ਪੰਜਾਬ ਸਰਕਾਰ ਵਲੋਂ ਸਾਲ 8.5 ਲੱਖ ਕਿਸਾਨ ਪਰਿਵਾਰਾਂ ਨੂੰ ਸਿਹਤ ਬੀਮਾ ਸਕੀਮ ਹੇਠ ਲਿਆਉਣ ਦਾ ਫੈਸਲਾ

Monday, Aug 09, 2021 - 02:04 PM (IST)

ਪੰਜਾਬ ਸਰਕਾਰ ਵਲੋਂ ਸਾਲ 8.5 ਲੱਖ ਕਿਸਾਨ ਪਰਿਵਾਰਾਂ ਨੂੰ ਸਿਹਤ ਬੀਮਾ ਸਕੀਮ ਹੇਠ ਲਿਆਉਣ ਦਾ ਫੈਸਲਾ

ਚੰਡੀਗੜ੍ਹ (ਸ਼ਰਮਾ) : ਪੰਜਾਬ ਸਰਕਾਰ ਨੇ ਸਾਲ 2021-22 ਲਈ 8.50 ਲੱਖ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ‘ਆਯੁਸ਼ਮਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਅਧੀਨ ਸਿਹਤ ਬੀਮਾ ਸਕੀਮ ਹੇਠ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ‘ਜੇ’ ਫਾਰਮ ਅਤੇ ‘ਗੰਨਾ ਤੋਲ ਪਰਚੀ’ ਵਾਲੇ ਸਾਰੇ ਕਿਸਾਨ ਇਸ ਸਿਹਤ ਸਕੀਮ ਲਈ ਯੋਗ ਮੰਨੇ ਜਾਣਗੇ। ਕਿਸਾਨਾਂ ਨੂੰ ਇਸ ਸਕੀਮ ਲਈ ਸੁਖਾਲੇ ਢੰਗ ਨਾਲ ਅਪਲਾਈ ਕਰਨ ਦੀ ਸਹੂਲਤ ਪ੍ਰਦਾਨ ਕਰਦੇ ਹੋਏ ਪੰਜਾਬ ਮੰਡੀ ਬੋਰਡ ਨੇ ਇਸ ਸਾਲ ਤੋਂ ਪਹਿਲੀ ਵਾਰ ਕਿਸਾਨਾਂ ਲਈ ਵਿਸ਼ੇਸ਼ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਹੁਣ ਕਿਸਾਨਾਂ ਨੂੰ ਇਸ ਸਕੀਮ ਲਈ ਅਪਲਾਈ ਕਰਨ ਵਾਸਤੇ ਪਹਿਲਾਂ ਵਾਂਗ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਮਾਰਕੀਟ ਕਮੇਟੀ ਦੇ ਦਫਤਰ ਜਾਣ ਦੀ ਲੋੜ ਨਹੀਂ ਹੋਵੇਗੀ। ਇਸ ਸਹੂਲਤ ਦਾ ਲਾਭ ਲੈਣ ਦੇ ਇਛੁੱਕ ਕਿਸਾਨ ਮੰਡੀ ਬੋਰਡ ਦੇ ਪੋਰਟਲ ਉਪਰ ਸਬੰਧਤ ਦਸਤਾਵੇਜ਼ ਅਪਲੋਡ ਕਰ ਕੇ ਸੌਖਿਆਂ ਹੀ ਅਪਲਾਈ ਕਰ ਸਕਦੇ ਹਨ। ਇੱਥੇ ਇਹ ਪ੍ਰਗਟਾਵਾ ਕਰਦੇ ਹੋਏ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਸਾਰੇ ਕਿਸਾਨਾਂ ਦੀ ਸਮੁੱਚੀ ਬੀਮਾ ਰਾਸ਼ੀ ਦਾ ਭੁਗਤਾਨ ਮੰਡੀ ਬੋਰਡ ਵਲੋਂ ਅਦਾ ਕੀਤਾ ਜਾਵੇਗਾ ਅਤੇ ਇਹ ਕਿਸਾਨ 5 ਲੱਖ ਰੁਪਏ ਤੱਕ ਨਕਦੀ ਰਹਿਤ ਇਲਾਜ ਕਰਵਾ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਸਾਰੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ 20 ਅਗਸਤ, 2021 ਤੋਂ ਸਿਹਤ ਸਹੂਲਤਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਤੇ ਸਾਲ 5.01 ਲੱਖ ਕਿਸਾਨਾਂ ਨੂੰ ‘ਜੇ’ ਫਾਰਮ ਅਤੇ ‘ਗੰਨਾ ਤੋਲ ਪਰਚੀ’ ਦੇ ਆਧਾਰ ’ਤੇ ਸਿਹਤ ਬੀਮਾ ਸਕੀਮ ਹੇਠ ਲਿਆਂਦਾ ਗਿਆ ਸੀ। ਇਸ ਵਾਰ ਕਿਸਾਨਾਂ ਦੀ ਗਿਣਤੀ ਲਗਪਗ 8.5 ਲੱਖ ਹੈ, ਜਿਨ੍ਹਾਂ ਵਿਚ 7.91 ਲੱਖ ਕਿਸਾਨ ‘ਜੇ’ ਫਾਰਮ ਨਾਲ ਮੰਡੀ ਬੋਰਡ ਕੋਲ ਰਜਿਸਟਰਡ ਹਨ ਜਦਕਿ 55000 ਗੰਨਾ ਉਤਪਾਦਕ ਹਨ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿਨ ਦਿਹਾੜੇ ਵਿੱਕੀ ਮਿੱਡੂਖੇੜਾਂ ਦਾ ਕਤਲ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ   

ਲਾਲ ਸਿੰਘ ਨੇ ਅੱਗੇ ਦੱਸਿਆ ਕਿ ਬੀਤੇ ਸਾਲ ‘ਸਰਬੱਤ ਸਿਹਤ ਬੀਮਾ ਯੋਜਨਾ’ ਹੇਠ ਰਜਿਸਟਰਡ ਹੋਏ ਇਨ੍ਹਾਂ 5.01 ਲੱਖ ਕਿਸਾਨਾਂ ਨੂੰ ਪੋਰਟਲ ’ਤੇ ਮੁੜ ਅਪਲਾਈ ਕਰਨ ਦੀ ਲੋੜ ਨਹੀਂ ਹੈ ਕਿਉਂ ਜੋ ਉਨ੍ਹਾਂ ਨੂੰ ਪਹਿਲੇ ਦਸਤਾਵੇਜ਼ਾਂ ਦੇ ਆਧਾਰ ’ਤੇ ਅਗਲੇ ਸਾਲ ਲਈ ਸਿਹਤ ਸਹੂਲਤਾਂ ਦਾ ਲਾਭ ਮਿਲੇਗਾ, ਜਦਕਿ ਬਾਕੀ ਲਗਭਗ 3.5 ਲੱਖ ਕਿਸਾਨ ਅਤੇ ਗੰਨਾ ਉਤਪਾਦਕ ਜੋ ਇਕ ਅਕਤੂਬਰ, 2020 ਤੋਂ ਬਾਅਦ ‘ਜੇ’ ਫਾਰਮ ਅਤੇ ‘ਗੰਨਾ ਤੋਲ ਪਰਚੀ’ ਵਜੋਂ ਰਜਿਸਟਰਡ ਹੋਏ ਹਨ, ਨੂੰ ਸਿਹਤ ਬੀਮਾ ਸਕੀਮ ਲਈ ਪੋਰਟਲ ਉਤੇ ਅਪਲਾਈ ਕਰਨਾ ਹੋਵੇਗਾ। ਇਸ ਦੌਰਾਨ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਦੱਸਿਆ ਕਿ ਯੋਗ ਕਿਸਾਨ ਇਸ ਸਾਲ 20 ਅਗਸਤ ਤੋਂ ਸੂਚੀਬੱਧ ਹਸਪਤਾਲਾਂ ਤੋਂ ਨਕਦੀ ਰਹਿਤ ਇਲਾਜ ਦੀਆਂ ਸਹੂਲਤਾਂ ਦਾ ਲਾਭ ਲੈਣ ਦੇ ਹੱਕਦਾਰ ਬਣ ਸਕਣ। ਪਰਿਵਾਰ ਦੇ ਮੁਖੀ ਤੋਂ ਇਲਾਵਾ ਪਤੀ/ਪਤਨੀ, ਪਿਤਾ/ਮਾਤਾ, ਅਣਵਿਆਹੇ ਬੱਚੇ, ਤਲਾਕਸ਼ੁਦਾ ਧੀ ਅਤੇ ਉਸ ਦੇ ਨਾਬਾਲਗ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਗ ਬੱਚੇ ਇਸ ਸਕੀਮ ਹੇਠ ਯੋਗ ਮੰਨੇ ਜਾਣਗੇ। ਇਹ ਕਿਸਾਨ ਸਿਹਤ ਬੀਮਾ ਸਕੀਮ ਹੇਠ ਇਲਾਜ ਲਈ 642 ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਅਤੇ 208 ਸਰਕਾਰੀ ਹਸਪਤਾਲਾਂ ਤੱਕ ਪਹੁੰਚ ਕਰ ਸਕਦੇ ਹਨ, ਜਿੱਥੇ ਇਨ੍ਹਾਂ ਨੂੰ ਦਿਲ ਦਾ ਅਪ੍ਰੇਸ਼ਨ, ਕੈਂਸਰ ਦਾ ਇਲਾਜ, ਜੋੜ ਬਦਲਾਉਣੇ ਅਤੇ ਦੁਰਘਟਨਾ ਦੇ ਕੇਸਾਂ ਵਰਗੇ ਵੱਡੇ ਸਰਜੀਕਲ ਇਲਾਜ ਸਮੇਤ 1579 ਬਿਮਾਰੀਆਂ ਲਈ ਪੰਜ ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਹਾਸਲ ਹੋਵੇਗੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਅਗਵਾਈ ''ਚ ਕਾਂਗਰਸ ਮੁੜ ਹੋਵੇਗੀ ਸੱਤਾ ''ਤੇ ਕਾਬਜ਼ : ਸਿੰਗਲਾ  

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

 


author

Anuradha

Content Editor

Related News