ਬਾਦਲ ਪਰਿਵਾਰ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 31 ਇੰਟੈਗ੍ਰਲ ਕੋਚ ਪਰਮਿਟ ਤੁਰੰਤ ਪ੍ਰਭਾਵ ਨਾਲ ਰੱਦ
Wednesday, Nov 17, 2021 - 10:02 PM (IST)

ਚੰਡੀਗੜ੍ਹ(ਸ਼ਰਮਾ)- ਪੰਜਾਬ ਟਰਾਂਸਪੋਰਟ ਵਿਭਾਗ ਨੇ ਟੈਕਸਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੋਟਰ ਵਾਹਨ ਟੈਕਸ ਚੋਰੀ ਕਰਨ ਦੇ ਦੋਸ਼ ਹੇਠ 125 ਬੱਸ ਪਰਮਿਟ ਰੱਦ ਕਰ ਦਿੱਤੇ ਹਨ, ਜਿਨ੍ਹਾਂ ’ਚੋਂ 31 ਪਰਮਿਟ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਹਨ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਇਹ ਕਾਰਵਾਈ ਬਕਾਇਆ ਟੈਕਸਾਂ ਦਾ ਭੁਗਤਾਨ ਨਾ ਕਰਨ ਅਤੇ ਸਿਸਟਮ ਨੂੰ ਧੋਖਾ ਦੇ ਕੇ ਸਰਕਾਰੀ ਖਜ਼ਾਨੇ ਨੂੰ ਢਾਹ ਲਾਉਣ ਵਾਲੇ ਕਸੂਰਵਾਰਾਂ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਕੀਤੀ ਗਈ ਹੈ। ਇਹ ਕਾਰਵਾਈ ਮੋਟਰ ਵਹੀਕਲ ਐਕਟ, 1988 ਦੀ ਧਾਰਾ 103 ’ਚ ਦਰਜ ਉਪਬੰਧਾਂ ਦੀ ਪਾਲਣਾ ਤਹਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ- CM ਚੰਨੀ ਦੱਸਣ ਕਿ ਜੇਕਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕਰਨਾ ਸੀ ਤਾਂ ਇੰਨੇ ਸਾਲ ਕਿਉਂ ਰੱਖਿਆ ਧੋਖੇ 'ਚ: ਸੁਖਬੀਰ
ਸੂਬੇ ’ਚ ਪਾਰਦਰਸ਼ੀ ਅਤੇ ਇਕਸਾਰ ਟਰਾਂਸਪੋਰਟ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵੜਿੰਗ ਨੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਪਹਿਲ ਦੇ ਅਧਾਰ ’ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਗਲਤ ਕੰਮਾਂ ’ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਆਰ.ਟੀ.ਏ. ਅਥਾਰਟੀ ਬਠਿੰਡਾ ਵਲੋਂ ਟੈਕਸ ਡਿਫ਼ਾਲਟਰ ਹੋਣ ਕਾਰਣ ਬਾਦਲਾਂ ਨਾਲ ਸਬੰਧਤ 30 ਇੰਟੈਗ੍ਰਲ ਕੋਚ ਪਰਮਿਟ ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਤੋਂ ਇਲਾਵਾ ਨਿਊ ਫ਼ਤਿਹ ਟਰੈਵਲਜ਼ ਦਾ ਇਕ ਪਰਮਿਟ ਵੀ ਰੱਦ ਕਰ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਮਨਦੀਪ ਟਰੈਵਲਜ਼ ਦੇ 16 ਹੋਰ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ। ਨਿਊ ਫ਼ਤਿਹ ਬੱਸ ਸਰਵਿਸ ਵਿਰੁੱਧ ਇਸ ਸਾਲ ਜਨਵਰੀ ਤੋਂ ਟੈਕਸ ਦੀ ਦੇਣਦਾਰੀ ਹੈ, ਜਦ ਕਿ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਖਿਲਾਫ਼ ਮਾਰਚ ਮਹੀਨੇ ਤੋਂ ਅਕਤੂਬਰ, 2021 ਤੱਕ ਟੈਕਸ ਜਮ੍ਹਾਂ ਕਰਾਉਣ ’ਚ ਦੇਰੀ ਕਰਨ ਲਈ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸਰਕਾਰ ਬਿਜਲੀ ਪਲਾਂਟ ਮਾਲਕਾਂ ਤੋਂ ਰਿਸ਼ਵਤ ਵਸੂਲਣ ਲਈ ਬਿਜਲੀ ਖਰੀਦ ਸਮਝੌਦੇ ਰੱਦ ਕਰਨ ਦੀ ਧਮਕੀ ਦੇ ਰਹੀ ਹੈ : ਮਜੀਠੀਆ
ਇਸੇ ਤਰ੍ਹਾਂ ਦੀ ਕਾਰਵਾਈ ਕਰਦਿਆਂ, ਆਰ.ਟੀ.ਏ. ਅਥਾਰਟੀ ਫਰੀਦਕੋਟ ਨੇ 2 ਕਰੋੜ 62 ਲੱਖ ਰੁਪਏ ਦੀ ਬਕਾਇਆ ਟੈਕਸ ਰਾਸ਼ੀ ਵਾਲੇ 3 ਇੰਟੈਗ੍ਰਲ ਕੋਚ ਪਰਮਿਟਾਂ ਤੋਂ ਇਲਾਵਾ ਨਿਊ ਦੀਪ ਬੱਸ ਸਰਵਿਸ ਦੇ 73 ਆਮ ਬੱਸ ਪਰਮਿਟ ਰੱਦ ਕਰ ਦਿੱਤੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਮਾਲਵਾ ਬੱਸ ਸੇਵਾ ਦੇ 2 ਆਮ ਬੱਸ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।