ਫਿਲੌਰ 'ਚ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ, ਨਸ਼ੇ ਦੀ ਕਮਾਈ ਨਾਲ ਬਣਾਏ ਢਾਹ ਦਿੱਤੇ ਘਰ

Sunday, Mar 02, 2025 - 05:14 PM (IST)

ਫਿਲੌਰ 'ਚ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ, ਨਸ਼ੇ ਦੀ ਕਮਾਈ ਨਾਲ ਬਣਾਏ ਢਾਹ ਦਿੱਤੇ ਘਰ

ਫਿਲੌਰ (ਵੈੱਬ ਡੈਸਕ, ਭਾਖੜੀ)- ਪੰਜਾਬ ਸਰਕਾਰ ਵੱਲੋਂ ਜਿੱਥੇ ਯੁੱਧ ਨਸ਼ੇ ਵਿਰੁੱਧ ਜਾਰੀ ਹੈ, ਉਥੇ ਹੀ ਬੁਲਡੋਜ਼ਰ ਐਕਸ਼ਨ ਵੀ ਲਗਾਤਾਰ ਕੀਤੇ ਜਾ ਰਹੇ ਹਨ। ਹੁਣ ਫਿਲੌਰ ਵਿਚ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ। ਫਿਲੌਰ ਦੇ ਪਿੰਡ ਖਾਨਪੁਰ ਅਤੇ ਮੰਡੀ ਵਿਚ ਨਸ਼ਾ ਤਸਕਰਾਂ ਦੇ ਘਰਾਂ 'ਤੇ ਪੀਲਾ ਪੰਜਾ ਚਲਾਇਆ ਗਿਆ ਹੈ। ਜੇ.ਸੀ.ਬੀ. ਮਸ਼ੀਨ ਨਾਲ ਨਸ਼ੇ  ਦੀ ਕਮਾਈ ਨਾਲ ਬਣਾ ਮਕਾਨ ਢਾਹ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅੱਪਰਾ ਇਲਾਕੇ ਦੇ ਦੋ ਪਿੰਡਾਂ ਖਾਨਪੁਰ ਅਤੇ ਪਿੰਡ ਮੰਡੀ ਵਿਖੇ ਐੱਸ. ਐੱਸ ਪੀ. ਜਲੰਧਰ ਦਿਹਾਤੀ ਸ. ਹਰਕਮਲਪ੍ਰੀਤ ਸਿੰਘ ਖੱਖ, ਐੱਸ. ਪੀ. ਡੀ. ਸ੍ਰੀ ਮੁਖਤਿਆਰ ਰਾਏ ਦੀ ਅਗਵਾਈ ਹੇਠ ਡੀ. ਐੱਸ. ਪੀ ਫਿਲੌਰ ਸ. ਸਰਵਣ ਸਿੰਘ ਬੱਲ, ਐੱਸ. ਐੱਚ. ਓ ਫਿਲੌਰ ਸ੍ਰੀ ਸੰਜੀਵ ਕਪੂਰ ਅਤੇ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਦੀ ਟੀਮ ਨੇ  ਦੋ ਨਸ਼ਾਂ ਤਸਕਰਾਂ ਦੇ ਘਰਾਂ ਨੂੰ  ਜੇ. ਸੀ. ਬੀ ਦੁਆਰਾ ਢਹਿ-ਢੇਰੀ ਕਰ ਦਿੱਤਾ ਗਿਆ।

PunjabKesari

ਇਸ ਮੌਕੇ ਪੰਚਾਇਤ ਵਿਭਾਗ ਤੋਂ ਸੁਖਜਿੰਦਰ ਸਿੰਘ ਕਾਰਜਕਾਰੀ ਪੰਚਾਇਤ ਅਫ਼ਸਰ ਫਿਲੌਰ, ਸ. ਸੁਰਜੀਤ ਸਿੰਘ ਪੰਚਾਇਤ ਸੈਕਟਰੀ ਖਾਨਪੁਰ, ਰਮਨਦੀਪ ਸਿੰਘ ਪੰਚਾਇਤ ਸੈਕਟਰੀ ਮੰਡੀ ਵੀ ਹਾਜ਼ਰ ਸਨ। ਇਸ ਮੌਕੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਸ. ਹਰਕਮਲਪ੍ਰੀਤ ਸਿੰਘ ਖੱਖ, ਡੀ. ਐੱਸ. ਪੀ. ਫਿਲੌਰ ਸ. ਸਰਵਣ ਸਿੰਘ ਬੱਲ, ਐੱਸ. ਐੱਚ. ਓ. ਫਿਲੌਰ ਸੰਜੀਵ ਕਪੂਰ ਥਾਣਾ ਮੁਖੀ ਫਿਲੌਰ ਨੇ ਦੱਸਿਆ ਕਿ ਪਿੰਡ ਖਾਨਪੁਰ ਦਾ ਰਹਿਣ ਵਾਲਾ ਜਸਵੀਰ ਸਿੰਘ ਉਰਫ਼ ਸ਼ੀਰਾ ਪੁੱਤਰ ਦਲਵੀਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਤਸਕਰੀ ਦਾ ਕੰਮ ਕਰਦਾ ਆ ਰਿਹਾ ਹੈ। ਉਸ ਦੇ ਖ਼ਿਲਾਫ਼ ਪਹਿਲਾ ਮੁਕੱਦਮਾ 2007 ਵਿੱਚ ਦਰਜ ਹੋਇਆ ਸੀ ਅਤੇ ਉਸ ਦੇ ਖ਼ਿਲਾਫ਼ ਕੁੱਲ੍ਹ 3 ਮੁਕੱਦਮੇ ਦਰਜ ਹਨ ਅਤੇ ਉਕਤ ਦੋਸ਼ੀ ਮਾਣਯੋਗ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ। 

PunjabKesari

ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਸ ਫੋਰਸ ਨੂੰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਹੋਇਆ ਹੈ। ਐੱਸ. ਐੱਸ ਪੀ ਜਲੰਧਰ ਦਿਹਾਤੀ ਸ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਉਕਤ ਦੋਸ਼ੀ ਨੇ ਪੰਚਾਇਤਕੀ ਜ਼ਮੀਨ 'ਤੇ ਧੱਕੇ ਨਾਲ ਨਾਜਾਇਜ਼ ਤੌਰ 'ਤੇ ਕਬਜ਼ਾ ਕਰਕੇ ਨਸ਼ਾ ਤਸਕਰੀ ਦੇ ਮਾੜੇ ਰੁਪਇਅਆਂ ਨਾਲ ਘਰ ਬਣਾਇਆ ਹੋਇਆ ਹੈ, ਜੋਕਿ ਢਹਿ-ਢੇਰੀ ਕਰ ਦਿੱਤਾ ਗਿਆ। ਐੱਸ. ਐੱਸ. ਪੀ. ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਨੇ ਜੋ ਪੰਚਾਇਤੀ ਜ਼ਮੀਨ 'ਤੇ ਨਜ਼ਾਇਜ਼ ਤੌਰ 'ਤੇ ਘਰ ਬਣਾਇਆ ਹੋਇਆ ਹੈ, ਇਹ ਜਗ੍ਹਾ ਪ੍ਰਾਈਮ ਲੋਕੇਸ਼ਨ 'ਤੇ ਸਥਿਤ ਹੈ ਅਤੇ ਇਸ ਦੀ ਕੀਮਤ ਲੱਖਾਂ ਰੁਪਏ 'ਚ ਹੈ। ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਸ ਵਿਭਾਗ ਦਾ ਨਸ਼ਾ ਤਸਕਰਾਂ ਨੂੰ ਸਾਫ਼ ਅਤੇ ਸਪੱਸ਼ਟ ਸੰਦੇਸ਼ ਹੈ ਕਿ ਉਹ ਜਾਂ ਤਾਂ ਨਸ਼ਾ ਵੇਚਣਾ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਦੇਣ। ਇਸ ਮੌਕੇ 'ਤੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਜਸਵੀਰ ਸ਼ੀਰਾ ਦੀ ਰਿਸ਼ਤੇ ਵਿੱਚ ਚਾਚੀ ਅਤੇ ਮਾਸੀ ਲੱਗਦੀ ਪਰਮਜੀਤ ਪੰਮੋ ਪਤਨੀ ਸਵ. ਸੁੱਚਾ ਰਾਮ ਨੇ ਆ ਕੇ ਘਰ ਨੂੰ ਢਾਹੁਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। 

PunjabKesari

ਪਰਮਜੀਤ ਪੰਮੋ ਨੇ ਕਿਹਾ ਕਿ ਇਸ ਘਰ 'ਚ ਮੇਰਾ ਵੀ ਹਿੱਸਾ ਹੈ। ਕੁਝ ਸਮਾਂ ਪਹਿਲਾਂ ਮੇਰੇ ਪਤੀ ਦੀ ਮੌਤ ਹੋ ਗਈ ਸੀ, ਜਿਸ ਕਾਰਨ ਮੈਂ ਆਪਣੇ ਬੱਚਿਆਂ ਦੇ ਨਾਲ ਆਪਣੇ ਮਾਪਿਆਂ ਦੇ ਪਿੰਡ ਰਹਿਣ ਲੱਗ ਪਈ। ਇਸ ਮੌਕੇ ਜਦੋਂ ਪੰਮੋ ਅਤੇ ਉਸ ਦੇ ਹੋਰ ਸਾਥੀ ਰਿਸ਼ਤੇਦਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੁਲਸ ਫੋਰਸ ਨੇ ਪੰਮੋ ਅਤੇ ਉਸ ਦੇ ਹੋਰ ਰਿਸ਼ਤੇਦਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮੌਕੇ ਇਕੱਤਰ ਪਿੰਡ ਵਾਸੀਆਂ ਨੇ ਦੱਸਿਆ ਕਿਜਸਵੀਰ ਸ਼ੀਰਾ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਆਪਣੀ ਪਤਨੀ ਦੇ ਨਾਲ ਤਲਾਕ ਹੋ ਗਿਆ ਸੀ। ਜਸਵੀਰ ਸ਼ੀਰਾ ਦੀ ਮਾਤਾ 'ਤੇ ਵੀ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਸਨ ਅਤੇ ਉਸ ਦੀ ਮੌਤ ਵੀ ਜੇਲ੍ਹ ਵਿੱਚ ਹੀ ਹੋ ਗਈ ਸੀ। ਇਸੇ ਹੀ ਤਰ੍ਹਾਂ ਪੂਰੀ ਪੁਲਸ ਫੋਰਸ ਨੇ ਦੂਜੀ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਮੰਡੀ ਦੀ ਰਹਿਣ ਵਾਲੀ ਭੋਲੀ ਪਤਨੀ ਸਵ. ਰਾਮ ਪਾਲ ਦਾ ਘਰ ਵੀ ਜੇ. ਸੀ. ਬੀ. ਦੇ ਨਾਲ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਡੀ. ਐੱਸ. ਪੀ ਸਰਵਣ ਸਿੰਘ ਬੱਲ, ਐੱਸ. ਐੱਚ. ਓ. ਫਿਲੌਰ ਸੰਜੀਵ ਕਪੂਰ ਅਤੇ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਭੋਲੀ ਖ਼ਿਲਾਫ਼ ਵੀ ਕੁੱਲ੍ਹ 7 ਮੁਕੱਦਮੇ ਦਰਜ ਹਨ ਅਤੇ ਇਸ ਦੇ ਖ਼ਿਲਾਫ਼ ਪਹਿਲਾਂ ਨਸ਼ਾ ਤਸਕਰੀ ਦਾ ਮੁਕੱਦਮਾ 2005 ਵਿੱਚ ਦਰਜ ਕੀਤਾ ਗਿਆ ਸੀ। ਹਾਲ ਦੀ ਘੜੀ ਇਹ ਪਿੰਡ ਆਪਣੇ ਘਰ 'ਚ ਹੀ ਰਹਿ ਰਹੀ ਹੈ। ਇਸ ਨੇ ਵੀ ਉਕਤ ਘਰ ਨਸ਼ਾ ਤਸਕਰੀ ਦੀ ਭੈੜੀ ਕਮਾਈ ਨਾਲ ਪੰਚਾਇਤੀ ਜ਼ਮੀਨ ਛੱਪੜ 'ਤੇ ਨਜ਼ਾਇਜ਼ ਕਬਜ਼ਾ ਕਰਕੇ ਬਣਾਇਆ ਸੀ, ਜੋਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ 'ਤੇ ਢਹਿ-ਢੇਰੀ ਕਰ ਦਿੱਤਾ ਗਿਆ। 

PunjabKesari

ਡੀ. ਐੱਸ. ਪੀ. ਸਰਵਣ ਸਿੰਘ ਬੱਲ ਨੇ ਕਿਹਾ ਕਿ ਸਰਕਾਰ ਦਾ ਸਾਫ਼ ਅਤੇ ਸਪੱਸ਼ਟ ਸੰਦੇਸ਼ ਹੈ ਕਿ ਪੰਜਾਬ ਨੂੰ  'ਯੁੱਧ ਨਸ਼ੇ ਵਿਰੁੱਧ' ਮੁਹਿੰਮ ਤਹਿਤ ਨਸ਼ਾ ਮੁਕਤ ਕਰਕੇ ਸਿਹਤ, ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਇਸ ਲਈ ਉਨ੍ਹਾਂ ਇਲਾਕੇ ਪੰਚਾਂ-ਸਰਪੰਚਾਂ ਅਤੇ ਇਲਾਕੇ ਦੇ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਉਹ ਸਮਾਜ ਨੂੰ ਸਿਹਤਮੰਦ ਅਤੇ ਸੰਤੁਲਿਤ ਬਣਾਉਣ ਲਈ ਪੁਲਸ ਵਿਭਾਗ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ, ਇਲਾਕੇ ਦੇ ਪੰਚ, ਸਰਪੰਚ ਅਤੇ ਮੋਹਤਬਰ ਵੀ ਹਾਜ਼ਰ ਸਨ। 

ਇਹ ਵੀ ਪੜ੍ਹੋ : ਲੈਬ ਟੈਕਨੀਸ਼ੀਅਨ ਦਾ ਕਾਰਾ ਕਰੇਗਾ ਹੈਰਾਨ, ਮੁਲਜ਼ਮ ਨੂੰ ਬਣਾ 'ਤਾ HIV ਪਾਜ਼ੇਟਿਵ, ਫਿਰ ਰਿਪੋਰਟ 'ਚ ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News