ਪੰਜਾਬ ਮੰਤਰੀ ਮੰਡਲ ''ਚ 20 ਨੂੰ ਫੇਰਬਦਲ ਦੀ ਸੰਭਾਵਨਾ, ਕੈਪਟਨ ਆਪਣੀ ਇੱਛਾ ਮੁਤਾਬਕ ਕੈਬਨਿਟ ਨੂੰ ਦੇਣਗੇ ਨਵਾਂ ਰੂਪ

Sunday, Jul 18, 2021 - 10:34 AM (IST)

ਪੰਜਾਬ ਮੰਤਰੀ ਮੰਡਲ ''ਚ 20 ਨੂੰ ਫੇਰਬਦਲ ਦੀ ਸੰਭਾਵਨਾ, ਕੈਪਟਨ ਆਪਣੀ ਇੱਛਾ ਮੁਤਾਬਕ ਕੈਬਨਿਟ ਨੂੰ ਦੇਣਗੇ ਨਵਾਂ ਰੂਪ

ਜਲੰਧਰ (ਧਵਨ)–ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਦਾ ਮਾਮਲਾ ਹੱਲ ਹੁੰਦਿਆਂ ਹੀ ਹੁਣ ਕੈਬਨਿਟ ਵਿਚ ਭਾਰੀ ਫੇਰਬਦਲ ਦੇ ਆਸਾਰ ਪੈਦਾ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਨੂੰ ਨਵਾਂ ਰੂਪ ਦੇਣ ਦਾ ਬਲੂ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ ਅਤੇ ਉਹ 20 ਜੁਲਾਈ ਨੂੰ ਕੈਬਨਿਟ ਵਿਚ ਫੇਰਬਦਲ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੈਬਨਿਟ ’ਚ ਫੇਰਬਦਲ ਕਰਨ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੇ ਅਧਿਕਾਰ ਦੇ ਦਿੱਤੇ ਹਨ।

ਇਹ ਵੀ ਪੜ੍ਹੋ: ਪ੍ਰਧਾਨਗੀ ਦੀਆਂ ਚਰਚਾਵਾਂ ਦੌਰਾਨ ਹੁਣ ਹੁਸ਼ਿਆਰਪੁਰ 'ਚ ਲੱਗੇ ਨਵਜੋਤ ਸਿੱਧੂ ਦੇ ਹੱਕ 'ਚ ਬੋਰਡ

ਕਾਂਗਰਸ ਸੂਤਰਾਂ ਨੇ ਦੱਸਿਆ ਕਿ ਇਕ ਪਾਸੇ ਜਿੱਥੇ ਪਹਿਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਗੱਲ ਰਹੀ ਉੱਥੇ ਹੀ ਦੂਜੇ ਪਾਸੇ ਹਰੀਸ਼ ਰਾਵਤ ਨਾਲ ਹੋਈ ਮੁਲਾਕਾਤ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੋਨੀਆ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਉਹ ਕੈਬਨਿਟ ’ਚ ਫੇਰਬਦਲ ਕਰਨ ਲਈ ਆਜ਼ਾਦ ਹਨ। ਕੈਪਟਨ ਅਮਰਿੰਦਰ ਸਿੰਘ ਦੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੁਝ ਮੰਤਰੀਆਂ ਨਾਲ ਨਾਰਾਜ਼ਗੀ ਚੱਲੀ ਆ ਰਹੀ ਹੈ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕੈਬਨਿਟ ’ਚ ਜ਼ਿਆਦਾ ਫੇਰਬਦਲ ਨਹੀਂ ਕੀਤਾ ਜਾਵੇਗਾ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਕੈਪਟਨ ਆਪਣੀ ਇੱਛਾ ਮੁਤਾਬਕ ਕੈਬਨਿਟ ’ਚ ਭਾਰੀ ਤਬਦੀਲੀਆਂ ਵੀ ਕਰ ਸਕਦੇ ਹਨ। ਇਸ ’ਚ ਜਿੱਥੇ ਨਵੇਂ ਮੰਤਰੀਆਂ ਨੂੰ ਕੈਬਨਿਟ ’ਚ ਸਥਾਨ ਦੇ ਦਿੱਤਾ ਜਾਵੇਗਾ ਉੱਥੇ ਹੀ ਕੁਝ ਮੰਤਰੀਆਂ ਨੂੰ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਜਾਏਗਾ।

ਇਹ ਵੀ ਪੜ੍ਹੋ:  21 ਲੱਖ ਖ਼ਰਚ ਕੇ ਵਿਦੇਸ਼ ਭੇਜੀ ਪਤਨੀ ਨੇ ਬਦਲੇ ਰੰਗ, ਆਸਟ੍ਰੇਲੀਆ ਪਹੁੰਚ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਪਤਾ ਲੱਗਾ ਹੈ ਕਿ ਹਰੀਸ਼ ਰਾਵਤ ਅਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਹੋਈ ਬੈਠਕ ’ਚ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਮੁੱਖ ਮੰਤਰੀ ਨੂੰ ਆਪਣੇ ਕੈਬਨਿਟ ’ਚ ਫੇਰਬਦਲ ਦਾ ਪੂਰਾ ਅਧਿਕਾਰ ਹੈ। ਹੁਣ ਵੀ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੁਝ ਮੰਤਰੀਆਂ ਦੇ ਮਹਿਕਮਿਆਂ ’ਚ ਵੀ ਫੇਰਬਦਲ ਕਰ ਸਕਦੇ ਹਨ। ਇਸ ਦੀ ਰੂਪ-ਰੇਖਾ ਵੀ ਅਗਲੇ ਇਕ-ਦੋ ਦਿਨਾਂ ’ਚ ਤਿਆਰ ਹੋ ਜਾਣ ਦੀ ਉਮੀਦ ਹੈ।

ਕੈਪਟਨ ਅਮਰਿੰਦਰ ਸਿੰਘ ਹੁਣ ਆਪਣੇ ਕੈਬਨਿਟ ਨੂੰ ਨਵਾਂ ਰੂਪ ਦਿੰਦੇ ਹੋਏ ਵਿਖਾਈ ਦੇਣਗੇ। ਇਸ ਸਬੰਧ ’ਚ ਉਹ ਮੈਰਿਟ ਨੂੰ ਆਧਾਰ ਬਣਾਉਂਦੇ ਹੋਏ ਫੇਰਬਦਲ ਕਰਨਗੇ। ਜਿਨ੍ਹਾਂ ਮੰਤਰੀਆਂ ਦੀ ਕਾਰਗੁਜ਼ਾਰੀ ਠੀਕ ਨਹੀਂ ਹੈ, ਉਨ੍ਹਾਂ ਦੇ ਸਥਾਨ ’ਤੇ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਲਈ ਹੁਣ ਅਗਲਾ ਹਫ਼ਤਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਵੀ ਹੁਣ ਮਿਹਨਤ ਕਰਨ ਵਾਲੇ ਨੇਤਾਵਾਂ ਨੂੰ ਕੈਬਨਿਟ ’ਚ ਸਥਾਨ ਦੇਣਗੇ ਤਾਂ ਕਿ ਅਗਲੇ ਕੁਝ ਮਹੀਨਿਆਂ ’ਚ ਸਰਕਾਰ ਹੋਰ ਪ੍ਰਭਾਵੀ ਢੰਗ ਨਾਲ ਕੰਮ ਕਰ ਸਕੇ।

ਇਹ ਵੀ ਪੜ੍ਹੋ:  ਹੁਸ਼ਿਆਰਪੁਰ 'ਚ ਵੱਡੀ ਵਾਰਦਾਤ: ਛੁੱਟੀ 'ਤੇ ਆਏ ਫ਼ੌਜੀ ਨੇ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News