ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਨੇ ਕਰ ਦਿੱਤਾ ਅਹਿਮ ਐਲਾਨ, ਆਖ਼ੀਆਂ ਇਹ ਗੱਲਾਂ

11/12/2022 11:16:34 AM

ਲੁਧਿਆਣਾ (ਸਲੂਜਾ) : ਮੰਗਾਂ ਨੂੰ ਅਣਦੇਖਿਆਂ ਕੀਤੇ ਜਾਣ ਦੇ ਰੋਸ ਵਜੋਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ 14 ਨਵੰਬਰ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਫ਼ੈਸਲਾ ਇੱਥੇ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਦੀ ਪ੍ਰਧਾਨਗੀ ’ਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਭਾਸ਼ ਰਾਣੀ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਆਈ. ਸੀ. ਡੀ. ਐੱਸ. ਨੂੰ ਮਜ਼ਬੂਤ ਕਰਨ ਅਤੇ ਵਰਕਰ ਅਤੇ ਹੈਲਪਰ ਦਾ ਸਨਮਾਨ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਜਦੋਂ ਤੋਂ ਪੰਜਾਬ ’ਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ, ਉਦੋਂ ਤੋਂ ਸਨਮਾਨ ਭੱਤਾ ਦੁੱਗਣਾ ਮਿਲਣਾ ਤਾਂ ਦੂਰ, ਉਹ ਪੂਰਾ ਮਿਲਣਾ ਵੀ ਰੁਕ ਗਿਆ ਹੈ।

ਇਹ ਵੀ ਪੜ੍ਹੋ : DGP ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਸ ਨੇ ਵੱਡੇ ਪੱਧਰ 'ਤੇ ਚਲਾਈ ਤਲਾਸ਼ੀ ਮੁਹਿੰਮ, 93 ਲੋਕਾਂ ਨੂੰ ਲਿਆ ਹਿਰਾਸਤ 'ਚ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਵੱਡੇ-ਵੱਡੇ ਵਾਅਦੇ ਕਰ ਰਹੀ ਹੈ, ਦੂਜੇ ਪਾਸੇ ਸਕੀਮ ਨੂੰ ਖੋਰਾ ਲਾਇਆ ਜਾ ਰਿਹਾ ਹੈ। ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਕੋਲ ਬਿਆਨਬਾਜ਼ੀ ਤੋਂ ਇਲਾਵਾ ਕੁੱਝ ਨਹੀਂ ਹੈ। ਪ੍ਰਧਾਨ ਸੁਭਾਸ਼ ਰਾਣੀ ਨੇ ਕਿਹਾ ਕਿ ਆਂਗਣਵਾੜੀ ਕੇਂਦਰਾਂ ’ਚ ਵਰਕਰਾਂ ਅਤੇ ਹੈਲਪਰਾਂ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ। ਸਰਕਾਰ ਵੱਲੋਂ ਪੋਸਟਾਂ ਭਰਨ ਦੇ ਐਲਾਨ ਨੂੰ 4 ਮਹੀਨੇ ਬੀਤ ਗਏ ਹਨ ਪਰ ਅਜੇ ਭਰਨ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ।

ਇਹ ਵੀ ਪੜ੍ਹੋ : ਪੰਜਾਬ 'ਚ SGPC ਦੀਆਂ ਜਨਰਲ ਚੋਣਾਂ ਲਈ ਤਿਆਰ ਹੋਣ ਲੱਗਾ ਆਧਾਰ, ਗ੍ਰਹਿ ਮੰਤਰਾਲਾ ਤੱਕ ਪੁੱਜੀ ਆਹਟ

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪ੍ਰੀ-ਸਕੂਲ ਸਿੱਖਿਆ ਨੂੰ ਆਂਗਣਵਾੜੀ ਕੇਂਦਰਾਂ ਤੋਂ ਵੱਖ ਕਰਦੇ ਹੋਏ ਰੌਣਕ ਖ਼ੋਹ ਲਈ ਸੀ। ਪਿਛਲੇ 47 ਸਾਲਾਂ ਤੋਂ ਚੱਲ ਰਹੀ ਸਕੀਮ ਨੂੰ ਅਪਾਹਜ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪ੍ਰੀ-ਸਿੱਖਿਆ ਆਂਗਣਵਾੜੀ ਕੇਂਦਰਾਂ ਦਾ ਅਤੁੱਟ ਅੰਗ ਹੈ, ਇਸ ਲਈ ਆਂਗਣਵਾੜੀ ਕੇਂਦਰਾਂ ’ਚ ਵਾਪਸ ਲਿਆਉਣ ਲਈ ਆਂਗਣਵਾੜੀ ਵਰਕਰ ਅਤੇ ਹੈਲਪਰ ਨੂੰ ਪ੍ਰੀ-ਸਕੂਲ ਅਧਿਆਪਕਾ ਦਾ ਦਰਜਾ ਦੁਆਇਆ ਜਾਵੇ। ਆਂਗਣਵਾੜੀ ਕੇਂਦਰਾਂ ਨਾਲ ਸਬੰਧਿਤ ਜੋ ਵੀ ਮੰਗਾਂ ਹਨ, ਉਨ੍ਹਾਂ ਦਾ ਸਰਕਾਰ ਬਿਨਾਂ ਕਿਸੇ ਦੇਰ ਦੇ ਨਿਬੇੜਾ ਕਰੇ। ਮੀਟਿੰਗ ’ਚ ਭਿੰਦਰ ਕੌਰ, ਸੁਰਜੀਤ ਕੌਰ, ਆਸ਼ਾ ਰਾਣੀ, ਨਿਰਮਲ ਕੌਰ, ਸੁਨੀਤਾ ਰਾਣੀ, ਸਰਬਜੀਤ ਕੌਰ, ਚਰਨਜੀਤ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ ਅਤੇ ਇੰਦਰਜੀਤ ਕੌਰ ਆਦਿ ਸ਼ਾਮਲ ਹੋਈਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News