ਪੰਜਾਬ ਕਾਂਗਰਸ ''ਚ ਅਗਲੇ ਮਹੀਨੇ ਵੱਡਾ ਫੇਰਬਦਲ ਤੈਅ, ਨਵਜੋਤ ਸਿੱਧੂ ''ਤੇ ਟਿਕੀਆਂ ਨਜ਼ਰਾਂ
Sunday, Jun 14, 2020 - 06:51 PM (IST)
ਚੰਡੀਗੜ੍ਹ (ਹਰੀਸ਼ਚੰਦਰ) : ਲੰਬੇ ਸਮੇਂ ਤੋਂ ਸ਼ਾਂਤ ਦਿਸ ਰਹੀ ਪੰਜਾਬ ਕਾਂਗਰਸ ਦੀ ਸਿਆਸਤ 'ਚ ਜਲਦੀ ਹੀ ਵੱਡੀ ਹਲਚਲ ਹੋਣ ਵਾਲੀ ਹੈ। ਪੰਜ ਮਹੀਨਿਆਂ ਤੋਂ ਪੰਜਾਬ ਕਾਂਗਰਸ 'ਚ ਸਿਰਫ਼ ਸੁਨੀਲ ਜਾਖੜ ਹੀ ਬਤੌਰ ਪ੍ਰਧਾਨ ਕੰਮ ਕਰ ਰਹੇ ਹਨ ਜਦੋਂਕਿ ਪ੍ਰਦੇਸ਼ ਅਹੁਦੇਦਾਰਾਂ, ਕਾਰਜਕਾਰਨੀ ਅਤੇ ਜ਼ਿਲ੍ਹਾ ਇਕਾਈਆਂ ਸਮੇਤ ਪੂਰੀ ਸੂਬਾ ਇਕਾਈ ਭੰਗ ਪਈ ਹੈ। ਹੁਣ ਪਾਰਟੀ ਨੇ ਵਿਧਾਨ ਸਭਾ ਚੋਣਾਂ 'ਚ ਸਿਰਫ਼ ਡੇਢ ਸਾਲ ਬਾਕੀ ਰਹਿੰਦੇ ਅਜਿਹੀ ਟੀਮ ਬਣਾਉਣ 'ਤੇ ਮੰਥਨ ਸ਼ੁਰੂ ਕਰ ਦਿੱਤਾ ਹੈ, ਜਿਸ 'ਚ ਤਜ਼ਰਬੇਕਾਰ ਅਤੇ ਨੌਜਵਾਨ ਚਿਹਰਿਆਂ ਨੂੰ ਬਰਾਬਰ ਜਗ੍ਹਾ ਮਿਲੇ। ਸੂਤਰਾਂ ਦੀ ਮੰਨੀਏ ਤਾਂ ਅਗਸਤ ਤੱਕ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਇਹ ਵੀ ਤੈਅ ਹੈ ਕਿ ਕਈ ਚਿਹਰੇ ਇਸ ਨਵੀਂ ਟੀਮ ਤੋਂ ਬਾਹਰ ਹੋਣਗੇ, ਜੋ ਹੁਣ ਤੱਕ ਸੰਗਠਨ 'ਚ ਵੱਖ-ਵੱਖ ਅਹੁਦਿਆਂ 'ਤੇ ਰਹੇ ਹਨ।
ਜ਼ਿਕਰਯੋਗ ਹੈ ਕਿ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਜਨਵਰੀ 'ਚ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਲੰਬੀ ਸਲਾਹ ਤੋਂ ਬਾਅਦ ਅਗਲੇ ਹੀ ਦਿਨ ਅਚਾਨਕ ਪੰਜਾਬ ਯੂਨਿਟ ਨੂੰ ਭੰਗ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਦੌਰਾਨ ਸੰਗਠਨ ਅਤੇ ਸਰਕਾਰ 'ਚ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਲਈ ਪਾਰਟੀ ਹਾਈਕਮਾਨ ਨੇ 11 ਮੈਂਬਰੀ ਪੈਨਲ ਵੀ ਗਠਿਤ ਕੀਤਾ ਗਿਆ ਸੀ ਜਿਸ ਦੀ ਚੇਅਰਪਰਸਨ ਆਸ਼ਾ ਕੁਮਾਰੀ ਨੂੰ ਬਣਾਇਆ ਗਿਆ ਸੀ।
ਖਾਸ ਗੱਲ ਇਹ ਹੈ ਕਿ ਇਸ ਤਾਲਮੇਲ ਕਮੇਟੀ ਦੇ ਗਠਨ ਦੇ ਬਾਅਦ ਤੋਂ ਹੁਣ ਤੱਕ ਕੋਈ ਬੈਠਕ ਨਹੀਂ ਹੋਈ ਹੈ। ਪੰਜਾਬ ਕਾਂਗਰਸ ਦੀ ਨਵੀਂ ਬਣਨ ਵਾਲੀ ਟੀਮ 'ਚ ਨਵਜੋਤ ਸਿੱਧੂ ਦੀ ਕੀ ਭੂਮਿਕਾ ਰਹੇਗੀ, ਇਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ। ਪਾਰਟੀ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਆਪਣੇ ਕਰੀਬੀ ਨਵਜੋਤ ਸਿੰਘ ਸਿੱਧੂ ਨੂੰ ਸੂਬੇ 'ਚ ਕਿਸੇ ਵੱਡੇ ਅਹੁਦੇ 'ਤੇ ਐਡਜਸਟ ਕਰਨਾ ਚਾਹੁੰਦੇ ਹਨ। ਕਈ ਕਾਂਗਰਸੀ ਉਨ੍ਹਾਂ ਨੂੰ ਅਜਿਹੇ ਨੇਤਾ ਦੇ ਰੂਪ 'ਚ ਵੇਖਦੇ ਹਨ ਜੋ ਕੋਈ ਵੀ ਚੋਣ ਆਪਣੇ ਦਮ 'ਤੇ ਜਤਾ ਸਕਦਾ ਹੈ। ਆਪਣੇ ਜੋਸ਼ੀਲੇ ਭਾਸ਼ਣਾਂ ਕਾਰਨ ਹਮੇਸ਼ਾ ਸੁਰਖੀਆਂ 'ਚ ਬਣੇ ਰਹੇ ਸਿੱਧੂ ਦੀ ਮੰਤਰੀ ਅਹੁਦੇ ਤੋਂ ਅਸਤੀਫੇ ਪਿੱਛੋਂ ਚੁੱਪੀ ਵੀ ਇਸ ਵੱਲ ਇਸ਼ਾਰਾ ਕਰਦੀ ਹੈ। ਪ੍ਰਿਅੰਕਾ ਗਾਂਧੀ ਅਤੇ ਰਾਹੁਲ ਦੇ ਨਾਲ ਬੈਠਕਾਂ ਤੋਂ ਬਾਅਦ ਵੀ ਅਕਸਰ ਇਹੀ ਮੰਨਿਆ ਜਾਂਦਾ ਹੈ ਕਿ ਸਿੱਧੂ ਲਈ ਕਿਸੇ ਨਵੀਂ ਭੂਮਿਕਾ ਦੀ ਭਾਲ ਕਰਨ ਦਾ ਵਾਅਦਾ ਕਰਕੇ ਉਨ੍ਹਾਂ ਨੂੰ ਫਿਲਹਾਲ ਚੁੱਪ ਰਹਿਣ ਨੂੰ ਕਿਹਾ ਜਾਂਦਾ ਹੈ। ਸਿੱਧੂ ਵੀ ਕੌਮੀ ਸਿਆਸਤ 'ਚ ਜਾਣ ਦੀ ਥਾਂ ਪੰਜਾਬ 'ਚ ਹੀ ਰਹਿਣਾ ਚਾਹੁੰਦੇ ਹਨ।
ਉਧਰ ਰਾਹੁਲ ਗਾਂਧੀ ਲਈ ਨਵਜੋਤ ਸਿੱਧੂ ਨੂੰ ਪੰਜਾਬ 'ਚ ਐਡਜਸਟ ਕਰਨਾ ਕਿਸੇ ਕਸਰਤ ਤੋਂ ਘੱਟ ਨਹੀਂ ਹੋਵੇਗਾ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ 'ਚ ਛੱਤੀ ਦਾ ਅੰਕੜਾ ਹੈ। ਮੌਜੂਦਾ ਹਾਲਾਤ 'ਚ ਅਮਰਿੰਦਰ ਨੂੰ ਹਾਈਕਮਾਨ ਨਾਰਾਜ਼ ਨਹੀਂ ਕਰ ਸਕਦਾ ਕਿਉਂਕਿ ਬੀਤੇ ਦੋ ਦਹਾਕਿਆਂ 'ਚ ਉਹ ਪੰਜਾਬ ਕਾਂਗਰਸ 'ਚ ਅਜਿਹੇ ਕੱਦਾਵਰ ਨੇਤਾ ਬਣ ਗਏ ਹੈ ਜਿੱਥੇ ਉਨ੍ਹਾਂ ਦਾ ਕੋਈ ਬਦਲ ਨਹੀਂ ਹੈ। ਪਾਰਟੀ ਅੰਦਰ ਅਤੇ ਬਾਹਰ ਸਖ਼ਤ ਵਿਰੋਧ ਦੇ ਬਾਵਜੂਦ ਕੈਪਟਨ ਦੀ ਕੁਰਸੀ ਇਸ ਕਾਰਨ ਸੁਰੱਖਿਅਤ ਰਹੀ ਹੈ ਕਿਉਂਕਿ ਹਾਈਕਮਾਨ ਉਨ੍ਹਾਂ ਦੇ ਕੱਦ ਨੂੰ ਵੇਖਦੇ ਹੋਏ ਪੋਲਾ ਪੈ ਜਾਂਦਾ ਹੈ। ਇਹੀ ਕਾਰਨ ਹੈ ਕਿ ਪ੍ਰਦੇਸ਼ ਸੰਗਠਨ 'ਚ ਵੀ ਉਨ੍ਹਾਂ ਦੇ ਚਹੇਤਿਆਂ ਦੀ ਹੀ ਭਰਮਾਰ ਰਹਿੰਦੀ ਹੈ।
ਮਹੀਨੇ 'ਚ ਗਠਿਤ ਹੋਵੇਗੀ ਪ੍ਰਦੇਸ਼ ਇਕਾਈ : ਜਾਖੜ
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਕ ਮਹੀਨੇ 'ਚ ਪ੍ਰਦੇਸ਼ ਇਕਾਈ ਦਾ ਗਠਨ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। 'ਜਗਬਾਣੀ' ਨਾਲ ਗੱਲਬਾਤ ਦੌਰਾਨ ਜਾਖੜ ਨੇ ਦੱਸਿਆ ਕਿ ਏ. ਆਈ. ਸੀ. ਸੀ. ਦੀ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਨਾਲ ਬੈਠਕ ਕਰਕੇ ਪ੍ਰਦੇਸ਼ ਇਕਾਈ ਬਾਰੇ ਚਰਚਾ ਕੀਤੀ ਜਾਵੇਗੀ। ਆਸ਼ਾ ਕੁਮਾਰੀ 18-19 ਜੂਨ ਨੂੰ ਚੰਡੀਗੜ੍ਹ ਆ ਰਹੀ ਹੈ। ਉਹ ਜ਼ਿਲ੍ਹਾ ਇਕਾਈਆਂ ਦੀ ਸੂਚੀ ਨੂੰ ਪਹਿਲ ਦੇਣਗੇ ਅਤੇ ਉਸ ਤੋਂ ਬਾਅਦ ਪ੍ਰਦੇਸ਼ ਇਕਾਈ ਦੇ ਗਠਨ 'ਤੇ ਕੰਮ ਹੋਵੇਗਾ।