ਪੰਜਾਬ 'ਚ ਕਾਰ ਸਵਾਰ ਪਿਓ-ਧੀ 'ਤੇ ਫ਼ਾਇਰਿੰਗ! 3 ਕਿੱਲੋਮੀਟਰ ਤਕ ਪਿੱਛਾ ਕਰਦੇ ਰਹੇ ਹਮਲਾਵਰ
Tuesday, Nov 10, 2026 - 06:24 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਪਿੰਡ ਸੁਰੇਸ਼ ਵਾਲਾ ਵਿਚ ਕਾਰ ਸਵਾਰ ਪਿਓ ਤੇ ਉਸ ਦੀ ਇਕ ਸਾਲਾ ਬੱਚੀ 'ਤੇ ਫ਼ਾਇਰਿੰਗਗ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਸ਼ਹਿਰ ਤੋਂ ਪਿੰਡ ਤਕ ਤਕਰੀਬਨ 3 ਕਿੱਲੋਮੀਟਰ ਤਕ ਕਾਰ ਦਾ ਪਿੱਛਾ ਕੀਤਾ ਤੇ ਘਰ ਦੇ ਕੋਲ ਪਹੁੰਚਦਿਆਂ ਹੀ ਦੋ ਰਾਊਂਡ ਫ਼ਾਇਰਿੰਗ ਕਰ ਦਿੱਤੀ। ਗਨੀਮਤ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫ਼ਾਇਰਿੰਗ ਦੀ ਪੂਰੀ ਵਾਰਦਾਤ ਪਿੰਡ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਪੀੜਤ ਮਨੀਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਇਕ ਸਾਲਾ ਧੀ ਦੇ ਨਾਲ ਫਾਜ਼ਿਲਕਾ ਦੇ ਸਮਾਰਟ ਪੁਆਇੰਟ ਬਾਜ਼ਾਰ 'ਚ ਖਰੀਦਦਾਰੀ ਕਰਨ ਆਇਆ ਸੀ। ਉੱਥੋਂ ਵਾਪਸ ਜਾਂਦਿਆਂ ਐੱਮ. ਸੀ. ਕਾਲੋਨੀ ਦੇ ਪਿੱਛਿਓਂ ਸਵਿਫ਼ਟ ਕਾਰ ਵਿਚ ਸਵਾਰ ਕੁਝ ਲੋਕ ਆਏ। ਉਨ੍ਹਾਂ ਨੇ ਉਸ ਨੂੰ ਰੋਕ ਕੇ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਮਨੀਸ਼ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਮਗਰੋਂ ਜਦੋਂ ਮਨੀਸ਼ ਨੇ ਆਪਣੀ ਕਾਰ ਅੱਗੇ ਵਧਾਈ ਤਾਂ ਸਵਿਫ਼ਟ ਕਾਰ ਸਵਾਰਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਤੇ ਧੀ ਦੀ ਜਾਨ ਬਚਾਉਣ ਲਈ ਮਨੀਸ਼ ਨੇ ਤੇਜ਼ੀ ਨਾਲ ਕਾਰ ਭਜਾ ਲਈ ਤੇ ਪਿੰਡਾਂ ਰਾਹੀਂ ਪਿੰਡ ਸੁਰੇਸ਼ ਵਾਲਾ ਪਹੁੰਚ ਗਿਆ।
ਮਨੀਸ਼ ਮੁਤਾਬਕ, ਪਿੱਛਾ ਕਰ ਰਹੇ ਕਾਰ ਸਵਾਰਾਂ ਨੇ ਪਿੰਡ ਸੁਰੇਸ਼ ਵਾਲਾ ਵਿਚ ਉਸ ਦੇ ਘਰ ਨੇੜੇ ਪਹੁੰਚ ਕੇ ਉਸ ਦੀ ਕਾਰ 'ਤੇ 2 ਰਾਊਂਡ ਫ਼ਾਇਰਿੰਗ ਕਰ ਦਿੱਤੀ। ਉਸ ਨੇ ਤੁਰੰਤ ਆਪਣੀ ਕਾਰ ਭਜਾਈ ਤੇ ਆਪਣੇ ਤਾਇਆ ਜੀ ਦੇ ਘਰ ਚਲਾ ਗਿਆ। ਇਸ ਤਰ੍ਹਾਂ ਆਪਣੀ ਇਕ ਸਾਲਾ ਧੀ ਸਮੇਤ ਵਾਲ-ਵਾਲ ਬੱਚ ਗਿਆ। ਉੱਥੇ ਹੀ ਫ਼ਾਇਰਿੰਗ ਕਰਨ ਵਾਲੇ ਮੁਲਜ਼ਮ ਵੀ ਮੌਕੇ ਤੋਂ ਫ਼ਰਾਰ ਹੋ ਗਏ। ਮਨੀਸ਼ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਮੁਲਜ਼ਮਾਂ ਨੇ ਉਸ ਦਾ ਪਿੱਛਾ ਕਿਉਂ ਕੀਤਾ ਤੇ ਉਸ 'ਤੇ ਫ਼ਾਇਰਿੰਗ ਕਿਉਂ ਕੀਤੀ। ਪਿੰਡ ਦੇ ਸਰਪੰਚ ਸੁਧੀਰ ਕੁਮਾਰ ਝੀਂਜਾ ਮੁਤਾਬਕ ਉਸ ਘਟਨਾ ਵਿਚ ਕਾਰ 'ਤੇ ਗੋਲ਼ੀਆਂ ਦੇ ਨਿਸ਼ਾਨ ਆਏ ਹਨ। ਫ਼ਾਇਰਿੰਗ ਮਗਰੋਂ ਡਿੱਗੇ ਖਾਲੀ ਖੋਲ ਪੁਲਸ ਨੂੰ ਦੇ ਦਿੱਤੇ ਗਏ ਹਨ ਤੇ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਤੇ ਪੂਰੀ ਜਾਣਕਾਰੀ ਪੁਲਸ ਨੂੰ ਸੌਂਪ ਦਿੱਤੀ ਗਈ ਹੈ।
ਮੌਕੇ 'ਤੇ ਪਹੁੰਚੇ ਪੁਲਸ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ 2 ਰਾਊਂਡ ਫ਼ਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ। ਰਾਹਤ ਦੀ ਗੱਲ ਹੈ ਕਿ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਛੇਤੀ ਹੀ ਮੁਲਜ਼ਮਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ।
