ਕਿਸਾਨਾਂ ਨੇ ਕੀਤਾ ਪੰਜਾਬ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ
Sunday, Jun 24, 2018 - 02:31 AM (IST)
ਮਾਨਸਾ (ਮਿੱਤਲ)-ਪੰਜਾਬ ਸਰਕਾਰ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ’ਤੇ ਲਾਇਆ ਟੈਕਸ 13 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦੇ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਭੈਣੀਬਾਘਾ, ਜੋਗਾ, ਦੋਦੜਾ, ਭੰਮੇ ਖੁਰਦ, ਸਰਦੂਲਗੜ੍ਹ ਵਿਖੇ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਡੇਢ ਸਾਲ ਵਿਚ ਹੀ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਲੋਕਾਂ ਨਾਲ ਸਸਤੀਆਂ ਦਰਾਂ ’ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਕੈਪਟਨ ਹਕੂਮਤ ਨੇ ਲੋਕਾਂ ’ਤੇ ਹੁਣ ਆਰਥਿਕ ਹੱਲੇ ਬੋਲਣੇ ਸ਼ੁਰੂ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਹੀ ਬਿਜਲੀ ਦਰਾਂ ਬਹੁਤ ਉੱਚੀਆਂ ਹਨ, ਇਸ ’ਤੇ ਕਿਸੇ ਤਰ੍ਹਾਂ ਦੇ ਟੈਕਸ ਲਾਉਣੇ ਉਚਿੱਤ ਨਹੀਂ ਹਨ, ਜਦੋਂ ਕਿ ਸਰਕਾਰ ਨੇ 13 ਫੀਸਦੀ ਤੋਂ ਵਧਾ ਕੇ 15 ਫੀਸਦੀ ਟੈਕਸਾਂ ਦਾ ਵਾਧਾ ਕਰ ਦਿੱਤਾ ਹੈ। ਅਜਿਹਾ ਕਰਨ ਨਾਲ ਘਰੇਲੂ ਬਿਜਲੀ ਖਪਤਕਾਰ ਕਸੂਤੀ ਘੜਿੱਕੀ ਵਿਚ ਫਸ ਜਾਣਗੇ। ਬਿਜਲੀ ਦੇ ਜ਼ਿਆਦਾ ਰੇਟ ਹੋਣ ਕਾਰਨ ਪਹਿਲਾਂ ਹੀ ਬਿੱਲ ਭਰਨੇ ਮੁਸ਼ਕਿਲ ਹੋਏ ਪਏ ਹਨ। ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਘਰੇਲੂ ਖਪਤਕਾਰਾਂ ਵੱਲੋਂ ਵਰਤੀ ਜਾਂਦੀ ਬਿਜਲੀ ’ਤੇ ਲਾਏ ਸਾਰੇ ਟੈਕਸ ਹਟਾਏ ਜਾਣ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਭੋਲਾ ਸਿੰਘ ਮਾਖਾ, ਜਗਦੇਵ ਸਿੰਘ ਭੈਣੀਬਾਘਾ, ਹਰਿੰਦਰ ਸਿੰਘ ਟੋਨੀ, ਜਗਸੀਰ ਸਿੰਘ ਦੋਦੜਾ, ਉਤਮ ਸਿੰਘ ਰਾਮਾਨੰਦੀ, ਮਲਕੀਤ ਸਿੰਘ ਕੋਟਧਰਮੂ, ਚਾਨਣ ਸਿੰਘ ਜਟਾਣਾ ਆਦਿ ਵੀ ਹਾਜ਼ਰ ਸਨ।