ਪੰਜਾਬ ਕੈਬਨਿਟ ਵਿਚ ਜਗ੍ਹਾ ਨਾ ਮਿਲਣ ਤੋਂ ਬਾਅਦ ਪ੍ਰੋ. ਬਲਜਿੰਦਰ ਕੌਰ ਦਾ ਵੱਡਾ ਬਿਆਨ

Saturday, Mar 19, 2022 - 08:44 PM (IST)

ਚੰਡੀਗੜ੍ਹ : ਭਗਵੰਤ ਮਾਨ ਦੀ ਵਜ਼ਾਰਤ ਵਿਚ ਜਗ੍ਹਾ ਨਾ ਮਿਲਣ ਤੋਂ ਬਾਅਦ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਹੈ ਕਿ ਹਾਈਕਮਾਨ ਦਾ ਜੋ ਵੀ ਫ਼ੈਸਲਾ ਹੈ, ਉਹ ਸਾਨੂੰ ਮਨਜ਼ੂਰ ਹੈ। ਪਾਰਟੀ ਕਈ ਉਤਰਾਅ-ਚੜਾਅ ’ਚੋਂ ਲੰਘੀ ਹੈ। ਜਦੋਂ ਵੱਡੇ-ਵੱਡੇ ਦਿੱਗਜ ਪਾਰਟੀ ਛੱਡ ਕੇ ਚਲੇ ਗਏ ਸਨ, ਉਦੋਂ ਤੋਂ ਲੈ ਕੇ ਅੱਜ ਤਕ ਅਸੀਂ ਪਾਰਟੀ ਦੀ ਹਰ ਗੱਲ ਮੰਨੀ ਹੈ। ਮੈਨੂੰ ਪਾਰਟੀ ਦੇ ਇਸ ਫ਼ੈਸਲੇ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ। ਉਨ੍ਹਾਂ ਨੇ ਪੰਜਾਬ ਕੈਬਨਿਟ ਵਿਚ ਥਾਂ ਨਾ ਮਿਲਣ ’ਤੇ ਪਾਰਟੀ ਨਾਲ ਨਾਰਾਜ਼ਗੀ ਵਾਲੀ ਗੱਲ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਅਤੇ ਇਸ ਦੇ ਨਾਲ ਹੀ ਨਵੇਂ ਬਣੇ ਕੈਬਨਿਟ ਮੰਤਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੀ ਵਜ਼ਾਰਤ ਦੇ ਗਠਨ ’ਤੇ ਰਾਜਾ ਵੜਿੰਗ ਨੇ ਚੁੱਕੇ ਸਵਾਲ, ਦਿੱਤਾ ਵੱਡਾ ਬਿਆਨ

ਦੱਸਣਯੋਗ ਹੈ ਕਿ ਭਗਵੰਤ ਮਾਨ ਵਜ਼ਾਰਤ ਦਾ ਅੱਜ ਗਠਨ ਹੋ ਚੁੱਕਾ ਹੈ। ਉਮੀਦ ਸੀ ਕਿ ਪਾਰਟੀ ਹਾਈਕਮਾਨ ਪੁਰਾਣੇ ਅਤੇ ਦਿੱਗਜ ਆਗੂਆਂ ਨੂੰ ਮਾਤ ਦੇਣ ਵਾਲਿਆਂ ਨੂੰ ਕੈਬਨਿਟ ਵਿਚ ਜਗ੍ਹਾ ਦੇਵੇਗੀ ਪਰ ਇਸ ਦੇ ਉਲਟ ਉਨ੍ਹਾਂ ਚਿਹਰਿਆਂ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਮਾਨ ਵਜ਼ਾਰਤ ਵਿਚ ਮਾਲਵਾ ’ਤੇ ਪੂਰਾ ਫੌਕਸ ਕੀਤਾ ਹੈ। ਇਥੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਦਿੜਬਾ ਤੋਂ ਹਰਪਾਲ ਚੀਮਾ, ਬਰਨਾਲਾ ਤੋਂ ਮੀਤ ਹੇਅਰ, ਮਾਨਸਾ ਤੋਂ ਡਾ. ਵਿਜੇ ਸਿੰਗਲਾ, ਮਲੋਟ ਤੋਂ ਡਾ. ਬਲਜੀਤ ਕੌਰ ਮੰਤਰੀ ਬਣੇ ਹਨ। ਮਾਝੇ ਵਿਚੋਂ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਜੰਡਿਆਲਾ ਤੋਂ ਹਰਭਜਨ ਸਿੰਘ ਈ. ਟੀ. ਓ., ਪੱਟੀ ਤੋਂ ਲਾਲਚੰਦ ਭੁੱਲਰ ਅਤੇ ਭੋਆ ਤੋਂ ਲਾਲਚੰਦ ਕਟਾਰੂਚੱਕ ਨੂੰ ਮੰਤਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਦੋਆਬਾ ਦੇ ਹਿੱਸੇ ਫਿਲਹਾਲ ਦੋ ਮੰਤਰੀ ਹੀ ਆਏ ਹਨ, ਹੁਸ਼ਿਆਰਪੁਰ ਤੋਂ ਬ੍ਰਹਮਸ਼ੰਕਰ ਜਿੰਪਾ ਨੂੰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਹਰਜੋਤ ਬੈਂਸ ਨੂੰ ਕੈਬਨਿਟ ਵਿਚ ਜਗ੍ਹਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਕੈਬਨਿਟ ਦਾ ਗਠਨ : 10 ਮੰਤਰੀਆਂ ਨੇ ਚੁੱਕੀ ਸਹੁੰ, ਜਾਣੋ ਪੂਰਾ ਵੇਰਵਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News