ਬੇਘਰੇ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਤੋਹਫਾ

Wednesday, Dec 27, 2017 - 11:06 AM (IST)

ਬੇਘਰੇ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡਾ ਤੋਹਫਾ

ਮਾਛੀਵਾੜਾ ਸਾਹਿਬ/ ਸਮਰਾਲਾ (ਟੱਕਰ, ਸਚਦੇਵਾ, ਗਰਗ,ਬੰਗੜ) : ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਤੇ ਬੇਘਰੇ ਪਰਿਵਾਰਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਮਕਾਨ ਬਣਾਉਣ ਲਈ ਪਲਾਟ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਸ ਯੋਜਨਾ ਦਾ ਸਹੀ ਲਾਭਪਾਤਰੀਆਂ ਨੂੰ ਸਮੇਂ ਸਿਰ ਲਾਭ ਦਿਵਾਉਣ ਲਈ ਸਮਾਂਬੱਧ ਪ੍ਰੋਗਰਾਮ ਵੀ ਜਾਰੀ ਕੀਤਾ ਗਿਆ ਹੈ। 
ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਸੁਰਭੀ ਮਲਿਕ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਪ੍ਰੈਲ-2018 ਵਿਚ ਅਨੁਸੂਚਿਤ ਜਾਤੀ ਤੇ ਗਰੀਬ ਬੇਘਰੇ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਇਸ ਯੋਜਨਾ ਤਹਿਤ ਯੋਗ ਲਾਭਪਾਤਰੀ 31 ਜਨਵਰੀ 2018 ਤਕ ਆਪਣੇ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਵਿਖੇ ਅਰਜ਼ੀਆਂ ਦੇ ਸਕਣਗੇ। 
ਉਪ ਮੰਡਲ ਮੈਜਿਸਟ੍ਰੇਟ ਦੀ ਅਗਵਾਈ ਵਾਲੀਆਂ ਸਬ-ਡਵੀਜ਼ਨ ਪੱਧਰ ਦੀਆਂ ਕਮੇਟੀਆਂ ਵਲੋਂ ਇਨ੍ਹਾਂ ਅਰਜ਼ੀਆਂ ਦੀ ਪੜਤਾਲ ਤੇ ਸਿਫਾਰਸ਼ਾਂ ਦਾ ਕੰਮ 28 ਫਰਵਰੀ ਤਕ ਮੁਕੰਮਲ ਕੀਤਾ ਜਾਵੇਗਾ। ਸਹੀ ਪਾਈਆਂ ਜਾਣ ਵਾਲੀਆਂ ਅਰਜ਼ੀਆਂ ਸਬੰਧੀ 25 ਮਾਰਚ 2018 ਤਕ ਗ੍ਰਾਮ ਪੰਚਾਇਤਾਂ ਵਲੋਂ ਮਤੇ ਪਾਏ ਜਾਣਗੇ, ਜਿਸ ਉਪਰੰਤ 15 ਅਪ੍ਰੈਲ ਤਕ ਇਹ ਮਤੇ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਮਨਜ਼ੂਰੀ ਲਈ ਭੇਜੇ ਜਾਣਗੇ। 30 ਅਪ੍ਰੈਲ ਤਕ ਯੋਗ ਲਾਭਪਾਤਰੀਆਂ ਨੂੰ ਅਲਾਟਮੈਂਟ ਪੱਤਰ ਤੇ ਸਨਦਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਮਲਿਕ ਨੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਦੀ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ।


Related News