ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸੰਕਟ ਸਮੇਂ ਮੁੱਖ ਮੰਤਰੀ ਫੰਡ ਲਈ ਦਿੱਤਾ ਸਹਿਯੋਗ
Tuesday, Mar 31, 2020 - 12:26 PM (IST)
ਲੁਧਿਆਣਾ (ਸਰਬਜੀਤ ਸਿੱਧੂ) : ਅੱਜ ਦੁਨੀਆ ਕੋਰੋਨਾ ਵਾਇਰਸ-19 ਦੀ ਮਹਾਮਾਰੀ ਦੇ ਬਹੁਤ ਗੰਭੀਰ ਸੰਕਟ 'ਚੋਂ ਲੰਘ ਰਹੀ ਹੈ। ਇਸ ਸਬੰਧ 'ਚ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੀਆਂ ਹਨ ਅਤੇ ਜ਼ਿੰਦਗੀ ਨੂੰ ਚੱਲਦੇ ਰੱਖਣ ਲਈ ਲੋੜੀਂਦੀਆਂ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਯਤਨਸ਼ੀਲ ਹਨ। ਇਸ ਵਡੇਰੇ ਕਾਰਜ ਲਈ ਵੱਡੀ ਪੱਧਰ ’ਤੇ ਫੰਡਾਂ ਦੀ ਲੋੜ ਹੈ। ਸਮਾਜ ਦੇ ਸਾਰੇ ਵਰਗਾਂ ਦਾ ਸਹਿਯੋਗ ਇਸ ਕਾਰਜ ਲਈ ਲਾਜ਼ਮੀ ਹੈ। ਇਸ ਸਬੰਧ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ-ਕੁਲਪਤੀ ਨੇ ਸਮੂਹ ਅਧਿਆਪਕਾਂ, ਕਰਮਚਾਰੀਆਂ ਅਤੇ ਪੈਨਸ਼ਨਰਜ਼ ਨੂੰ ਨੇਕ ਕਾਰਜ ਲਈ ਇਸ ਘੜੀ 'ਚ ਖੁੱਲ੍ਹ ਕੇ ਸਹਿਯੋਗ ਦੀ ਅਪੀਲ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਮਲੇ ਨੇ ਮੁੱਖ ਮੰਤਰੀ ਰਾਹਤ ਫੰਡ 'ਚ ਸਹਿਯੋਗ ਲਈ ਸ਼ਲਾਘਾਯੋਗ ਹੁੰਗਾਰਾ ਭਰਿਆ ਹੈ।
ਇਸ ਸਬੰਧੀ ਪੀ. ਏ. ਯੂ. ਟੀਚਰਜ਼ ਐਸੋਸੀਏਸ਼ਨ, ਨਾਨ ਟੀਚਿੰਗ ਇੰਪਲਾਈਜ਼ ਯੂਨੀਅਨ, ਯੂਨਾਈਟਿਡ ਇੰਪਲਾਈਜ਼ ਫਰੰਟ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਵੀ ਅੱਗੋਂ ਆਪਣੇ ਮੈਂਬਰਾਂ ਨੂੰ ਫੰਡ ਲਈ ਸਹਿਯੋਗ ਦੀ ਅਪੀਲ ਕੀਤੀ ਗਈ। ਇਸ ਦੇ ਸਿੱਟੇ ਵਜੋਂ ਅਧਿਆਪਕ ਜਥੇਬੰਦੀ ਵੱਲੋਂ 51 ਹਜ਼ਾਰ ਰੁਪਏ, ਗੈਰ ਅਧਿਆਪਨ ਜਥੇਬੰਦੀ ਵੱਲੋਂ 34 ਹਜ਼ਾਰ ਰੁਪਏ, ਪੈਨਸ਼ਨਰਜ਼ ਭਲਾਈ ਐਸੋਸੀਏਸ਼ਨ ਵੱਲੋਂ 51 ਹਜ਼ਾਰ ਅਤੇ ਯੂਨਾਈਟਿਡ ਇੰਪਲਾਈਜ਼ ਫਰੰਟ ਵਲੋਂ 1 ਲੱਖ ਰੁਪਏ ਇਸ ਕਾਰਜ ਲਈ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਰਮਚਾਰੀ ਆਪਣੇ ਪੱਧਰ ’ਤੇ ਕੈਂਪਸ 'ਚ ਉਸਾਰੀ ਨਾਲ ਜੁੜੇ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਲੋੜਵੰਦਾਂ ਲਈ ਰੋਜ਼ਾਨਾ ਵਸਤਾਂ ਦੇ ਰੂਪ 'ਚ ਵੀ ਸਹਿਯੋਗ ਕਰ ਰਹੇ ਹਨ। ਉੱਪ- ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸਾਰੇ ਅਧਿਕਾਰੀ ਆਪਣੀ ਮਾਸਿਕ ਤਨਖਾਹ ਦਾ ਚੌਥਾ ਹਿੱਸਾ ਸਹਿਯੋਗ ਹਿੱਤ ਦੇਣਗੇ। ਉਨ੍ਹਾਂ ਕਿਹਾ ਕਿ ਹਰ ਔਖੀ ਘੜੀ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਮੇਸ਼ਾ ਵਾਂਗ ਆਪਣੇ ਦੇਸ਼ ਵਾਸੀਆਂ ਅਤੇ ਪੰਜਾਬ ਰਾਜ ਨਾਲ ਖੜ੍ਹੀ ਹੈ। ਉਨ੍ਹਾਂ ਨੇ ਸਾਰੇ ਅਧਿਆਪਨ-ਗ਼ੈਰ ਅਧਿਆਪਨ ਅਮਲੇ ਅਤੇ ਪੈਨਸ਼ਨਰਾਂ ਵਲੋਂ ਇਸ ਸੰਕਟ ਦੀ ਘੜੀ 'ਚ ਸਹਿਯੋਗ ਲਈ ਤਸੱਲੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਰਾਹਤ ਫੰਡ ਲਈ ਹੋਰ ਸਹਿਯੋਗ ਦੀ ਅਪੀਲ ਵੀ ਕੀਤੀ।