ਵਿਧਾਨ ਸਭਾ ਚੋਣਾਂ ''ਚ ਅਕਾਲੀ ਦਲ ਤੇ ''ਆਪ'' ਦਾ ਅਸਲੀ ਚਿਹਰਾ ਹੋਇਆ ਬੇਨਕਾਬ : ਜਾਖੜ
Monday, Jun 19, 2017 - 12:56 PM (IST)
ਲੁਧਿਆਣਾ (ਰਿੰਕੂ)-ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਤੇ 'ਆਪ' ਵੱਲੋਂ ਨਿਭਾਈ ਗਈ ਭੂਮਿਕਾ ਨਾਲ ਦੋਵਾਂ ਦਲਾਂ ਦਾ ਅਸਲੀ ਚਿਹਰਾ ਬੇਨਕਾਬ ਹੋਇਆ ਹੈ। ਸੁਨੀਲ ਜਾਖੜ ਬੀਤੇ ਦਿਨੀਂ ਲੁਧਿਆਣਾ ਦੇ ਸਰਕਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ਾ ਮੁਆਫੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਚਿੰਤਤ ਹਨ ਅਤੇ ਵਿਧਾਨ ਸਭਾ 'ਚ ਇਸ ਮੁੱਦੇ 'ਤੇ ਆਪਣਾ ਬਿਆਨ ਵੀ ਦੇ ਰਹੇ ਹਨ।
ਜਾਖੜ ਨੇ ਕਿਹਾ ਕਿ ਅਕਾਲੀ ਦਲ ਕਿਹੜੇ ਮੂੰਹ ਨਾਲ ਕਿਸਾਨਾਂ ਦੇ ਕਰਜ਼ਾ ਮੁਆਫੀ ਤੇ ਰੇਤ ਖਨਨ ਮਾਮਲੇ 'ਤੇ ਵਿਰੋਧ ਜਤਾ ਰਿਹਾ ਹੈ, ਜਦਕਿ ਅਕਾਲੀ 10 ਸਾਲ ਸੱਤਾ 'ਚ ਰਹੇ ਤਾਂ ਉਨ੍ਹਾਂ ਕਿਸਾਨਾਂ ਦੇ ਕਰਜ਼ੇ ਮੁਆਫੀ ਵੱਲ ਧਿਆਨ ਕਿਉਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਨੇ ਜਮ ਕੇ ਰਾਜ ਨੂੰ ਦੋਵਾਂ ਹੱਥਾਂ ਨਾਲ ਲੁੱਟਿਆ ਅਤੇ ਖੁੱਲ੍ਹ ਕੇ ਆਪਣੇ ਚਹੇਤਿਆਂ ਨੂੰ ਰੇਤ ਦਾ ਕਾਰੋਬਾਰ ਕਰਵਾ ਕੇ ਸਰਕਾਰ ਦੇ ਰੈਵੇਨਿਊ ਨੂੰ ਚੂਨਾ ਲਾਇਆ, ਇਨ੍ਹਾਂ ਦੀਆਂ ਮਨਮਾਨੀਆਂ ਤੋਂ ਤੰਗ ਆ ਕੇ ਹੀ ਜਨਤਾ ਨੇ ਇਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਕੇ ਕਾਂਗਰਸ ਨੂੰ ਮੌਕਾ ਦਿੱਤਾ।
ਜਾਖੜ ਨੇ ਕਿਹਾ ਕਿ ਅਕਾਲੀ ਦਲ ਤੇ 'ਆਪ' ਦਾ ਇਕ ਹੀ ਮਕਸਦ ਹੈ ਰੌਲਾ ਪਾਉਣਾ ਅਤੇ ਸਰਕਾਰ ਦੇ ਕੰਮ-ਕਾਜ 'ਚ ਅੜਿੱਕਾ ਪਾਉਣਾ ਪਰ ਕਾਂਗਰਸ ਸਰਕਾਰ ਅਕਾਲੀ-ਭਾਜਪਾ ਗੱਠਜੋੜ ਦੀਆਂ ਗਲਤ ਨੀਤੀਆਂ ਕਾਰਨ ਪੱਛੜ ਚੁੱਕੇ ਪੰਜਾਬ ਨੂੰ ਤਰੱਕੀ ਵੱਲ ਲਿਜਾਏਗੀ।
