ਭਾਜਪਾ ਆਪਣੇ ਸੌੜੇ ਹਿੱਤਾਂ ਲਈ ਰਾਜਪਾਲ ਦੇ ਦਫ਼ਤਰ ਦੀ ਕਰ ਰਹੀ ਹੈ ਦੁਰਵਰਤੋਂ : ਕੈਪਟਨ

Sunday, Jan 03, 2021 - 09:49 PM (IST)

ਭਾਜਪਾ ਆਪਣੇ ਸੌੜੇ ਹਿੱਤਾਂ ਲਈ ਰਾਜਪਾਲ ਦੇ ਦਫ਼ਤਰ ਦੀ ਕਰ ਰਹੀ ਹੈ ਦੁਰਵਰਤੋਂ : ਕੈਪਟਨ

ਚੰਡੀਗੜ੍ਹ/ਜਲੰਧਰ, (ਅਸ਼ਵਨੀ, ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਐਤਵਾਰ ਨੂੰ ਭਾਜਪਾ ਦੀ ਪੰਜਾਬ ਲੀਡਰਸ਼ਿਪ ਵਲੋਂ ਸੰਵਿਧਾਨਕ ਅਹੁਦੇ ਨੂੰ ਬੇਲੋੜੇ ਵਿਵਾਦਾਂ ਵਿਚ ਖਿੱਚ ਕੇ ਰਾਜਪਾਲ ਦੇ ਉਚ ਅਹੁਦੇ ਦੀ ਮਰਿਆਦਾ ਨੂੰ ਘਟਾਉਣ ਦੀਆਂ ਹੋਛੀਆਂ ਹਰਕਤਾਂ ਕਰਨ ਲਈ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਿਨ੍ਹਾਂ ਸੂਬਿਆਂ ਵਿਚ ਉਹ ਵਿਰੋਧੀ ਧਿਰ ਵਿਚ ਹੈ, ਉਥੇ ਉਹ ਲੋਕਤੰਤਰੀ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ’ਤੇ ਉਤਾਰੂ ਹਨ। ਭਾਜਪਾ ਦੇ ਸੂਬਾਈ ਯੂਨਿਟ ਵਲੋਂ ਉਨ੍ਹਾਂ (ਮੁੱਖ ਮੰਤਰੀ) ’ਤੇ ਪੰਜਾਬ ਨੂੰ ਇਕ ਹੋਰ ਪੱਛਮੀ ਬੰਗਾਲ ਬਣਾਉਣ ਦੇ ਲਗਾਏ ਦੋਸ਼ਾਂ ਸਬੰਧੀ ਕੀਤੇ ਹਾਲੀਆ ਟਵੀਟ ’ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਤਾ ਦੀ ਭੁੱਖੀ ਭਾਜਪਾ ਹੈ ਜਿਹੜੀ ਆਪਣੇ ਸੌੜੇ ਹਿੱਤਾਂ ਵਾਸਤੇ ਰਾਜਪਾਲ ਦੇ ਦਫ਼ਤਰ ਦੀ ਦੁਰਵਰਤੋਂ ਕਰ ਰਹੀ ਹੈ। ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪੱਛਮੀ ਬੰਗਾਲ ਵਿਚ ਵਾਪਰ ਰਿਹਾ ਹੈ, ਇਹ ਮਹਾਰਾਸ਼ਟਰ ਵਿਚ ਵਾਪਰਿਆ ਅਤੇ ਹੁਣ ਇਹ ਸਭ ਕੁਝ ਪੰਜਾਬ ਵਿਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਯੋਜਨਾਬੰਦ ਤਰੀਕੇ ਨਾਲ ਸਾਰੀਆਂ ਲੋਕਤੰਤਰੀ ਤੇ ਸੰਵਿਧਾਨਕ ਸੰਸਥਾਵਾਂ ਨੂੰ ਕੁਚਲ ਰਹੀ ਹੈ ਅਤੇ ਰਾਜਪਾਲ ਦੇ ਦਫ਼ਤਰ ਨੂੰ ਵੀ ਉਨ੍ਹਾਂ ਨਹੀਂ ਬਖ਼ਸ਼ਿਆ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ਾਂ ਅਜਿਹੀ ਪਾਰਟੀ ਨੂੰ ਨਹੀਂ ਸ਼ੋਭਦੀਆਂ ਜਿਹੜੀ ਕੇਂਦਰ ਵਿਚ ਸੱਤਾਧਾਰੀ ਹੋ ਕੇ ਇਨ੍ਹਾਂ ਸੰਸਥਾਵਾਂ ਦੀ ਰਖਵਾਲੀ ਵਾਲੀ ਹੋਵੇ। ਕੈ. ਅਮਰਿੰਦਰ ਸਿੰਘ ਨੇ ਭਾਜਪਾ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਇਕ ਕੌਮੀ ਪਾਰਟੀ ਹੋਣ ਦੇ ਬਾਵਜੂਦ ਉਹ ਸੰਵਿਧਾਨਕ ਪ੍ਰੰਪਰਾਵਾਂ ਜਿਸ ਅਨੁਸਾਰ ਰਾਜਪਾਲ ਸੂਬੇ ਦਾ ਸਰਪ੍ਰਸਤ ਹੁੰਦਾ ਹੈ ਪਰ ਸਾਰੇ ਪ੍ਰਸ਼ਾਸਕੀ ਅਧਿਕਾਰ ਮੁੱਖ ਮੰਤਰੀ ਕੋਲ ਹੁੰਦੇ ਹਨ, ਤੋਂ ਪੂਰੀ ਤਰ੍ਹਾਂ ਅਨਜਾਣ ਜਾਪਦੀ ਹੈ। ਉਨ੍ਹਾਂ ਪੁੱਛਿਆ ਕਿ, ਕੀ ਭਾਜਪਾ ਆਗੂ ਨਹੀਂ ਜਾਣਦੇ ਕਿ ਮੇਰੇ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਇਕੱਲੇ ਮੁੱਖ ਮੰਤਰੀ ਕਰਕੇ ਹੀ ਨਹੀਂ ਸਗੋਂ ਗ੍ਰਹਿ ਮੰਤਰੀ ਕਰਕੇ ਵੀ ਮੇਰੀ ਹੀ ਬਣਦੀ ਹੈ? ਉਨ੍ਹਾਂ ਭਾਜਪਾ ਆਗੂਆਂ ਨੂੰ ਕਿਹਾ ਕਿ ਸੰਵਿਧਾਨਕ ਮਾਮਲਿਆਂ ’ਤੇ ਆਪਣਾ ਮੂੰਹ ਖੋਲ੍ਹਣ ਤੋਂ ਪਹਿਲਾਂ ਉਹ ਭਾਰਤੀ ਸੰਵਿਧਾਨ ਦੀ ਏ. ਬੀ. ਸੀ. ਪੜ੍ਹ ਲਿਆ ਕਰਨ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸ਼ਰਮਨਾਕ ਤਰੀਕੇ ਨਾਲ ਆਪਣੇ ਸਿਆਸੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਸਥਿਤੀ ਦਾ ਸ਼ੋਸ਼ਣ ਕਰਦੀ ਹੋਈ ਲਗਾਤਾਰ ਕੂੜ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਪੰਜਾਬ ਦੇ ਅਮਨ-ਕਾਨੂੰਨ ਦੀ ਸਥਿਤੀ ਵਜੋਂ ਕਿਸਾਨਾਂ ਦੇ ਅਸਲ ਗੁੱਸੇ ਨੂੰ ਪੇਸ਼ ਕਰਨ ਦੀ ਬੋਲੀ ਤੋਂ ਸਪੱਸ਼ਟ ਸੀ।

ਮੁੱਖ ਮੰਤਰੀ ਨੇ ਭਾਜਪਾ ਵਲੋਂ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਰੁੱਧ ਐੱਫ਼. ਆਈ. ਆਰ. ਨਾ ਕੀਤੇ ਜਾਣ ’ਤੇ ਉਨ੍ਹਾਂ ਦੇ ਘਰ ਦਾ ਘਿਰਾਓ ਕਰਨ ਦੀ ਧਮਕੀ ਦੇਣ ਲਈ ਭਾਜਪਾ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਹਾਸੋਹੀਣਾ ਹੈ ਸਗੋਂ ਭਾਜਪਾ ਦੀ ਇਕ ਹੋਰ ਹੋਛੀ ਤੇ ਬੇਤੁਕੀ ਉਦਾਹਰਣ ਜਾਪਦਾ ਹੈ ਕਿਉਂਕਿ ਦਿੱਲੀ ਪੁਲਸ ਵਲੋਂ ਪਹਿਲਾਂ ਹੀ ਬਿੱਟੂ ਖਿਲਾਫ਼ ਗੈਰ-ਸਮਝਦਾਰੀ (ਨਾਨ-ਕੌਗਨੀਜ਼ੇਬਲ) ਅਪਰਾਧ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਇਸ ਸਮੇਂ ਜਦੋਂ ਪਿਛਲੇ ਲਗਭਗ 40 ਦਿਨਾਂ ਤੋਂ ਕੜਾਕੇ ਦੀ ਠੰਡ ਵਿਚ ਕਿਸਾਨ ਦਿਲੀ ਸਰਹੱਦਾਂ ’ਤੇ ਰੋਸ ਮੁਜ਼ਾਹਰਾ ਕਰਦਿਆਂ ਹਰ ਰੋਜ਼ ਆਪਣੀਆਂ ਜਾਨਾਂ ਗੁਆ ਰਹੇ ਹਨ, ਅਜਿਹੇ ਵਿਚ ਭਾਜਪਾ ਵਲੋਂ ਸੌੜੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਝੂਠ ਤੇ ਸਿਆਸੀ ਹਥਕੰਡੇ ਅਪਣਾਉਣ ਦੀ ਥਾਂ ਜੇਕਰ ਭਾਜਪਾ ਕਿਸਾਨਾਂ ਦੀਆਂ ਮੰਗਾਂ ’ਤੇ ਸੁਹਿਰਦਤਾ ਨਾਲ ਗ਼ੌਰ ਕਰੇ ਤਾਂ ਆਪਣੇ ਰਾਜਨੀਤਕ ਸਿਧਾਂਤਾਂ ਅਤੇ ਸਿਆਸੀ ਧਰਾਤਲ ਨੂੰ ਹੋਰ ਵਧੇਰੇ ਮਜ਼ਬੂਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਕੇਂਦਰ ਦੀ ਸੱਤਾਧਾਰੀ ਪਾਰਟੀ ਨੂੰ ਕਿਸਾਨਾਂ ਦੀਆਂ ਜਾਨਾਂ ਨਾਲ ਖੇਡਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਕਾਲੇ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅਗਵਾਈ ਕਰਨ ਵਾਲੀ ਪਾਰਟੀ ਨੂੰ ਛੱਡ ਕੇ ਸਾਰਾ ਦੇਸ਼ ਕਿਸਾਨਾਂ ਦਾ ਦਰਦ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਆਪਣਾ ਥੋਥਾ ਹੰਕਾਰ ਛੱਡ ਕੇ ਅਤੇ ਕਿਸਾਨੀ ਸੰਕਟ ਨਾਲ ਸੁਹਿਰਦਤਾ ਨਾਲ ਨਜਿੱਠਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਸਮਾਂ ਨਾ ਵਾਚਿਆ ਗਿਆ ਤਾਂ ਭਾਰਤ ਦੇ ਹਿੱਤਾਂ ਲਈ ਬਹੁਤ ਮੰਦਭਾਗਾ ਤੇ ਵਿਨਾਸ਼ਕਾਰੀ ਹੋਵੇਗਾ।


author

Bharat Thapa

Content Editor

Related News