ਚੋਣਾਂ ਤੋਂ ਪਹਿਲਾਂ ''ਡੀ. ਜੀ. ਪੀ. ਅਰੋੜਾ'' ਨੂੰ ਲਾਂਭੇ ਕਰੇਗੀ ਪੰਜਾਬ ਸਰਕਾਰ!

01/19/2019 2:52:47 PM

ਚੰਡੀਗੜ੍ਹ : ਪੰਜਾਬ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਡੀ. ਜੀ. ਪੀ. ਸੁਰੇਸ਼ ਅਰੋੜਾਂ ਨੂੰ ਲਾਂਭੇ ਕਰਨ ਦੀ ਤਿਆਰੀ 'ਚ ਦਿਖਾਈ ਦੇ ਰਹੀ ਹੈ, ਇਸ ਲਈ ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਲਈ ਕਵਾਇਦ ਤੇਜ਼ ਕਰ ਦਿੱਤੀ ਗਈ ਹੈ। ਸਰਕਾਰ ਚੋਣਾਂ ਤੋਂ ਪਹਿਲਾਂ ਹੀ ਸੂਬੇ 'ਚ ਨਵਾਂ ਡੀ. ਜੀ. ਪੀ. ਤਾਇਨਾਤ ਕਰਨਾ ਚਾਹੁੰਦੀ ਹੈ ਕਿਉਂਕਿ ਚੋਣ ਜ਼ਾਬਤੇ ਤੋਂ ਬਾਅਦ ਇਹ ਮਾਮਲਾ ਲੰਬਾ ਖਿੱਚ ਸਕਦਾ ਹੈ। ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਨਵਾਂ ਡੀ. ਜੀ. ਪੀ. ਨਿਯੁਕਤ ਕਰਨ ਨੂੰ ਲੈ ਕੇ 6 ਸੀਨੀਅਰ ਆਈ. ਪੀ. ਐੱਸ. ਅਧਿਕਾਰੀਆਂ ਦੀ ਸੂਚੀ ਤਿਆਰ ਕੀਤੀ ਹੈ। ਨਿਯਮਾਂ ਦੇ ਮੁਤਾਬਕ ਸਰਕਾਰ ਨੂੰ ਇਸ ਸੂਚੀ 'ਚੋਂ 3 ਨਾਂ ਯੂ. ਪੀ. ਐੱਸ. ਸੀ. (ਸੰਘ ਲੋਕ ਸੇਵਾ ਕਮਿਸ਼ਨ) ਨੂੰ ਭੇਜਣੇ ਪੈਣਗੇ। 
ਇਸ ਸੂਚੀ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗ੍ਰਹਿ ਸਕੱਤਰ ਦੀ ਸ਼ਨੀਵਾਰ ਸ਼ਾਮ ਨੂੰ ਅਹਿਮ ਬੈਠਕ ਹੋਵੇਗੀ। ਸੀਨੀਅਰ ਆਈ. ਪੀ. ਐੱਸ. ਅਧਿਕਾਰੀਆਂ ਦੀ ਸੂਚੀ 'ਚ ਮੁਹੰਮਦ ਮੁਸਤਫਾ, ਦਿਨਕਰ ਗੁਪਤਾ, ਐੱਸ. ਚੋਟਾਪਾਧਿਆਏ, ਐੱਮ. ਐੱਲ. ਤਿਵਾੜੀ, ਐੱਸ. ਕੇ. ਧਵਨ ਅਤੇ ਸਾਮੰਤ ਕੁਮਾਰ ਗੋਇਲ ਨੂੰ ਸ਼ਾਮਲ ਕੀਤਾ ਗਿਆ ਹੈ। ਸਰਕਾਰ ਨੂੰ ਇਸ ਸੂਚੀ 'ਚੋਂ ਤਿੰਨ ਨਾਂ ਯੂ. ਪੀ. ਐੱਸ. ਸੀ. ਨੂੰ ਭੇਜਣੇ ਹਨ। ਮੌਜੂਦਾ ਸਮੇਂ 'ਚ ਪੰਜਾਬ 'ਚ ਡੀ. ਜੀ. ਪੀ. ਸੁਰੇਸ਼ ਅਰੋੜਾ ਅਦਾਲਤ ਦੇ ਹੁਕਮਾਂ ਮੁਤਾਬਕ ਸੇਵਾ ਵਿਸਥਾਰ 'ਤੇ ਚੱਲ ਰਹੇ ਹਨ। ਇਹ ਮਾਮਲਾ ਸੁਪਰੀਮ ਕੋਰਟ 'ਚ ਵਿਚਾਰਧੀਨ ਹੋਣ ਕਾਰਨ ਉਨ੍ਹਾਂ ਨੂੰ 9 ਮਹੀਨਿਆਂ ਦਾ ਸੇਵਾ ਵਿਸਥਾਰ ਦਿੱਤਾ ਗਿਆ ਹੈ। 
ਇੰਝ ਨਿਯੁਕਤ ਹੋਣਗੇ ਨਵੇਂ ਡੀ. ਜੀ. ਪੀ.
ਡੀ. ਜੀ. ਪੀ. ਦੀ ਚੋਣ ਅਤੇ ਕਾਰਜਕਾਲ 'ਤੇ ਸੁਪਰੀਮ ਕੋਰਟ ਨੇ 2006 'ਚ ਨਿਰਦੇਸ਼ ਦਿੱਤਾ ਸੀ ਕਿ ਸੂਬਾ ਸਰਕਾਰ ਨੂੰ 3 ਸੀਨੀਅਰ ਅਧਿਕਾਰੀਆਂ 'ਚੋਂ ਪੁਲਸ ਮੁਖੀ ਦੀ ਚੋਣ ਕਰਨੀ ਚਾਹੀਦੀ ਹੈ। ਅਦਾਲਤ ਨੇ ਕਿਹਾ ਸੀ ਕਿ ਸੂਬਿਆਂ ਨੂੰ ਪੁਲਸ ਮੁਖੀ ਦੇ ਸੇਵਾਮੁਕਤ ਹੋਣ ਤੋਂ ਘੱਟੋ-ਘੱਟ ਤਿੰਨ ਮਹੀਨੇ ਪਹਿਲਾਂ ਨਵੇਂ ਪੁਲਸ ਮੁਖੀ ਬਾਰੇ ਸੀਨੀਅਰ ਅਧਿਕਾਰੀਆਂ ਦੀ ਸੂਚੀ ਯੂ. ਪੀ. ਐੱਸ. ਸੀ. ਨੂੰ ਭੇਜਣੀ ਪਵੇਗੀ। ਇਸ ਤੋਂ ਬਾਅਦ ਯੂ. ਪੀ. ਐੱਸ. ਸੀ. ਸੂਬਿਆਂ ਨੂੰ ਸੂਚਿਤ ਕਰੇਗਾ ਕਿ ਕਿਸ ਅਧਿਕਾਰੀ ਨੂੰ ਡੀ. ਜੀ. ਪੀ. ਨਿਯੁਕਤ ਕਰਨਾ ਹੈ। 


Babita

Content Editor

Related News