Punjab News : 'ਬਿਨਾਂ DJ-ਸ਼ਰਾਬ ਦੇ ਵਿਆਹ ਕਰਨ 'ਤੇ ਮਿਲਣਗੇ 21,000 ਰੁਪਏ'

Tuesday, Jan 07, 2025 - 07:17 PM (IST)

Punjab News : 'ਬਿਨਾਂ DJ-ਸ਼ਰਾਬ ਦੇ ਵਿਆਹ ਕਰਨ 'ਤੇ ਮਿਲਣਗੇ 21,000 ਰੁਪਏ'

ਬਠਿੰਡਾ- ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੀ ਇੱਕ ਗ੍ਰਾਮ ਪੰਚਾਇਤ ਨੇ ਉਨ੍ਹਾਂ ਪਰਿਵਾਰਾਂ ਨੂੰ 21,000 ਰੁਪਏ ਦੀ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ਜੋ ਵਿਆਹ ਸਮਾਗਮਾਂ ਵਿੱਚ ਸ਼ਰਾਬ ਨਹੀਂ ਵਰਤਾਉਣਗੇ ਜਾਂ ਡੀਜੇ ਨਹੀਂ ਵਜਾਉਣਗੇ। ਬੱਲੋ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਫੈਸਲਾ ਪਿੰਡ ਵਾਸੀਆਂ ਨੂੰ ਵਿਆਹ ਸਮਾਗਮਾਂ ਵਿੱਚ ਫਜ਼ੂਲ ਖਰਚੀ ਨਾ ਕਰਨ ਅਤੇ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ ਪ੍ਰੇਰਿਤ ਕਰਨ ਲਈ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਪਿੰਡਾਂ ਦੇ ਵਿਆਹ ਸਮਾਗਮਾਂ ਵਿੱਚ ਜਿੱਥੇ ਸ਼ਰਾਬ ਪਰੋਸੀ ਜਾਂਦੀ ਹੈ ਅਤੇ ਡਿਸਕ ਜੌਕੀ (ਡੀਜੇ) ਉੱਚੀ ਆਵਾਜ਼ ਵਿੱਚ ਸੰਗੀਤ ਵਜਾਇਆ ਜਾਂਦਾ ਹੈ ਉਥੇ ਜ਼ਿਆਦਾਤਰ ਝਗੜੇ ਹੁੰਦੇ ਹਨ। ਇਸ ਤੋਂ ਇਲਾਵਾ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੀ ਵਿਘਨ ਪੈਂਦਾ ਹੈ।

ਪੰਚਾਇਤ ਨੇ ਪਾਸ ਕੀਤਾ ਮਤਾ

ਅਮਰਜੀਤ ਕੌਰ ਨੇ ਕਿਹਾ, 'ਅਸੀਂ ਲੋਕਾਂ ਨੂੰ ਵਿਆਹ ਸਮਾਗਮਾਂ 'ਤੇ ਫਜ਼ੂਲ ਖਰਚੀ ਨਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ।' ਪਿੰਡ ਦੀ ਸਰਪੰਚ ਨੇ ਦੱਸਿਆ ਕਿ ਪੰਚਾਇਤ ਨੇ ਮਤਾ ਪਾਸ ਕੀਤਾ ਹੈ ਜਿਸ ਤਹਿਤ ਜੇਕਰ ਕੋਈ ਪਰਿਵਾਰ ਸ਼ਰਾਬ ਨਹੀਂ ਵਰਤਾਉਂਦਾ ਅਤੇ ਵਿਆਹ ਸਮਾਗਮਾਂ ਵਿੱਚ ਡੀਜੇ ਨਹੀਂ ਵਜਾਉਂਦਾ ਹੈ ਤਾਂ ਉਸ ਨੂੰ 21 ਹਜ਼ਾਰ ਰੁਪਏ ਦਿੱਤੇ ਜਾਣਗੇ। ਬੱਲੋ ਪਿੰਡ ਦੀ ਆਬਾਦੀ 5000 ਦੇ ਕਰੀਬ ਹੈ।

ਪਿੰਡ 'ਚ ਸਟੇਡੀਅਮ ਬਣਾਉਣ ਦੀ ਮੰਗ

ਸਰਪੰਚ ਨੇ ਅੱਗੇ ਕਿਹਾ ਕਿ ਪੰਚਾਇਤ ਨੇ ਸਰਕਾਰ ਤੋਂ ਪਿੰਡ ਵਿੱਚ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ। ਕੌਰ ਨੇ ਕਿਹਾ, 'ਪਿੰਡ ਵਿੱਚ ਇੱਕ ਸਟੇਡੀਅਮ ਹੋਣਾ ਚਾਹੀਦਾ ਹੈ ਤਾਂ ਜੋ ਵੱਖ-ਵੱਖ ਖੇਡਾਂ ਕਰਵਾਈਆਂ ਜਾ ਸਕਣ।' ਪੰਚਾਇਤ ਨੇ ਪਿੰਡ ਵਿੱਚ ਬਾਇਓ ਗੈਸ ਪਲਾਂਟ ਲਾਉਣ ਦੀ ਵੀ ਤਜਵੀਜ਼ ਰੱਖੀ ਹੈ। ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੁਫ਼ਤ ਬੀਜ ਦਿੱਤੇ ਜਾਣਗੇ।


author

Rakesh

Content Editor

Related News