ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਜਜ਼ੀਆ ਦੇ ਨੋਟੀਫਿਕੇਸ਼ਨ ਦੀਆਂ ਕਾਪੀਆ ਸਾਡ਼ੀਆਂ
Thursday, Jun 28, 2018 - 01:22 AM (IST)
ਗੁਰਦਾਸਪੁਰ, (ਵਿਨੋਦ, ਦੀਪਕ)- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਗੁਰਦਾਸਪੁਰ ਵੱਲੋਂ ਹੋਰ ਭਰਾਤਰੀ ਜਥੇਬੰਦੀਆਂ ਨਾਲ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ’ਤੇ ਲਾਏ ਗਏ 200 ਰੁਪਏ ਜਜ਼ੀਆ ਦੇ ਨੋਟੀਫਿਕੇਸ਼ਨ ਦੀਆਂ ਕਾਪੀਅਾਂ ਸਾਡ਼ੀਆਂ ਗਈਅਾਂ।
ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਘਬੀਰ ਸਿੰਘ ਬਡਵਾਲ ਸੂਬਾ ਚੇਅਰਮੈਨ, ਗੁਰਦੀਪ ਸਿੰਘ ਪੰਨੂ ਜਨਰਲ ਸਕੱਤਰ, ਬਲਜਿੰਦਰ ਸਿੰਘ ਸੈਣੀ ਜ਼ਿਲਾ ਚੇਅਰਮੈਨ, ਹਰਜਿੰਦਰ ਸਿੰਘ ਭੱਟੀ ਜ਼ਿਲਾ ਵਰਕਿੰਗ ਪ੍ਰਧਾਨ ਅਤੇ ਸਾਵਣ ਸਿੰਘ ਵਿੱਤ ਸਕੱਤਰ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਖਾਸ ਕਰ ਕੇ ਵਿੱਤ ਮੰਤਰੀ ਪੰਜਾਬ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਪ੍ਰਤੀ ਪਾਸਾ ਵੱਟਿਆ ਹੋਇਆ ਹੈ, ਕਿਉਂਕਿ ਅਜੇ ਤੱਕ ਜਨਵਰੀ 2017, ਜੁਲਾਈ 2017 ਤੇ ਜਨਵਰੀ 2018 ਦੀਆਂ ਤਿੰਨ ਡੀ. ਏ. ਦੀਆਂ ਕਿਸ਼ਤਾਂ ਰਿਲੀਜ਼ ਨਹੀਂ ਕੀਤੀਆਂ ਗਈਆਂ ਤੇ ਪਿਛਲੇ ਡੀ. ਏ. ਦੀਆਂ ਕਿਸ਼ਤਾਂ ਦਾ ਤਕਰੀਬਨ 23 ਮਹੀਨਿਆਂ ਦਾ ਬਕਾਇਆ ਵੀ ਸਰਕਾਰ ਦੱਬੀ ਬੈਠੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਨੂੰ ਵੀ ਠੰਡੇ ਬਸਤੇ ’ਚ ਪਾਇਆ ਹੋਇਆ ਹੈ। ਜਦੋਂ ਦੀ ਇਹ ਸਰਕਾਰ ਬਣੀ ਹੈ, ਇਹ ਖਜ਼ਾਨਾ ਖਾਲੀ ਹੋਣ ਬਾਰੇ ਰੌਲਾ ਪਾਉਂਦੀ ਆ ਰਹੀ ਹੈ ਤੇ ਮੁਲਾਜ਼ਮਾਂ ਦੀ ਤਨਖਾਹ ਨੂੰ ਬੋਝ ਸਮਝਦੀ ਹੈ, ਜਿਸ ਨਾਲ ਪੰਜਾਬ ਦਾ ਮੁਲਾਜ਼ਮ ਵਰਗ ਨਿਰਾਸ਼ ਹੋਇਆ ਪਿਆ ਹੈ। ਉਪਰੋਂ ਪੰਜਾਬ ਸਰਕਾਰ ਵੱਲੋਂ ਡਿਵੈੱਲਪਮੈਂਟ ਦੇ ਨਾਂ ’ਤੇ ਕਰਮਚਾਰੀਆਂ ਪਾਸੋਂ 200 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਟੈਕਸ ਕੱਟਣ ਲਈ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ ਮੁਲਾਜ਼ਮ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਮੁਲਾਜ਼ਮ ਪਹਿਲਾਂ ਹੀ ਵੱਖ-ਵੱਖ ਰੂਪ ’ਚ ਟੈਕਸ ਪੇਅ ਕਰ ਰਹੇ ਹਨ। ਇਸ ਲਈ ਸਰਕਾਰ ਨੂੰ ਸਮੂਹ ਮੁਲਾਜ਼ਮ ਵਰਗ ਦੀ ਅਪੀਲ ਹੈ ਕਿ ਸਰਕਾਰ ਉਨ੍ਹਾਂ ਦੀਆਂ ਭੱਖਦੀਆਂ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਇਨ੍ਹਾਂ ਮੰਗਾਂ ਦਾ ਨਿਪਟਾਰਾ ਕਰੇ ਤੇ ਡਿਵੈੱਲਪਮੈਂਟ ਦੇ ਨਾਂ ’ਤੇ ਉਨ੍ਹਾਂ ਪਾਸੋਂ 200 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਟੈਕਸ ਕੱਟਣ ਲਈ ਜਾਰੀ ਕੀਤੇ ਫਰਮਾਨ ਨੂੰ ਤੁਰੰਤ ਵਾਪਸ ਲਵੇ, ਨਹੀਂ ਤਾਂ ਸਮੂਹ ਮੁਲਾਜ਼ਮ ਵਰਗ ਅਗਲਾ ਸੰਘਰਸ਼ ਵਿੱਢਣ ਲਈ ਤਿਆਰ ਬੈਠਾ ਹੈ। ਅੱਜ ਦੀ ਇਸ ਰੈਲੀ ਨੂੰ ਉਪਰੋਕਤ ਤੋਂ ਇਲਾਵਾ ਲਖਵਿੰਦਰ ਸਿੰਘ ਗੋਰਾਇਆ ਜਨਰਲ ਸਕੱਤਰ ਡੀ. ਸੀ. ਦਫਤਰ, ਅਮਰਜੀਤ ਸ਼ਾਸਤਰੀ ਸੀਨੀਅਰ ਮੀਤ ਪ੍ਰਧਾਨ ਡੈਮੋਕ੍ਰੇਟਿਕ ਮੁਲਾਜ਼ਮ ਫੈੱਡਰੇਸ਼ਨ, ਪੂਨੀਮ ਸਾਗਰ ਜ਼ਿਲਾ ਪ੍ਰਧਾਨ ਸੀ. ਪੀ. ਐੱਫ. ਯੂਨੀਅਨ, ਤਿਲਕ ਰਾਜ ਪ੍ਰਧਾਨ ਡਰਾਫਟਸਮੈਨ ਯੂਨੀਅਨ, ਗੁਰਨਾਮ ਸਿੰਘ ਪ੍ਰਧਾਨ ਟੈਕਨੀਕਲ ਐਂਡ ਡਰਾਈਵਰ ਯੂਨੀਅਨ ਪ੍ਰਧਾਨ, ਅਨੇਕ ਚੰਦ ਪਾਹਡ਼ਾ ਪ੍ਰਧਾਨ ਦਰਜਾ-4 ਯੂਨੀਅਨ ਆਦਿ ਨੇ ਸੰਬੋਧਨ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ’ਚ ਹੋਰ ਵੀ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਸਰਕਾਰ ਦੇ ਮੁਲਾਜ਼ਮ ਮਾਰੂ ਫੈਸਲਿਆਂ ਖਿਲਾਫ ਸੰਘਰਸ਼ ਕੀਤਾ ਜਾਵੇਗਾ।
