲਿਆ ਗਿਆ ਹੈ ਅਤੇ ਇਸ ਨਾਲ ਲਾਗਤ ਵੀ ਘੱਟ ਆਉਦੀ ਹੈ।
ਇਹ ਵੀ ਪੜ੍ਹੋ : ਅਗਲੇ ਮਹੀਨੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਹੋਵੇਗਾ 'ਸੁੰਨਸਾਨ', ਜਾਣੋ ਕੀ ਹੈ ਵਜ੍ਹਾ
ਡਾ.ਇੰਦਰਬੀਰ ਨਿੱਜਰ ਨੇ ਦੱਸਿਆ ਕਿ ਬਠਿੰਡਾ ਵਿਖੇ ਜੁਝਾਰ ਸਿੰਘ ਨਗਰ ਰੋਡ ਬਾਜਵਾ ਘਰ ਤੋਂ ਮੇਨ ਗਲੀ ਤੱਕ ਅਤੇ ਗਲੀ ਨੰ. 3- ਏ ਜੁਝਾਰ ਸਿੰਘ ਨਗਰ ਵਿਖੇ ਪਲਾਸਟਿਕ ਰਹਿੰਦ-ਖੂੰਹਦ ਦੀ ਵਰਤੋਂ ਨਾਲ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਲੀ ਨੰਬਰ 3 ਬੀ ਜੁਝਾਰ ਸਿੰਘ ਨਗਰ ਵਿਖੇ ਪਲਾਸਟਿਕ ਦੀ ਵਰਤੋਂ ਨਾਲ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 1000 ਰਨਿੰਗ ਫੁੱਟ ਲੰਮੀ ਸੜਕ ਦੇ ਨਿਰਮਾਣ ਵਿੱਚ 8 ਫ਼ੀਸਦੀ ਪਲਾਸਟਿਕ ਰਹਿੰਦ-ਖੂੰਹਦ ਦੀ ਵਰਤੋਂ ਨਾਲ ਸੜਕ ਦਾ ਨਿਰਮਾਣ ਕੀਤਾ ਗਿਆ ਹੈ।
ਇਹ ਵੀ ਪੜ੍ਹੋ : SGPC ਪ੍ਰਧਾਨ ਦੀ ਚੋਣ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਨੂੰ ਕਹਿ ਦਿੱਤੀ ਵੱਡੀ ਗੱਲ
ਮੰਤਰੀ ਨੇ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਸੜਕਾਂ ਦੇ ਨਿਰਮਾਣ ਲਈ ਕਰਨ ਨਾਲ ਪਲਾਸਟਿਕ ਰਹਿੰਦ-ਖੂੰਹਦ ਦੀ ਸਮੱਸਿਆ ਦਾ ਨਿਪਟਾਰਾ ਕਰਨ ਵਿੱਚ ਸਫ਼ਲਤਾ ਮਿਲੇਗੀ ਜਿਸ ਨਾਲ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਬਣਾਇਆ ਜਾ ਸਕੇਗਾ। ਇਸ ਨਾਲ ਸੜਕਾਂ ਨੂੰ ਪਹਿਲਾਂ ਨਾਲੋਂ ਵਧੀਆ ਕੁਆਲਿਟੀ ਦਾ ਬਣਾਇਆ ਜਾ ਸਕੇਗਾ। ਇਸ ਦੇ ਨਾਲ ਹੀ ਸੜਕਾਂ ਬਣਾਉਣ ਦੀ ਲਾਗਤ ਵੀ ਘੱਟ ਆਵੇਗੀ। ਉਨ੍ਹਾਂ ਦੱਸਿਆ ਕਿ ਇਸਦੇ ਤਤਕਾਲ ਨਤੀਜੇ ਤਸੱਲੀਬਖ਼ਸ਼ ਹਨ। ਜਲਦ ਹੀ ਹੋਰ ਕਮੇਟੀ/ਕਾਰਪੋਰੇਸ਼ਨ ਵਿੱਚ ਪਲਾਸਟਿਕ ਦੀ ਵਰਤੋਂ ਸੜਕਾਂ ਦੇ ਕੰਮ ਵਿੱਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਮਗਰੋਂ ਮੀਤ ਹੇਅਰ ਦਾ ਅਹਿਮ ਬਿਆਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ