ਅਹਿਮ ਖ਼ਬਰ : ਪੰਜਾਬ ''ਚ ਮੁੱਖ ਮੰਤਰੀ ਚਿਹਰੇ ਨਾਲ ਹੀ ਮੈਦਾਨ ''ਚ ਉਤਰੇਗੀ ''ਕਾਂਗਰਸ''

Monday, Jun 14, 2021 - 08:42 AM (IST)

ਅਹਿਮ ਖ਼ਬਰ : ਪੰਜਾਬ ''ਚ ਮੁੱਖ ਮੰਤਰੀ ਚਿਹਰੇ ਨਾਲ ਹੀ ਮੈਦਾਨ ''ਚ ਉਤਰੇਗੀ ''ਕਾਂਗਰਸ''

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਦੇ ਨਾਲ ਹੀ ਮੈਦਾਨ ਵਿਚ ਉਤਰੇਗੀ। ਇਸ ਦੇ ਨਾਲ ਉਨ੍ਹਾਂ ਤਮਾਮ ਕਿਆਸਬਾਜ਼ੀਆਂ ’ਤੇ ਵੀ ਅੰਕੁਸ਼ ਲੱਗ ਗਿਆ ਹੈ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਬਿਨਾਂ ਚਿਹਰੇ ਦੇ ਮੈਦਾਨ ਵਿਚ ਉਤਰ ਸਕਦੀ ਹੈ। ਐਤਵਾਰ ਨੂੰ ਮਲਿਕਾਰਜੁਨ ਖੜਗੇ ਕਮੇਟੀ ਦੇ ਮੈਂਬਰਾਂ ਨੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਵਿਚ ਵੀ ਇਸ ਗੱਲ ’ਤੇ ਮੰਥਨ ਕੀਤਾ। ਇਸ ਦੌਰਾਨ ਸਾਰਿਆਂ ਨੇ ਮੁੱਖ ਮੰਤਰੀ ਦੇ ਚਿਹਰੇ ਦੇ ਨਾਲ ਚੋਣ ਮੈਦਾਨ ਵਿਚ ਉਤਰਨ ’ਤੇ ਰਜ਼ਾਮੰਦੀ ਜ਼ਾਹਿਰ ਕੀਤੀ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਪੜ੍ਹਾਈ ਦੇ ਇੱਛੁਕ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, US ਅੰਬੈਸੀ ਨੇ ਦਿੱਤੀ ਇਹ ਜਾਣਕਾਰੀ

ਹਾਲਾਂਕਿ ਇਸ ’ਤੇ ਆਖ਼ਰੀ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਲੈਣਗੇ। ਇਸ ਤੋਂ ਪਹਿਲਾਂ ਹਾਲ ਹੀ ਵਿਚ ਕੁੱਝ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਸਮੀਖਿਆ ਲਈ ਗਠਿਤ ਅਸ਼ੋਕ ਚਵਹਾਨ ਕਮੇਟੀ ਵੀ ਆਪਣੀ ਸਮੀਖਿਆ ਵਿਚ ਕਹਿ ਚੁੱਕੀ ਹੈ ਕਿ ਚਿਹਰਿਆਂ ’ਤੇ ਤਸਵੀਰ ਸਾਫ਼ ਨਾ ਹੋਣ ਦੇ ਕਾਰਣ ਅਸਾਮ, ਕੇਰਲ ਅਤੇ ਪੱਛਮੀ ਬੰਗਾਲ ਵਿਚ ਕਾਂਗਰਸ ਨੂੰ ਨੁਕਸਾਨ ਝੱਲਣਾ ਪਿਆ ਹੈ। ਉਧਰ, ਰਾਹੁਲ ਗਾਂਧੀ ਨਾਲ ਬੈਠਕ ਦੌਰਾਨ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੂੰ ਲੈ ਕੇ ਬਣੇ ਨਵੇਂ ਸਿਆਸੀ ਸਮੀਕਰਣਾਂ ’ਤੇ ਵਿਸਥਾਰਪੂਰਵਕ ਮੰਥਨ ਕੀਤਾ ਗਿਆ। ਤਕਰੀਬਨ ਇਕ ਘੰਟੇ ਤੱਕ ਚੱਲੀ ਇਸ ਬੈਠਕ ਵਿਚ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਕੇ. ਸੀ. ਵੇਣੂੰਗੋਪਾਲ ਵੀ ਮੌਜੂਦ ਰਹੇ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਛੇਤੀ ਤੋਂ ਛੇਤੀ ਪੰਜਾਬ ਵਿਚ ਦਲਿਤ ਵਰਗ ਨਾਲ ਜੁੜੇ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪਣ ਦਾ ਸਮਰਥਨ ਕੀਤਾ ਹੈ। ਉਂਝ ਕਮੇਟੀ ਨੇ ਆਪਣੀ ਰਿਪੋਰਟ ਵਿਚ ਵੀ ਦਲਿਤ ਵੋਟ ਬੈਂਕ ਨੂੰ ਕੈਸ਼ ਕਰਨ ਲਈ ਕਈ ਅਹਿਮ ਸੁਝਾਅ ਦਿੱਤੇ ਹੋਏ ਹਨ। ਰਾਹੁਲ ਗਾਂਧੀ ਨੇ ਇਨ੍ਹਾਂ ਸਾਰੇ ਸੁਝਾਵਾਂ ’ਤੇ ਵੀ ਚਰਚਾ ਕੀਤੀ।

ਇਹ ਵੀ ਪੜ੍ਹੋ : ਬੋਰੀ 'ਚੋਂ ਮਿਲੀ ਜਨਾਨੀ ਦੀ ਲਾਸ਼ ਬਾਰੇ ਖੁੱਲ੍ਹੇ ਸਾਰੇ ਭੇਤ, ਪ੍ਰੇਮੀ ਨੇ ਹੀ ਘਰ ਬੁਲਾ ਕੀਤਾ ਸੀ ਵੱਡਾ ਕਾਂਡ

ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੁਨਰਗਠਨ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ਵਿਚ ਕਾਂਗਰਸ ਦੇ ਦਲਿਤ ਆਗੂਆਂ ਨੂੰ ਵੀ ਆਉਣ ਵਾਲੇ ਸਮੇਂ ਵਿਚ ਅਹਿਮ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸ ਕੜੀ ਵਿਚ ਆਉਣ ਵਾਲੀਆਂ ਚੋਣਾਂ ਵਿਚ ਦਲਿਤ ਵਰਗ ਨੂੰ ਬਿਹਤਰ ਤਰਜ਼ਮਾਨੀ ਦੇਣ ’ਤੇ ਵੀ ਮੋਹਰ ਲਾਈ ਗਈ ਹੈ। ਇਸ ਬੈਠਕ ਤੋਂ ਪਹਿਲਾਂ ਹਰੀਸ਼ ਰਾਵਤ ਨੇ ਇਸ ਦਾ ਇਸ਼ਾਰਾ ਵੀ ਕੀਤਾ ਸੀ। ਇਕ ਗੱਲਬਾਤ ਦੌਰਾਨ ਹਰੀਸ਼ ਰਾਵਤ ਨੇ ਕਿਹਾ ਹੈ ਕਿ ਜਿਨ੍ਹਾਂ ਵੋਟਰਾਂ ਨੂੰ ਕੈਸ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ ਗਠਜੋੜ ਕੀਤਾ ਹੈ, ਉਸ ਲਈ ਕਾਂਗਰਸ ਛੇਤੀ ਹੀ ਕਈ ਨੀਤੀਗਤ ਅਤੇ ਸੰਗਠਨਾਤਮਕ ਪੱਧਰ ’ਤੇ ਵੱਡੇ ਫ਼ੈਸਲੇ ਲਵੇਗੀ। ਸਰਕਾਰ ਦੇ ਪੱਧਰ ’ਤੇ ਵੀ ਦਲਿਤ ਭਾਈਚਾਰੇ ਲਈ ਕਈ ਵੱਡੇ ਫੈਸਲਿਆਂ ’ਤੇ ਆਉਣ ਵਾਲੇ ਸਮੇਂ ਵਿਚ ਮੋਹਰ ਲੱਗੇਗੀ। ਇਸ ਕੜੀ ਵਿਚ ਹਰੀਸ਼ ਰਾਵਤ ਨੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਗਠਜੋੜ ਨੂੰ ਬੇਮਾਨੀ ਦੱਸਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਵਿਚਾਰਧਾਰਾ ਮੇਲ ਨਹੀਂ ਖਾਂਦੀ ਹੈ ਅਤੇ ਇਸ ਬੇਮਾਨੀ ਮੇਲ ਦਾ ਫ਼ਾਇਦਾ ਕਾਂਗਰਸ ਨੂੰ ਹੀ ਮਿਲੇਗਾ ਕਿਉਂਕਿ ਵਿਚਾਰਧਾਰਾ ਨਾ ਮਿਲਣ ਨਾਲ ਵੋਟਰ ਕਾਂਗਰਸ ਨੂੰ ਵੋਟ ਦੇਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਵੱਖ-ਵੱਖ ਵਿਭਾਗਾਂ 'ਚ ਨਿਕਲੀਆਂ ਅਸਾਮੀਆਂ ਦੀ ਭਰਤੀ ਸਬੰਧੀ ਪ੍ਰਕਿਰਿਆ ਸ਼ੁਰੂ
ਨਵਜੋਤ ਸਿੱਧੂ ’ਤੇ ਸ਼ੰਕੇ ਬਰਕਰਾਰ
ਐਤਵਾਰ ਨੂੰ ਹੋਈ ਬੈਠਕ ਵਿਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਡੂੰਘਾਈ ਨਾਲ ਮੰਥਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਮੇਟੀ ਦੇ ਮੈਂਬਰਾਂ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਮਜ਼ਬੂਤ ਥੰਮ ਦੱਸਦਿਆਂ ਸੰਗਠਨ ਪੱਧਰ ’ਤੇ ਅਹਿਮ ਜ਼ਿੰਮਾ ਸੌਂਪਣ ਦੀ ਗੱਲ ਕਹੀ ਹੈ। ਫਿਲਹਾਲ ਉਨ੍ਹਾਂ ਨੂੰ ਪ੍ਰਚਾਰ ਕਮੇਟੀ, ਕੋ-ਆਰਡੀਨੇਸ਼ਨ ਕਮੇਟੀ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੱਧਰ ’ਤੇ ਕੋਈ ਜ਼ਿੰਮੇਵਾਰੀ ਸੌਂਪੀ ਜਾਵੇਗੀ, ਇਸ ’ਤੇ ਅਜੇ ਤਸਵੀਰ ਸਾਫ਼ ਨਹੀਂ ਹੋ ਸਕੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News