ਪੰਜਾਬ ਵਿਧਾਨ ਸਭਾ ਚੋਣਾਂ : ਕੀ ਲੋਕ ਕਿਸੇ ਇਕ ਪਾਰਟੀ ਨੂੰ ਸਪੱਸ਼ਟ ਬਹੁਮਤ ਦੇਣ ਦਾ ਲੈਣਗੇ ਫ਼ੈਸਲਾ ?

Saturday, Dec 18, 2021 - 05:37 PM (IST)

ਪੰਜਾਬ ਵਿਧਾਨ ਸਭਾ ਚੋਣਾਂ :  ਕੀ ਲੋਕ ਕਿਸੇ ਇਕ ਪਾਰਟੀ ਨੂੰ ਸਪੱਸ਼ਟ ਬਹੁਮਤ ਦੇਣ ਦਾ ਲੈਣਗੇ ਫ਼ੈਸਲਾ ?

ਪਠਾਨਕੋਟ (ਸ਼ਾਰਦਾ) : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਜਨਵਰੀ ਦੇ ਪਹਿਲੇ ਹਫ਼ਤੇ ’ਚ ਚੋਣ ਜ਼ਾਬਤਾ ਲਾਗੂ ਹੋਣ ’ਚ ਕੁਝ ਹੀ ਦਿਨ ਬਾਕੀ ਹਨ। ਸਾਰੀਆਂ ਸਿਆਸੀ ਪਾਰਟੀਆਂ ਹੁਣ ਲੋਕਾਂ ’ਚ ਜਾ ਕੇ ਸਿਆਸੀ ਹਾਲਾਤ ਦਾ ਜਾਇਜ਼ਾ ਲੈ ਰਹੀਆਂ ਹਨ। ਚੋਣ ਕਮਿਸ਼ਨ ਨੇ ਵੀ ਆਪਣੀਆਂ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਦਾਅਵਾ ਕੀਤਾ ਹੈ ਕਿ ਚੋਣਾਂ ਬਿਨਾਂ ਕਿਸੇ ਡਰ ਦੇ ਪੂਰੀ ਤਰ੍ਹਾਂ ਸ਼ਾਂਤਮਈ ਮਾਹੌਲ ’ਚ ਕਰਵਾਈਆਂ ਜਾਣਗੀਆਂ। ਜਿੱਥੇ ਇਕ ਪਾਸੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਆਪਣੀਆਂ ਟਿਕਟਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਕਾਂਗਰਸ ਵੀ ਹੁਣ ਘਬਰਾਹਟ ਦੇ ਮੂਡ ’ਚ ਆ ਕੇ ਤੇਜ਼ੀ ਨਾਲ ਫ਼ੈਸਲੇ ਲੈ ਰਹੀ ਹੈ। ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਤੋਂ ਤੁਰੰਤ ਬਾਅਦ ਟਿਕਟ ਦੇ ਚਾਹਵਾਨਾਂ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਅਰਜ਼ੀਆਂ ਦੇਣ ਲਈ ਕਿਹਾ ਗਿਆ ਹੈ ਅਤੇ ਅਰਜ਼ੀਆਂ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 20 ਦਸੰਬਰ ਹੈ।

ਇਹ ਵੀ ਪੜ੍ਹੋ : ਲੋਕਾਂ ਦੇ ਫਤਵੇ ਨੂੰ ਪੈਰਾਂ ’ਚ ਰੋਲ਼ ਰਹੀ ਹੈ ਕਾਂਗਰਸ ਸਰਕਾਰ : ਭਗਵੰਤ ਮਾਨ

ਕੋਰੋਨਾ ਮਹਾਮਾਰੀ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਾਲੀਆਂ ਰੈਲੀਆਂ ਵੀ ਲੋਕਾਂ ’ਚ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ ਅਤੇ ਜੇਕਰ ਕੋਰੋਨਾ ਦੀ ਤੀਜੀ ਲਹਿਰ ਆਈ ਤਾਂ ਇਸ ਦੀ ਗਾਜ ਸਿਆਸੀ ਪਾਰਟੀਆਂ ’ਤੇ ਡਿਗ ਸਕਦੀ ਹੈ। ਜਿਸ ਤਰ੍ਹਾਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਮੁਫ਼ਤ ਸਹੂਲਤਾਂ ਦੇਣ ਦਾ ਐਲਾਨ ਕੀਤਾ ਹੈ, ਉਸ ਤੋਂ ਬਾਅਦ ਜਨਤਾ ਵੀ ਹੈਰਾਨ ਹੈ ਕਿ ਇਹ ਸਿਆਸੀ ਪਾਰਟੀਆਂ ਕਿਹੜਾ ਚੋਣ ਮਨੋਰਥ ਪੱਤਰ ਲੈ ਕੇ ਆਉਣਗੀਆਂ। ਮਾੜੀ ਆਰਥਿਕ ਹਾਲਤ ਨਾਲ ਜੂਝ ਰਹੇ ਪੰਜਾਬ ’ਚ ਹਜ਼ਾਰਾਂ ਕਰੋੜਾਂ ਦੀਆਂ ਮੁਫ਼ਤ ਸਹੂਲਤਾਂ ਦੇ ਵਾਅਦੇ ਕਿਵੇਂ ਪੂਰੇ ਹੋਣਗੇ, ਇਹ ਸਮਾਂ ਹੀ ਦੱਸੇਗਾ। ਹੁਣ ਜਦੋਂ ਚੋਣ ਜ਼ਾਬਤਾ ਲੱਗਣ ਵਾਲਾ ਹੈ ਤਾਂ ਕਿਸਾਨਾਂ ਕੋਲ ਵੀ ਉਡੀਕ ਕਰਨ ਦਾ ਜ਼ਿਆਦਾ ਸਮਾਂ ਨਹੀਂ ਹੈ। ਉਹ ਵੀ ਹੁਣ ਕਰਜ਼ਾ ਮੁਆਫੀ ਲਈ ਅੰਦੋਲਨ ਕਰਨ ਲਈ ਮੈਦਾਨ ’ਚ ਉਤਰਨ ਵਾਲੇ ਹਨ। ਉਨ੍ਹਾਂ ਦਾ ਕਰਜ਼ਾ ਵੀ 80 ਹਜ਼ਾਰ ਕਰੋੜ ਦੇ ਲੱਗਭਗ ਹੈ। ਜੇਕਰ ਉਨ੍ਹਾਂ ਨੇ ਸਰਕਾਰ ਦਬਾਅ ਬਣਾਇਆ ਤਾਂ ਮਜਬੂਰਨ ਸਰਕਾਰ ਨੂੰ 80 ਹਜ਼ਾਰ ਕਰੋੜ ਰੁਪਏ ਦਾ ਵੀ ਐਲਾਨ ਕਰਨਾ ਪੈ ਸਕਦਾ ਹੈ। ਜੇਕਰ ਇਕ ਪਾਰਟੀ ਐਲਾਨ ਕਰਦੀ ਹੈ ਤਾਂ ਬਾਕੀ ਦੋ ਪਾਰਟੀਆਂ ਵੀ ਉਸੇ ਪੈਟਰਨ ’ਤੇ ਚੱਲਣਗੀਆਂ। ਇਹ ਪੈਸਾ ਕਿੱਥੋਂ ਆਵੇਗਾ, ਇਸ ਸਬੰਧੀ ਹਰ ਪਾਰਟੀ ਦੇ ਵੱਖੋ-ਵੱਖਰੇ ਮਾਡਲ ਹਨ ਪਰ ਇਕ ਗੱਲ ਤਾਂ ਸਾਫ਼ ਹੈ ਕਿ ਇੰਨੀਆਂ ਮੁਫ਼ਤ ਸਹੂਲਤਾਂ ਤੋਂ ਬਾਅਦ ਪੰਜਾਬ ਅਗਲੇ ਪੰਜ ਸਾਲ ਵਿੱਤੀ ਸੰਕਟ ’ਚ ਘਿਰਨ ਵਾਲਾ ਹੈ।

ਇਹ ਵੀ ਪੜ੍ਹੋ : CM ਚੰਨੀ ਦੇ ਬਿਆਨ ’ਤੇ ਭੜਕੇ ਜਸਵੀਰ ਗੜ੍ਹੀ, ਕਿਹਾ-ਕਾਂਗਰਸ ਦੇ ਨੇਤਾ ਹੀ ਹਨ ਭਾਜਪਾ ਦੀ ਬੀ-ਟੀਮ

ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ’ਚ ਅਮਨ-ਕਾਨੂੰਨ ਦੀ ਸਮੱਸਿਆ ਹਮੇਸ਼ਾ ਹੀ ਚਿੰਤਾ ਦਾ ਵਿਸ਼ਾ ਬਣੀ ਰਹਿੰਦੀ ਹੈ ਕਿਉਂਕਿ ਪਾਕਿਸਤਾਨ ਦੀ ਆਈ. ਐੱਸ. ਆਈ. ਕਿਸੇ ਨਾ ਕਿਸੇ ਤਰੀਕੇ ਪੰਜਾਬ ਦੇ ਹਾਲਾਤ ਵਿਗਾੜਨ ’ਚ ਰੁੱਝੀ ਰਹਿੰਦੀ ਹੈ। ਉਸ ਕੋਲ ਇਸ ਕੰਮ ਲਈ ਬਹੁਤ ਵੱਡਾ ਬਜਟ ਹੈ ਅਤੇ ਉਹ ਹਥਿਆਰ, ਨਸ਼ੇ ਅਤੇ ਪੈਸੇ ਭੇਜਣ ’ਚ ਕੋਈ ਗੁਰੇਜ਼ ਨਹੀਂ ਕਰਦੀ। ਇਨ੍ਹਾਂ ਹਾਲਾਤ ਵਿਚ ਪੰਜਾਬ ਵਿਚ ਹੋਣ ਜਾ ਰਹੀਆਂ ਚੋਣਾਂ ’ਚ ਇੰਨੀਆਂ ਪਾਰਟੀਆਂ ਸ਼ਾਮਲ ਹੋ ਗਈਆਂ ਹਨ ਕਿ ਖਿੱਚੜੀ ਬਣਦੀ ਨਜ਼ਰ ਆ ਰਹੀ ਹੈ। ਪੰਜਾਬ ’ਚ ਲੋਕਾਂ ਨੇ ਕਦੇ ਵੀ ਟੁਕੜਿਆਂ ’ਚ ਫਤਵਾ ਨਹੀਂ ਦਿੱਤਾ, ਜਿਸ ਵੀ ਪਾਰਟੀ ਦੇ ਸਿਰ ’ਤੇ ਹੱਥ ਪਾਇਆ ਹੈ, ਉਸ ਨੂੰ ਪੂਰਨ ਬਹੁਮਤ ਦਿੱਤਾ ਹੈ। ਭੰਬਲਭੂਸੇ ਦੀ ਇਸ ਸਥਿਤੀ ’ਚ ਪੰਜਾਬ ਦੇ ਲੋਕ ਕਿਸੇ ਨੂੰ ਪੂਰਨ ਬਹੁਮਤ ਦੇਣ ਵਾਲੇ ਹਨ ਜਾਂ ਨਹੀਂ, ਇਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ। ਚੋਣ ਜ਼ਾਬਤਾ ਲਾਗੂ ਹੁੰਦੇ ਹੀ ਸਿਆਸੀ ਸਥਿਤੀ ਕਾਫੀ ਹੱਦ ਤੱਕ ਸਾਫ਼ ਹੋਣ ਦੀ ਸੰਭਾਵਨਾ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਲਈ ਕਮਰ ਕੱਸ ਚੁੱਕੀਆਂ ਹਨ ਅਤੇ ਬਹੁਤ ਹੀ ਸੰਘਰਸ਼ ਵਾਲੀਆਂ ਚੋਣਾਂ ਪੰਜਾਬ ਦੇ ਲੋਕਾਂ ਨੂੰ ਦੇਖਣ ਲਈ ਮਿਲਣਗੀਆਂ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਕਰਾਚੀ 'ਚ ਜ਼ਬਰਦਸਤ ਧਮਾਕਾ, 12 ਲੋਕਾਂ ਦੀ ਮੌਤ

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News