ਪੰਜਾਬ ਦੀਆਂ ਆਂਗਣਵਾੜੀ ਵਰਕਰਾਂ 8 ਤਾਰੀਖ਼ ਨੂੰ ਕਰਨਗੀਆਂ ਰੋਸ-ਪ੍ਰਦਰਸ਼ਨ, ਜਾਣੋ ਕਾਰਨ
Friday, Jan 06, 2023 - 12:18 PM (IST)
ਮੋਹਾਲੀ (ਨਿਆਮੀਆਂ) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ-ਭੱਤੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 2 ਦਿਨਾਂ 'ਚ ਮਾਣ-ਭੱਤਾ ਨਾ ਮਿਲਿਆ ਤਾਂ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਅੱਗੇ 8 ਜਨਵਰੀ ਨੂੰ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸ਼ਮੂਲੀਅਤ ਕਰਨਗੀਆਂ। ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਧਰਨੇ ਦੇ ਸਬੰਧ 'ਚ ਜੱਥੇਬੰਦੀ ਵਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਉਦਯੋਗਾਂ ਦਾ ਪਲਾਇਨ ਰੋਕਣ ਲਈ ਸਰਕਾਰ ਦਾ ਭ੍ਰਿਸ਼ਟ ਅਫ਼ਸਰਾਂ ’ਤੇ ਡੰਡਾ, ਲਿਆ ਅਹਿਮ ਫ਼ੈਸਲਾ
ਉਨ੍ਹਾਂ ਕਿਹਾ ਕਿ ਜੱਥੇਬੰਦੀ ਵਲੋਂ ਵਾਰ-ਵਾਰ ਸਬੰਧਿਤ ਵਿਭਾਗ ਅਤੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਧਿਆਨ 'ਚ ਲਿਆਂਦਾ ਗਿਆ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਮਾਣ-ਭੱਤਾ ਨਹੀਂ ਮਿਲ ਰਿਹਾ ਤੇ ਵਰਕਰਾਂ ਤੇ ਹੈਲਪਰਾਂ 'ਚ ਭਾਰੀ ਨਿਰਾਸ਼ਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 4 ਮਹੀਨਿਆਂ ਤੋਂ ਵਰਕਰਾਂ ਤੇ ਹੈਲਪਰਾਂ ਨੂੰ ਸੈਂਟਰ ਫੰਡ ਨਹੀਂ ਮਿਲਿਆ। ਸੂਬਾ ਪ੍ਰਧਾਨ ਨੇ ਕਿਹਾ ਕਿ ਮਹਿਕਮੇ ਵਲੋਂ ਪਿਛਲੇਂ ਦੋ ਮਹੀਨਿਆਂ ਮਸਲਾ ਉੱਥੇ ਦਾ ਉੱਥੇ ਹੀ ਖੜ੍ਹਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ASI ਕਰਦਾ ਰਿਹਾ ਜਬਰ-ਜ਼ਿਨਾਹ, ਫਿਰ ਪੀੜਤਾ ਦੇ ਗਰਭਵਤੀ ਹੋਣ 'ਤੇ ਜੋ ਕੀਤਾ...
ਹਰਗੋਬਿੰਦ ਕੌਰ ਨੇ ਕਿਹਾ ਕਿ ਜੱਥੇਬੰਦੀ ਕੋਲ ਸੰਘਰਸ਼ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਿਹਾ, ਜਿਸ ਕਰ ਕੇ ਇਹ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋ ਦਿਨਾਂ 'ਚ ਵਰਕਰਾਂ ਤੇ ਹੈਲਪਰਾਂ ਦੇ ਬੈਂਕ ਖ਼ਾਤਿਆਂ 'ਚ ਪੈਸੇ ਨਾ ਪਾਏ ਗਏ ਤਾਂ 8 ਜਨਵਰੀ ਨੂੰ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਦੇ ਘਰ ਅੱਗੇ ਫਰੀਦਕੋਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ