ਨਸ਼ੇ ਕਾਰਨ ਮਰੇ ਪੰਜਾਬੀ ਗਾਇਕ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਕੀਤੀ ਇਹ ਕਾਰਵਾਈ
Saturday, Jul 04, 2020 - 04:17 PM (IST)
![ਨਸ਼ੇ ਕਾਰਨ ਮਰੇ ਪੰਜਾਬੀ ਗਾਇਕ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਕੀਤੀ ਇਹ ਕਾਰਵਾਈ](https://static.jagbani.com/multimedia/2020_7image_13_45_045068582untitled-18copy.jpg)
ਬਰਨਾਲਾ (ਮੱਘਰ ਪੂਰੀ)— ਨਸ਼ੇ ਦੀ ਓਵਰਡੋਜ਼ ਦੇ ਕਾਰਨ ਪੰਜਾਬੀ ਗਾਇਕ ਗਗਨਦੀਪ ਸਿੰਘ ਦੀ ਹੋਈ ਮੌਤ ਦੇ ਮਾਮਲੇ 'ਚ ਥਾਣਾ ਮਹਿਲ ਕਲਾਂ ਪੁਲਸ ਨੇ 6 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਸ਼ੁਰੂਆਤ 'ਚ 174 ਦਾ ਮਾਮਲਾ ਦਰਜ ਕੀਤਾ ਸੀ ਪਰ ਹੁਣ 304 ਦਾ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਲੰਬੇ ਸਮੇਂ ਤੋਂ ਪਿੰਡ ਵਾਲਿਆਂ ਦਾ ਰੋਸ ਹੈ ਕਿ ਮਹਿਲ ਕਲਾਂ 'ਚ ਚਿੱਟੇ ਦੀ ਤਸਕਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਤਕਰੀਬਨ 10 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।
ਗਗਨਦੀਪ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਨੌਜਵਾਨ ਗਗਨਦੀਪ ਉਰਫ ਰਾਂਢਾ ਸੁਰਾਂ ਦਾ ਮਾਲਕ ਸੀ। ਜ਼ਿੰਦਗੀ 'ਚ ਗਾਇਕੀ ਦੇ ਖੇਤਰ 'ਚ ਆਪਣਾ ਵੱਖਰਾ ਸਥਾਨ ਬਣਾਉਣ ਦਾ ਚਾਹਵਾਨ ਗਗਨਦੀਪ ਆਪਣੀ ਗਾਇਕੀ 'ਚ ਨਸ਼ੇ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਦਾ ਨਜ਼ਰ ਆਉਂਦਾ ਸੀ। ਗਗਨਦੀਪ ਦਾ ਗਾਣਾ 'ਚਿੱਟੇ ਵਾਲੀ ਲਾਈਨ' ਕਾਫ਼ੀ ਪ੍ਰਸਿੱਧ ਹੋਇਆ ਸੀ ਪਰ ਖੁਦ ਗਗਨਦੀਪ ਚਿੱਟੇ ਦੇ ਨਸ਼ੇ 'ਚ ਇਸ ਤਰ੍ਹਾਂ ਫਸਿਆ ਕਿ ਉਹ ਬਾਹਰ ਨਾ ਨਿਕਲ ਸਕਾ। ਚਿੱਟੇ ਦੇ ਬਿਨਾਂ ਗਗਨਦੀਪ ਨਹੀਂ ਰਹਿ ਸਕਦਾ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਬੜੀ ਆਸਾਨੀ ਨਾਲ ਚਿੱਟੇ ਦੀ ਤਸਕਰੀ ਕਰਨ ਵਾਲੇ ਤਸਕਰ ਗਗਨਦੀਪ ਤੱਕ ਇਹ ਨਸ਼ਾ ਪਹੁੰਚਾਉਂਦੇ ਸਨ।
ਇਸ ਸਾਰੇ ਮਾਮਲੇ 'ਚ ਜਦੋਂ ਮਹਿਲ ਕਲਾਂ ਥਾਣਾ ਦੇ ਏ.ਸੀ.ਪੀ. ਪ੍ਰਗਿਆ ਜੈਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ ਨੂੰ ਗੰਭੀਰ ਲੈਂਦੇ ਕਿਹਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਪਹਿਲਾਂ ਧਾਰਾ 174 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਗੇ ਦੀ ਕਾਰਵਾਈ ਅਤੇ ਛਾਣਬੀਣ ਦੇ ਤਹਿਤ ਅਣਪਛਾਤੇ ਲੋਕਾਂ ਖ਼ਿਲਾਫ਼ 304 ਦਾ ਮਾਮਲਾ ਦਰਜ ਕਰਕੇ ਪੁੱਛਗਿੱਛ ਜਾਰੀ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਫੜਿਆ ਜਾਵੇਗਾ ਅਤੇ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। ਫਿਲਹਾਲ ਜਾਂਚ ਚੱਲ ਰਹੀ ਹੈ।