ਦਾਖਾ ''ਚ ਹੋਈ ਹਾਰ ਦਾ ਡੂੰਘਾਈ ਨਾਲ ਮੰਥਨ ਕਰੇਗੀ ''ਪੰਜਾਬ ਕਾਂਗਰਸ''

Saturday, Oct 26, 2019 - 11:18 AM (IST)

ਦਾਖਾ ''ਚ ਹੋਈ ਹਾਰ ਦਾ ਡੂੰਘਾਈ ਨਾਲ ਮੰਥਨ ਕਰੇਗੀ ''ਪੰਜਾਬ ਕਾਂਗਰਸ''

ਚੰਡੀਗੜ੍ਹ (ਭੁੱਲਰ) : ਪੰਜਾਬ ਦੇ 4 ਹਲਕਿਆਂ 'ਚ ਹੋਈਆਂ ਜ਼ਿਮਨੀ ਚੋਣਾਂ 'ਚ 3 ਸੀਟਾਂ ਜਿੱਤਣ ਦੇ ਬਾਵਜੂਦ ਦਾਖਾ ਵਿਧਾਨ ਸਭਾ ਸੀਟ 'ਤੇ ਕਾਂਗਰਸ ਉਮੀਦਵਾਰ ਦੀ ਹੋਈ ਹਾਰ ਦਾ ਪੰਜਾਬ ਕਾਂਗਰਸ ਡੂੰਘਾਈ ਨਾਲ ਮੰਥਨ ਕਰੇਗੀ। ਜ਼ਿਕਰਯੋਗ ਹੈ ਕਿ ਇਸ ਸੀਟ 'ਤੇ ਕਾਂਗਰਸ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ ਅਤੇ ਮੁੱਖ ਮੰਤਰੀ ਨੇ ਚੋਣ ਮੁਹਿੰਮ 'ਚ ਇਸ ਸੀਟ ਨੂੰ ਹਰ ਹਾਲ 'ਚ ਜਿੱਤਣ ਲਈ ਸਾਰੀ ਤਾਕਤ ਵੀ ਝੋਕੀ ਸੀ ਪਰ ਇਸ ਦੇ ਬਾਵਜੂਦ ਵੀ ਅਕਾਲੀ ਉਮੀਦਵਾਰ ਵੱਡੇ ਅੰਤਰ ਨਾਲ ਜਿੱਤ ਪ੍ਰਾਪਤ ਕਰਨ 'ਚ ਸਫ਼ਲ ਰਿਹਾ।

ਇਸ ਦੇ ਉਲਟ ਕਾਂਗਰਸ ਜਲਾਲਾਬਾਦ ਹਲਕੇ 'ਚ ਸੁਖਬੀਰ ਬਾਦਲ ਦੇ ਗੜ੍ਹ ਸਮਝੇ ਜਾਂਦੇ ਕਿਲੇ 'ਚ ਸੰਨ੍ਹ ਲਾ ਕੇ ਜਿੱਤ ਹਾਸਲ ਕਰਨ 'ਚ ਸਫ਼ਲ ਹੋਈ। ਦਾਖਾ ਹਲਕੇ 'ਚ ਤਾਂ ਕਾਂਗਰਸ ਆਪਣੀ ਜਿੱਤ ਪੱਕੀ ਮੰਨ ਰਹੀ ਸੀ ਪਰ ਨਤੀਜਾ ਬਿਲਕੁਲ ਉਲਟ ਨਿੱਕਲਿਆ। ਇਸ ਹਲਕੇ 'ਚ ਹਾਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੁਦ ਦੁੱਖ ਪ੍ਰਗਟ ਕੀਤਾ ਅਤੇ ਹੁਣ ਪਾਰਟੀ ਅੰਦਰ ਇਸ ਹਲਕੇ 'ਚ ਹੋਈ ਹਾਰ ਦੇ ਕਾਰਨਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਸ਼ੁਰੂ ਹੋ ਗਏ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਹਾਰ ਦੇ ਕਾਰਨਾਂ ਦੇ ਮੰਥਨ ਲਈ ਦੀਵਾਲੀ ਤੋਂ ਬਾਅਦ ਮੀਟਿੰਗ ਬੁਲਾ ਕੇ ਗਹਿਰਾਈ ਨਾਲ ਮੰਥਨ ਕਰਨ ਲਈ ਵਿਚਾਰ ਚਰਚਾ ਕੀਤੀ ਹੈ। ਹਾਰ ਦੇ ਹੋਰਨਾਂ ਕਾਰਨਾਂ ਤੋਂ ਇਲਾਵਾ ਜ਼ਿਲਾ ਲੁਧਿਆਣਾ ਅੰਦਰ ਪਾਰਟੀ ਦੀ ਗੁੱਟਬੰਦੀ ਨੂੰ ਵੀ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।


author

Babita

Content Editor

Related News