ਅਸ਼ਵਨੀ ਸ਼ਰਮਾ ਹੋ ਸਕਦੇ ਹਨ ਪੰਜਾਬ ਭਾਜਪਾ ਪ੍ਰਧਾਨ!
Tuesday, Jan 14, 2020 - 10:00 PM (IST)
ਚੰਡੀਗਡ਼੍ਹ,(ਸ਼ਰਮਾ)-ਹਾਲਾਂਕਿ ਪੰਜਾਬ ਭਾਜਪਾ ਦੇ ਸੰਗਠਨਾਤਮਕ ਚੋਣ ਦੀ ਅੰਤਿਮ ਪ੍ਰਕਿਰਿਆ ਪ੍ਰਦੇਸ਼ ਪ੍ਰਧਾਨ ਦੀ ਚੋਣ ਦੇ ਨਾਲ 17 ਜਨਵਰੀ ਨੂੰ ਪੂਰੀ ਹੋਣ ਦਾ ਸ਼ਡਿਊਲ ਤੈਅ ਕੀਤਾ ਗਿਆ ਹੈ ਪਰ ਸੂਤਰਾਂ ਅਨੁਸਾਰ ਪਾਰਟੀ ਹਾਈਕਮਾਨ ਨੇ ਪਠਾਨਕੋਟ ਤੋਂ ਵਿਧਾਇਕ ਰਹੇ ਅਤੇ ਸਾਬਕਾ ਪੰਜਾਬ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪਾਰਟੀ ਨਾਲ ਜੁਡ਼ੇ ਭਰੋਸੇਯੋਗ ਸੂਤਰਾਂ ਅਨੁਸਾਰ 16 ਅਤੇ 17 ਜਨਵਰੀ ਨੂੰ ਸੰਗਠਨਾਤਮਕ ਚੋਣ ਦੀ ਪ੍ਰਕਿਰਿਆ ਸਿਰਫ ਖਾਨਾਪੂਰਤੀ ਰਹਿ ਗਈ ਹੈ। ਅਸ਼ਵਨੀ ਸ਼ਰਮਾ ਦੇ ਨਾਂ ਦਾ ਭਾਜਪਾ ਪ੍ਰਦੇਸ਼ ਪ੍ਰਧਾਨ ਦੇ ਰੂਪ ’ਚ ਐਲਾਨ 17 ਜਨਵਰੀ ਨੂੰ ਕੀਤਾ ਜਾ ਸਕਦਾ ਹੈ।
ਪਾਰਟੀ ਨਾਲ ਜੁਡ਼ੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅਸ਼ਵਨੀ ਸ਼ਰਮਾ ਦੇ ਭਾਜਪਾ ਪ੍ਰਦੇਸ਼ ਪ੍ਰਧਾਨ ਦੇ ਰੂਪ ’ਚ ਪਹਿਲੇ ਕਾਰਜਕਾਲ ਦੌਰਾਨ ਪਾਰਟੀ ਨੇ ਵਿਧਾਨਸਭਾ ਚੋਣਾਂ ਦੌਰਾਨ ਬਿਹਤਰ ਪ੍ਰਦਰਸ਼ਨ ਕੀਤਾ ਸੀ। ਅਕਾਲੀ ਦਲ ਦੇ ਅਕਸ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਅਤੇ ਜੇਕਰ ਪਾਰਟੀ 2022 ਦੀਆਂ ਵਿਧਾਨਸਭਾ ਚੋਣਾਂ ’ਚ ਇਕੱਲੇ ਲਡ਼ਨ ਦਾ ਫੈਸਲਾ ਲੈਂਦੀ ਹੈ ਤਾਂ ਅਸ਼ਵਨੀ ਸ਼ਰਮਾ ਦੇ ਅਨੁਭਵ ਅਤੇ ਕਾਰਜਸ਼ੈਲੀ ਪਾਰਟੀ ਲਈ ਅਨੁਕੂਲ ਸਥਿਤੀ ਪੈਦਾ ਕਰੇਗੀ।