ਹਾਈ ਕੋਰਟ ਨੇ ਦਿੱਤੇ 4 ਸਾਲ ਪਹਿਲਾਂ ਹੋਏ ਬਹੁਚਰਚਿਤ ਕਤਲ ਕਾਂਡ ਦੇ ਗਵਾਹਾਂ ਨੂੰ ਸੁਰੱਖਿਆ ਦੇਣ ਦੇ ਹੁਕਮ
Tuesday, Oct 03, 2017 - 11:31 AM (IST)
ਤਪਾ ਮੰਡੀ (ਢੀਂਗਰਾ)— ਕਰੀਬ 4 ਸਾਲ ਪਹਿਲਾਂ ਨੇੜਲੇ ਪਿੰਡ ਢਿਲਵਾਂ ਵਿਖੇ ਇਕ ਵਿਅਕਤੀ ਦੇ ਹੋਏ ਕਤਲ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਤਲ ਕੇਸ ਵਿਚ ਗਵਾਹਾਂ ਨੂੰ ਸਰਕਾਰੀ ਸੁਰੱਖਿਆ ਦੇਣ ਦੇ ਨਾਲ-ਨਾਲ ਉਸ ਸਮੇਂ ਦੇ ਥਾਣਾ ਮੁਖੀ ਤਪਾ ਸੰਜੀਵ ਸਿੰਗਲਾ ਨੂੰ ਤਪਾ ਅਤੇ ਉਸਦੇ ਆਲੇ-ਦੁਆਲੇ ਕਿਸੇ ਥਾਣੇ ਵਿਚ ਪ੍ਰਮੁੱਖ ਡਿਊੁਟੀ ਨਾ ਦੇਣ ਸਬੰਧੀ ਨਿਰਦੇਸ਼ ਦਿੱਤੇ ਹਨ।
ਕਤਲ ਹੋਏ ਵਿਅਕਤੀ ਰੇਸ਼ਮ ਸਿੰਘ ਦੀ ਪਤਨੀ ਰਮਨਦੀਪ ਕੌਰ ਨੇ ਆਪਣੇ ਵਕੀਲ ਰਾਹੀਂ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਬੇਨਤੀ ਕੀਤੀ ਸੀ ਕਿ ਉਸਦੇ ਪਤੀ ਦੇ ਕਤਲ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਜਾਂ ਕਿਸੇ ਰਾਜ ਦੀ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ । ਪਟੀਸ਼ਨ ਰਾਹੀਂ ਦੱਸਿਆ ਗਿਆ ਸੀ ਕਿ ਰਮਨਦੀਪ ਕੌਰ ਦਾ ਪਰਿਵਾਰ ਇਸ ਗੱਲ 'ਤੇ ਨਾਰਾਜ਼ ਸੀ ਕਿ ਉਸਨੇ ਪਿੰਡ ਵਿਚ ਗੁਆਂਢ ਵਿਚ ਹੀ ਰਹਿੰਦੇ ਰੇਸ਼ਮ ਸਿੰਘ ਨਾਲ ਫਰਵਰੀ 2011 ਵਿਚ ਵਿਆਹ ਕਰਵਾ ਲਿਆ। ਉਸ ਸਮੇਂ ਹਾਈ ਕੋਰਟ ਨੇ ਇਸ ਜੋੜੇ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਫਰਮਾਏ ਸਨ ਪਰ ਫਿਰ ਵੀ ਦਸੰਬਰ 2012 ਵਿਚ ਰੇਸ਼ਮ ਸਿੰਘ 'ਤੇ ਇਕ ਵੱਡਾ ਹਮਲਾ ਹੋ ਗਿਆ। ਹਮਲਾ ਹੋਣ ਤੋਂ ਬਾਅਦ ਰੇਸ਼ਮ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਨੂੰ ਹਥਿਆਰ ਦਾ ਲਾਇਸੈਂਸ ਦੇਣ ਦੀ ਬੇਨਤੀ ਕੀਤੀ, ਜਿਸਨੂੰ ਤੁਰੰਤ ਸਵਿਕਾਰ ਕਰਦੇ ਹੋਏ ਰੇਸ਼ਮ ਸਿੰਘ ਨੂੰ ਹਥਿਆਰ ਦਾ ਲਾਇਸੈਂਸ ਮਿਲ ਗਿਆ ਅਤੇ ਉਸਨੇ ਹਥਿਆਰ ਖਰੀਦ ਲਿਆ ।
ਉਸ ਸਮੇਂ ਥਾਣਾ ਤਪਾ ਦੇ ਮੁੱਖ ਅਫਸਰ ਸੰਜੀਵ ਸਿੰਗਲਾ ਨੇ ਅਪ੍ਰੈਲ 2013 ਵਿਚ ਰੇਸ਼ਮ ਸਿੰਘ ਦਾ ਲਾਇਸੈਂਸ ਅਤੇ ਹਥਿਆਰ ਤਪਾ ਥਾਣਾ ਵਿਖੇ ਜਮ੍ਹਾ ਕਰਵਾ ਲਏ ਅਤੇ ਉਸਤਂੋ ਬਾਅਦ ਰੇਸ਼ਮ ਸਿੰਘ ਦਾ ਕਤਲ ਹੋ ਗਿਆ । ਰੇਸ਼ਮ ਸਿੰਘ ਦੀ ਪਤਨੀ ਨੇ ਗੁਹਾਰ ਲਾਈ ਕਿ ਜੇਕਰ ਉਸਦੇ ਪਤੀ ਕੋਲ ਹਥਿਆਰ ਹੁੰਦਾ ਤਾਂ ਸ਼ਾਇਦ ਉਸਦੀ ਜਾਨ ਬਚ ਜਾਂਦੀ ਅਤੇ ਹਥਿਆਰ ਜਮ੍ਹਾ ਕਰਵਾਉਣ ਦੇ ਮਾਮਲੇ 'ਤੇ ਇੰਸਪੈਕਟਰ ਸੰਜੀਵ ਸਿੰਗਲਾ ਓਨਾ ਹੀ ਦੋਸ਼ੀ ਹੈ, ਜਿੰਨਾ ਉਸਨੂੰ ਕਤਲ ਕਰਨ ਵਾਲੇ। ਇਸ 'ਤੇ ਹਾਈ ਕੋਰਟ ਦੇ ਜੱਜ ਮਾਣਯੋਗ ਕੁਲਦੀਪ ਸਿੰਘ ਨੇ ਕਿਹਾ ਹਥਿਆਰ ਇਸ ਕਰ ਕੇ ਜਮ੍ਹਾ ਕਰਵਾਇਆ ਗਿਆ ਸੀ ਕਿ ਪੰਜਾਬ ਵਿਚ ਚੋਣਾਂ ਸਨ। ਜੱਜ ਨੇ ਅੱਗੇ ਆਪਣੇ ਹੁਕਮ ਵਿਚ ਕਿਹਾ ਕਿ ਮਾਮਲੇ ਵਿਚ ਚਲਾਨ ਪੇਸ਼ ਹੋ ਚੁੱਕਾ ਹੈ ਅਤੇ ਦੋਸ਼ੀ ਜੇਲ ਵਿਚ ਹਨ। ਇਸ ਕਰ ਕੇ ਪਟੀਸ਼ਨਕਰਤਾ ਇਹ ਸਾਬਤ ਕਰਨ ਵਿਚ ਜਾਂ ਕੋਈ ਰਿਕਾਰਡ ਪੇਸ਼ ਕਰਨ ਵਿਚ ਅਸਫਲ ਰਹੇ ਹਨ। ਇਸ ਮਾਮਲੇ ਦੀ ਜਾਂਚ ਕਿਸੇ ਹੋਰ ਏਜੰਸੀ ਨੂੰ ਦਿੱਤੀ ਜਾਵੇ।
ਆਪਣੇ ਆਦੇਸ਼ ਵਿਚ ਮਾਣਯੋਗ ਜੱਜ ਕੁਲਦੀਪ ਸਿੰਘ ਨੇ ਹੁਕਮ ਫਰਮਾਇਆ ਕਿ ਇੰਸਪੈਕਟਰ ਸੰਜੀਵ ਸਿੰਗਲਾ ਨੂੰ ਤਪਾ ਜਾਂ ਇਸਦੇ ਆਲੇ-ਦੁਆਲੇ ਕਿਸੇ ਵੀ ਥਾਣੇ ਵਿਚ ਐਕਟਿਵ ਡਿਊਟੀ 'ਤੇ ਨਾ ਲਾਇਆ ਜਾਵੇ ਤਾਂ ਜੋ ਇਹ ਗਵਾਹ ਨੂੰ ਪ੍ਰਭਾਵਿਤ ਨਾ ਕਰ ਸਕੇ । ਦੂਜੇ ਆਦੇਸ਼ ਵਿਚ ਉਨ੍ਹਾਂ ਐੱਸ.ਐੱਸ.ਪੀ ਬਰਨਾਲਾ ਨੂੰ ਹੁਕਮ ਫਰਮਾਏ ਕਿ ਇਸ ਮਾਮਲੇ ਦੀ ਸੁਣਵਾਈ ਜੋ ਬਰਨਾਲਾ ਸੈਸ਼ਨ ਕੋਰਟ ਵਿਚ ਚੱਲ ਰਹੀ ਹੈ, ਉਸ ਦੌਰਾਨ ਰਮਨਦੀਪ ਕੌਰ, ਰੇਸ਼ਮ ਦੇ ਪਰਿਵਾਰ ਅਤੇ ਹਰੇਕ ਗਵਾਹ ਨੂੰ ਸਰਕਾਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ ।
